ਲਾਲੂ ਨਾਲ ਮੁਲਾਕਾਤ ਦੇ ਸਵਾਲ ’ਤੇ ਭੜਕੇ ਰਾਜਪਾਲ ਆਰਿਫ ਮੁਹੰਮਦ ਖਾਨ

Thursday, Jan 02, 2025 - 08:26 PM (IST)

ਲਾਲੂ ਨਾਲ ਮੁਲਾਕਾਤ ਦੇ ਸਵਾਲ ’ਤੇ ਭੜਕੇ ਰਾਜਪਾਲ ਆਰਿਫ ਮੁਹੰਮਦ ਖਾਨ

ਪਟਨਾ, (ਭਾਸ਼ਾ)- ਬਿਹਾਰ ਦੇ ਰਾਜਪਾਲ ਆਰਿਫ ਮੁਹੰਮਦ ਖਾਨ ਨੇ ਵੀਰਵਾਰ ਨੂੰ ਮੀਡੀਆ ਦੇ ਇਕ ਵਰਗ ਵਿਚ ਰਾਸ਼ਟਰੀ ਜਨਤਾ ਦਲ (ਰਾਜਦ) ਦੇ ਪ੍ਰਧਾਨ ਲਾਲੂ ਪ੍ਰਸਾਦ ਨਾਲ ਮੁਲਾਕਾਤ ਬਾਰੇ ਉਠਾਏ ਜਾ ਰਹੇ ਸਵਾਲਾਂ ਉੱਤੇ ਨਾਰਾਜ਼ਗੀ ਪ੍ਰਗਟਾਈ। ਪਟਨਾ ਹਾਈ ਕੋਰਟ ਦੇ ਚੀਫ ਜਸਟਿਸ ਕੇ. ਵਿਨੋਦ ਚੰਦਰਨ ਵੱਲੋਂ ਬਿਹਾਰ ਦੇ ਰਾਜਪਾਲ ਵਜੋਂ ਸਹੁੰ ਚੁਕਾਉਣ ਤੋਂ ਤੁਰੰਤ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਆਰਿਫ਼ ਮੁਹੰਮਦ ਖ਼ਾਨ ਨੇ ਆਪਣੀ ਨਿਰਾਸ਼ਾ ਜ਼ਾਹਿਰ ਕੀਤੀ।

ਖਾਨ ਨੇ ਪੱਤਰਕਾਰਾਂ ਨੂੰ ਕਿਹਾ, “ਤੁਸੀਂ ਮੈਨੂੰ ਇਕ ਗੱਲ ਦੱਸੋ। ਜੇਕਰ ਤੁਸੀਂ ਕਿਤੇ ਜਾਂਦੇ ਹੋ ਅਤੇ ਉਥੇ ਤੁਹਾਡੇ ਪੁਰਾਣੇ ਜਾਣਕਾਰ ਹੋਣ, ਤਾਂ ਕੀ ਤੁਸੀਂ ਉਨ੍ਹਾਂ ਨੂੰ ਮਿਲਣਾ ਨਹੀਂ ਚਾਹੋਗੇ? ਇਸੇ ਤਰ੍ਹਾਂ, ਕੀ ਮੈਂ ਉਨ੍ਹਾਂ ਲੋਕਾਂ ਨਾਲ ਕੁਝ ਸਮਾਂ ਬਿਤਾਉਣਾ ਨਹੀਂ ਚਾਹਾਂਗਾ ਜਿਨ੍ਹਾਂ ਨੂੰ ਮੈਂ 1975 ਤੋਂ ਜਾਣਦਾ ਹਾਂ? ਮੈਂ ਹੈਰਾਨ ਹਾਂ ਕਿ ਇਸ ਵਿਚ ਕੀ ਸ਼ੱਕੀ ਹੈ।'' ਉਨ੍ਹਾਂ ਨੇ ਮੀਡੀਆ ਨੂੰ ‘ਸਾਰੀਆਂ ਚੀਜ਼ਾਂ ਨੂੰ ਸਿਆਸਤ ਦੀ ਐਨਕ ਨਾਲ ਨਾ ਦੇਖਣ’ ਦੀ ਅਪੀਲ ਕਰਦੇ ਹੋਏ ਕਿਹਾ ਕਿ ਉਹ ਬਿਹਾਰ ਵਿਚ ਇਕ ਸ਼ਾਨਦਾਰ ਕਾਰਜਕਾਲ ਦੀ ਆਸ ਰੱਖਦੇ ਹਨ, ਜਿੱਥੇ ਉਹ ਇਕ ‘ਸੇਵਕ’ ਵਜੋਂ ਆਏ ਹਨ।


author

Rakesh

Content Editor

Related News