ਕੇਂਦਰ ਸਰਕਾਰ ਦਾ ਵੱਡਾ ਐਕਸ਼ਨ, ਲਸ਼ਕਰ ਦੇ ਮੈਂਬਰ ਮੁਹੰਮਦ ਕਾਸਿਮ ਗੁੱਜਰ ਨੂੰ ਐਲਾਨਿਆ ਅੱਤਵਾਦੀ
Thursday, Mar 07, 2024 - 07:10 PM (IST)
ਨਵੀਂ ਦਿੱਲੀ (ਭਾਸ਼ਾ)- ਕੇਂਦਰ ਸਰਕਾਰ ਨੇ ਵੀਰਵਾਰ ਨੂੰ ਕਈ ਅੱਤਵਾਦੀ ਹਮਲਿਆਂ ਦੇ ਮਾਸਟਰਮਾਈਂਡ ਲਸ਼ਕਰ-ਏ-ਤੋਇਬਾ (ਐੱਲ.ਈ.ਟੀ.) ਦੇ ਮੈਂਬਰ ਮੁਹੰਮਦ ਕਾਸਿਮ ਗੁੱਜਰ ਨੂੰ ਅੱਤਵਾਦੀ ਐਲਾਨ ਕਰ ਦਿੱਤਾ ਹੈ। ਸਰਕਾਰ ਦੇ ਫ਼ੈਸਲੇ ਦਾ ਐਲਾਨ ਕਰਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਲਸ਼ਕਰ-ਏ-ਤੋਇਬਾ ਦਾ ਅੱਤਵਾਦੀ ਗੁੱਜਰ ਕਈ ਅੱਤਵਾਦੀ ਹਮਲਿਆਂ ਅਤੇ ਭਾਰਤ ਖ਼ਿਲਾਫ਼ ਜੰਗ ਦੀ ਸਾਜ਼ਿਸ਼ ਰਚਣ 'ਚ ਸ਼ਾਮਲ ਰਿਹਾ ਹੈ। ਸ਼ਾਹ ਨੇ 'ਐਕਸ' 'ਤੇ ਪੋਸਟ ਕੀਤਾ,''ਦੇਸ਼ ਦੀ ਏਕਤਾ ਅਤੇ ਅਖੰਡਤਾ ਖ਼ਿਲਾਫ਼ ਗਤੀਵਿਧੀਆਂ 'ਚ ਸ਼ਾਮਲ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ।'' ਇਕ ਅਧਿਕਾਰਤ ਨੋਟੀਫਿਕੇਸ਼ਨ ਅਨੁਸਾਰ ਦੇਸ਼ ਖ਼ਿਲਾਫ਼ ਜੰਗ ਛੇੜਨ ਦੇ ਇਰਾਦੇ ਨਾਲ ਗੁੱਜਰ ਉਰਫ਼ ਸਲਮਾਨ ਉਰਫ਼ ਸੁਲੇਮਾਨ ਕਈ ਤਰ੍ਹਾਂ ਦੀਆਂ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ 'ਚ ਸ਼ਾਮਲ ਰਿਹਾ ਹੈ, ਜਿਸ 'ਚ ਸਰਹੱਦ ਪਾਰ ਤੋਂ ਹਥਿਆਰ, ਗੋਲਾ-ਬਾਰੂਦ, ਵਿਸਫ਼ੋਟਕ ਉਪਕਰਣ ਅਤੇ ਨਕਦੀ ਸੁੱਟਣ ਲਈ ਡਰੋਨ ਦੀ ਵਰਤੋਂ, ਸਪਲਾਈ, ਸਥਾਨਾਂ ਦੀ ਪਛਾਣ ਕਰਨਾ ਸ਼ਾਮਲ ਹੈ।
ਨੋਟੀਫਿਕੇਸ਼ਨ 'ਚ ਕਿਹਾ ਗਿਆ ਹੈ ਕਿ ਉਹ ਸੋਸ਼ਲ ਮੀਡੀਆ ਅਤੇ ਹੋਰ ਆਨਲਾਈਨ ਸੰਚਾਰ ਐਪਲੀਕੇਸ਼ਨਾਂ ਸਮੇਤ ਵੱਖ-ਵੱਖ ਮਾਧਿਅਮਾਂ ਰਾਹੀਂ ਭਰਤੀ, ਕੱਟੜਪੰਥ ਦੇ ਮਾਧਿਅਮ ਨਾਲ ਨਵੇਂ ਅੱਤਵਾਦੀ ਮਾਡਿਊਲ ਬਣਾਉਣ 'ਚ ਵੀ ਸ਼ਾਮਲ ਰਿਹਾ ਹੈ। ਗ੍ਰਹਿ ਮੰਤਰਾਲਾ ਨੇ ਕਿਹਾ ਕਿ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ, 1967 ਨੂੰ ਵਿਅਕਤੀਆਂ ਅਤੇ ਸੰਗਠਨਾਂ ਦੀਆਂ ਗੈਰ-ਕਾਨੂੰਨੀ ਗਤੀਵਿਧੀਆਂ ਦੀ ਰੋਕਥਾਮ, ਅੱਤਵਾਦੀ ਗਤੀਵਿਧੀਆਂ ਨਾਲ ਨਜਿੱਠਣ ਅਤੇ ਉਨ੍ਹਾਂ ਨਾਲ ਜੁੜੇ ਮਾਮਲਿਆਂ ਲਈ ਅਧਿਨਿਯਮਿਤ ਕੀਤਾ ਗਿਆ ਹੈ। ਨੋਟੀਫਿਕੇਸ਼ਨ 'ਚ ਕੇਂਦਰ ਸਰਕਾਰ ਨੇ ਕਿਹਾ ਕਿ ਗੁੱਜਰ (32) ਪਾਬੰਦੀਸ਼ੁਦਾ ਸੰਗਠਨ ਲਸ਼ਕਰ-ਏ-ਤੋਇਬਾ ਨਾਲ ਜੁੜਿਆ ਹੈ। ਗੁੱਜਰ ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਅਤੇ ਮੌਜੂਦਾ ਸਮੇਂ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਚ ਰਹਿ ਰਿਹਾ ਹੈ। ਨੋਟੀਫਿਕੇਸ਼ਨ 'ਚ ਕਿਹਾ ਗਿਆ ਕਿ ਉਹ ਵੱਖ-ਵੱਖ ਅੱਤਵਾਦੀ ਹਮਲਿਆਂ ਅਤੇ ਬੰਬ ਧਮਾਕਿਆਂ 'ਚ ਸ਼ਾਮਲ ਰਿਹਾ ਹੈ ਅਤੇ ਇਨ੍ਹਾਂ ਅੱਤਵਾਦੀ ਘਟਨਾਵਾਂ 'ਚ ਕਈ ਲੋਕਾਂ ਦੀ ਮੌਤ ਅਤੇ ਜ਼ਖ਼ਮੀ ਹੋਣ ਲਈ ਜ਼ਿੰਮੇਵਾਰ ਹੈ। ਇਸ ਕਾਰਨ ਗੁੱਜਰ ਨੂੰ ਅੱਤਵਾਦੀ ਐਲਾਨ ਕਰਨ ਦਾ ਫ਼ੈਸਲਾ ਲਿਆ ਗਿਆ। ਉਹ ਅੱਤਵਾਦ ਵਿਰੋਧੀ ਕਾਨੂੰਨ ਯੂ.ਏ.ਪੀ.ਏ. ਦੇ ਅਧੀਨ ਅੱਤਵਾਦੀ ਐਲਾਨ ਕੀਤੇ ਜਾਣ ਵਾਲਾ 57ਵਾਂ ਵਿਅਕਤੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e