ਮੇਰੇ ਜੀਜੇ ਨੂੰ 10 ਸਾਲਾਂ ਤੋਂ ਪ੍ਰੇਸ਼ਾਨ ਕਰ ਰਹੀ ਸਰਕਾਰ : ਰਾਹੁਲ ਗਾਂਧੀ

Friday, Jul 18, 2025 - 09:00 PM (IST)

ਮੇਰੇ ਜੀਜੇ ਨੂੰ 10 ਸਾਲਾਂ ਤੋਂ ਪ੍ਰੇਸ਼ਾਨ ਕਰ ਰਹੀ ਸਰਕਾਰ : ਰਾਹੁਲ ਗਾਂਧੀ

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵੱਲੋਂ ਹਰਿਆਣਾ ਦੇ ਸ਼ਿਕੋਹਪੁਰ ’ਚ ਇਕ ਜ਼ਮੀਨੀ ਸੌਦੇ ਨਾਲ ਜੁਡ਼ੇ ਮਨੀ ਲਾਂਡਰਿੰਗ ਦੇ ਮਾਮਲੇ ’ਚ ਰਾਬਰਟ ਵਢੇਰਾ ਦੇ ਖਿਲਾਫ ਦੋਸ਼-ਪੱਤਰ ਦਾਖਲ ਕੀਤੇ ਜਾਣ ਤੋਂ ਬਾਅਦ ਸ਼ੁੱਕਰਵਾਰ ਨੂੰ ਉਨ੍ਹਾਂ ਦਾ ਖੁੱਲ੍ਹ ਕੇ ਬਚਾਅ ਕੀਤਾ ਅਤੇ ਕਿਹਾ ਕਿ ਦੁਰਭਾਵਨਾਪੂਰਨ ਅਤੇ ਰਾਜਨੀਤੀ ਤੋਂ ਪ੍ਰੇਰਿਤ ਕਾਰਵਾਈ ਹੋ ਰਹੀ ਹੈ ਪਰ ਉਹ ਆਪਣੇ ਜੀਜੇ ਅਤੇ ਉਨ੍ਹਾਂ ਦੇ ਪਰਿਵਾਰ ਦੇ ਨਾਲ ਖੜ੍ਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਆਖ਼ਿਰਕਾਰ ਸੱਚ ਦੀ ਜਿੱਤ ਹੋਵੇਗੀ।

ਰਾਹੁਲ ਗਾਂਧੀ ਨੇ ‘ਐਕਸ’ ’ਤੇ ਪੋਸਟ ਕੀਤਾ, “ਮੇਰੇ ਜੀਜੇ ਨੂੰ ਪਿਛਲੇ 10 ਸਾਲਾਂ ਤੋਂ ਇਸ ਸਰਕਾਰ ਵੱਲੋਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਹ ਨਵਾਂ ਦੋਸ਼-ਪੱਤਰ ਉਸੇ ਦੀ ਅਗਲੀ ਕੜੀ ਹੈ। ਮੈਂ ਰਾਬਰਟ, ਪ੍ਰਿਅੰਕਾ ਅਤੇ ਉਨ੍ਹਾਂ ਦੇ ਬੱਚਿਆਂ ਦੇ ਨਾਲ ਖਡ਼੍ਹਾ ਹਾਂ, ਕਿਉਂਕਿ ਉਹ ਦੁਰਭਾਵਨਾਪੂਰਨ, ਰਾਜਨੀਤੀ ਤੋਂ ਪ੍ਰੇਰਿਤ ਬਦਨਾਮੀ ਅਤੇ ਸ਼ੋਸ਼ਣ ਦੇ ਇਕ ਹੋਰ ਹਮਲੇ ਦਾ ਸਾਹਮਣਾ ਕਰ ਰਹੇ ਹਨ।”

ਉਨ੍ਹਾਂ ਕਿਹਾ, “ਮੈਂ ਜਾਣਦਾ ਹਾਂ ਕਿ ਉਹ ਸਾਰੇ ਕਿਸੇ ਵੀ ਤਰ੍ਹਾਂ ਦੇ ਸ਼ੋਸ਼ਣ ਦਾ ਸਾਹਮਣਾ ਕਰਨ ਦਾ ਸਾਹਸ ਰੱਖਦੇ ਹਨ ਅਤੇ ਉਹ ਸਨਮਾਨ ਦੇ ਨਾਲ ਅਜਿਹਾ ਕਰਨਾ ਜਾਰੀ ਰੱਖਣਗੇ।” ਰਾਹੁਲ ਗਾਂਧੀ ਨੇ ਕਿਹਾ ਕਿ ਆਖ਼ਿਰਕਾਰ ਸੱਚ ਦੀ ਜਿੱਤ ਹੋਵੇਗੀ। ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਅਸ਼ੋਕ ਗਹਿਲੋਤ ਨੇ ਕਿਹਾ ਕਿ ਪੂਰੀ ਪਾਰਟੀ ਗਾਂਧੀ ਪਰਿਵਾਰ ਦੇ ਨਾਲ ਖੜ੍ਹੀ ਹੈ।


author

Hardeep Kumar

Content Editor

Related News