ਕੋਰੋਨਾ ਮ੍ਰਿਤਕਾਂ ਦੀ ਸਹੀ ਗਿਣਤੀ ਨਹੀਂ ਦੱਸ ਰਹੀ ਸਰਕਾਰ : ਰਾਹੁਲ ਗਾਂਧੀ
Wednesday, Jun 02, 2021 - 06:33 PM (IST)
ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਪਾਰਟੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕੋਰੋਨਾ ਟੀਕੇ ਦੀ ਭਾਰੀ ਕਮੀ ਨੂੰ ਲੈ ਕੇ ਮੋਦੀ ਸਰਕਾਰ 'ਤੇ ਹਮਲਾ ਬੋਲਿਆ ਹੈ। ਰਾਹੁਲ ਨੇ ਕਿਹਾ ਕਿ ਸਰਕਾਰ ਕੋਰੋਨਾ ਨਾਲ ਮਰਨ ਵਾਲੇ ਲੋਕਾਂ ਦਾ ਸਹੀ ਅੰਕੜਾ ਨਹੀਂ ਦੇ ਰਹੀ ਹੈ। ਰਾਹੁਲ ਨੇ ਟਵੀਟ ਕੀਤਾ,''ਭਾਰਤ ਸਰਕਾਰ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੇ ਅਸਲ ਅੰਕੜੇ ਲੁਕਾ ਰਹੀ ਹੈ।'' ਇਸ ਤੋਂ ਪਹਿਲਾਂ ਉਨ੍ਹਾਂ ਨੇ ਟੀਕੇ ਦੀ ਘਾਟ ਨੂੰ ਲੈ ਕੇ ਸਰਕਾਰ 'ਤੇ ਨਿਸ਼ਾਨਾ ਸਾਧਿਆ ਅਤੇ ਕਿਹਾ,''ਕੋਰੋਨਾ ਮਹਾਮਾਰੀ ਵਿਰੁੱਧ ਸਭ ਤੋਂ ਮਜ਼ਬੂਤ ਸੁਰੱਖਿਆ ਕਵਚ ਸਿਰਫ਼ ਵੈਕਸੀਨ ਹੈ। ਦੇਸ਼ ਦੇ ਜਨ-ਜਨ ਤੱਕ ਮੁਫ਼ਤ ਟੀਕਾਕਰਨ ਪਹੁੰਚਾਉਣ ਲਈ ਤੁਸੀਂ ਵੀ ਆਵਾਜ਼ ਉਠਾਓ- ਕੇਂਦਰ ਸਰਕਾਰ ਨੂੰ ਜਗਾਓ।''
ਪ੍ਰਿਯੰਕਾ ਗਾਂਧੀ ਨੇ ਫੇਸਬੁੱਕ ਪੋਸਟ 'ਚ ਕਿਹਾ,''ਅੱਜ ਦੇਸ਼ 'ਚ ਹਰ ਦਿਨ ਔਸਤਨ 19 ਲੱਖ ਲੋਕਾਂ ਨੂੰ ਵੈਕਸੀਨ ਲੱਗ ਰਹੀ ਹੈ। ਕੇਂਦਰ ਸਰਕਾਰ ਦੀ ਢਿੱਲੀ ਵੈਕਸੀਨ ਨੀਤੀ ਨੇ ਟੀਕੇ ਵੰਡ ਨੂੰ ਅੱਧ 'ਚ ਲਿਆ ਕੇ ਛੱਡ ਦਿੱਤਾ ਹੈ।'' ਉਨ੍ਹਾਂ ਕਿਹਾ,''ਭਾਰਤ ਦੇ ਲੋਕਾਂ ਨੇ ਉਮੀਦ ਕੀਤੀ ਸੀ ਕਿ ਸਾਰਿਆਂ ਲਈ ਮੁਫ਼ਤ ਵੈਕਸੀਨ ਦੀ ਨੀਤੀ ਬਣੇਗੀ ਪਰ ਕੇਂਦਰ ਸਰਕਾਰ ਨੇ ਦਿੱਤਾ ਕੀ। ਵੈਕਸੀਨ ਕੇਂਦਰਾਂ 'ਤੇ ਤਾਲੇ, ਇਕ ਦੇਸ਼, ਵੈਕਸੀਨ ਦੀਆਂ ਤਿੰਨ ਕੀਮਤਾਂ, ਹੁਣ ਤੱਕ ਸਿਰਫ਼ 3.4 ਫੀਸਦੀ ਜਨਸੰਖਿਆ ਦਾ ਫੁੱਲ ਵੈਕਸੀਨੇਸ਼ਨ, ਜ਼ਿੰਮੇਵਾਰੀ ਤਿਆਗ ਦਾ ਭਾਰ ਸੂਬਿਆਂ 'ਤੇ ਪਾਉਣਾ, ਦਿਸ਼ਾਹੀਣ ਵੈਕਸੀਨ ਨੀਤੀ।''