ਵਪਾਰੀਆਂ ਲਈ Good News ! ਮੁੜ ਸ਼ੁਰੂ ਹੋਣ ਜਾ ਰਿਹਾ ਸ਼ਿਪਕੀ ਲਾ ਪਾਸ

Sunday, Mar 22, 2026 - 04:37 PM (IST)

ਵਪਾਰੀਆਂ ਲਈ Good News ! ਮੁੜ ਸ਼ੁਰੂ ਹੋਣ ਜਾ ਰਿਹਾ ਸ਼ਿਪਕੀ ਲਾ ਪਾਸ

ਨੈਸ਼ਨਲ ਡੈਸਕ- ਹਿਮਾਚਲ ਪ੍ਰਦੇਸ਼ ਦੇ ਕਬਾਇਲੀ ਵਿਕਾਸ ਅਤੇ ਮਾਲ ਮੰਤਰੀ ਜਗਤ ਸਿੰਘ ਨੇਗੀ ਨੇ ਐਤਵਾਰ ਨੂੰ ਇੱਕ ਵੱਡਾ ਐਲਾਨ ਕਰਦਿਆਂ ਦੱਸਿਆ ਕਿ ਕੋਵਿਡ ਮਹਾਮਾਰੀ ਕਾਰਨ 2020 ਤੋਂ ਬੰਦ ਪਿਆ ਭਾਰਤ-ਤਿੱਬਤ ਸਰਹੱਦੀ ਵਪਾਰ ਇਸ ਸਾਲ ਜੂਨ ਮਹੀਨੇ ਤੋਂ ਮੁੜ ਸ਼ੁਰੂ ਹੋਣ ਜਾ ਰਿਹਾ ਹੈ। ਕਿਨੌਰ ਸਰਹੱਦ 'ਤੇ ਸਥਿਤ ਸ਼ਿਪਕੀ ਲਾ ਪਾਸ ਰਾਹੀਂ ਹੋਣ ਵਾਲੇ ਇਸ ਵਪਾਰ ਦੇ ਸ਼ੁਰੂ ਹੋਣ ਨਾਲ ਸਥਾਨਕ ਆਰਥਿਕਤਾ ਨੂੰ ਵੱਡਾ ਹੁਲਾਰਾ ਮਿਲਣ ਦੀ ਉਮੀਦ ਹੈ।

ਮੰਤਰੀ ਨੇਗੀ ਨੇ ਦੱਸਿਆ ਕਿ ਮੌਸਮ ਵਿੱਚ ਸੁਧਾਰ ਹੁੰਦੇ ਹੀ ਜੂਨ ਵਿੱਚ ਵਪਾਰਕ ਗਤੀਵਿਧੀਆਂ ਸ਼ੁਰੂ ਹੋ ਜਾਣਗੀਆਂ। ਲੰਬੇ ਸਮੇਂ ਤੋਂ ਸਥਾਨਕ ਵਪਾਰੀ ਯੂਨੀਅਨਾਂ ਅਤੇ ਐਸੋਸੀਏਸ਼ਨਾਂ ਇਸ ਦੀ ਮੰਗ ਕਰ ਰਹੀਆਂ ਸਨ। ਪਹਿਲਾਂ ਸੁਰੱਖਿਆ ਕਾਰਨਾਂ ਅਤੇ ਹੋਰ ਪਾਬੰਦੀਆਂ ਕਾਰਨ ਸੈਲਾਨੀਆਂ ਅਤੇ ਵਪਾਰੀਆਂ ਦੀ ਪਹੁੰਚ ਸੀਮਤ ਸੀ। ਹੁਣ ਪਾਬੰਦੀਆਂ ਹਟਣ ਨਾਲ ਕਿਨੌਰ ਅਤੇ ਨੇੜਲੇ ਇਲਾਕਿਆਂ ਵਿੱਚ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ। ਨੇਗੀ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸ਼ਿਪਕੀ ਲਾ ਦੱਰੇ ਦੀ ਸੜਕ ਨੂੰ ਵਿਕਸਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਿਰਫ਼ 3 ਤੋਂ 4 ਕਿਲੋਮੀਟਰ ਦੀ ਕੁਨੈਕਟੀਵਿਟੀ ਬਣਾਉਣ ਨਾਲ ਕੈਲਾਸ਼-ਮਾਨਸਰੋਵਰ ਯਾਤਰਾ ਦਾ ਰਸਤਾ ਛੋਟਾ ਅਤੇ ਸੁਖਾਲਾ ਹੋ ਸਕਦਾ ਹੈ।

ਇਹ ਵੀ ਪੜ੍ਹੋ- ਖ਼ਤਮ ਹੋ ਜਾਵੇਗਾ ਡਾਲਰ ! ਅਮਰੀਕਾ ਦੇ 'ਗਲ਼ੇ ਦੀ ਹੱਡੀ' ਬਣ ਗਈ ਇਰਾਨ ਦੀ ਜੰਗ

ਜ਼ਿਕਰਯੋਗ ਹੈ ਕਿ ਤਿੱਬਤ ਅਤੇ ਬੁਸ਼ਹਿਰ ਦੇ ਰਾਜਾ ਕੇਹਰੀ ਸਿੰਘ ਵਿਚਕਾਰ ਇੱਕ ਸੰਧੀ ਹੋਈ ਸੀ, ਜਿਸ ਨੇ ਵਪਾਰਕ ਸਾਂਝੇਦਾਰੀ ਨੂੰ ਪੱਕਾ ਕੀਤਾ ਸੀ। ਪੁਰਾਣੀ ਹਿੰਦੁਸਤਾਨ-ਤਿੱਬਤ ਸੜਕ ਰਾਹੀਂ ਵਪਾਰ ਵਸਤੂਆਂ ਦੇ ਵਟਾਂਦਰੇ 'ਤੇ ਆਧਾਰਿਤ ਸੀ। ਤਿੱਬਤੀ ਵਪਾਰੀ ਉੱਨ, ਨਮਕ ਅਤੇ ਯਾਕ ਦੀਆਂ ਪੂਛਾਂ ਲਿਆਉਂਦੇ ਸਨ, ਜਦਕਿ ਭਾਰਤੀ ਵਪਾਰੀ ਤਾਂਬੇ ਦੇ ਭਾਂਡੇ, ਚਾਵਲ ਅਤੇ ਕੱਪੜੇ ਨਿਰਯਾਤ ਕਰਦੇ ਸਨ। ਇਹ ਵਪਾਰ ਲਿਖਤੀ ਇਕਰਾਰਨਾਮਿਆਂ ਦੀ ਬਜਾਏ 'ਗਮਗਿਆ' (ਆਪਸੀ ਵਿਸ਼ਵਾਸ ਦੀ ਰਵਾਇਤੀ ਸਹੁੰ) 'ਤੇ ਟਿਕਿਆ ਹੋਇਆ ਸੀ।

1962 'ਚ ਭਾਰਤ-ਚੀਨ ਵਿਚਾਲੇ ਜੰਗ ਕਾਰਨ ਇਸ ਰਸਤਿਓਂ ਵਪਾਰ ਪੂਰੀ ਤਰ੍ਹਾਂ ਬੰਦ ਹੋ ਗਿਆ ਸੀ ਤੇ ਇਹ 1994 'ਚ ਮੁੜ ਸ਼ੁਰੂ ਹੋਇਆ ਸੀ। 2020 'ਚ ਕੋਵਿਡ ਮਹਾਮਾਰੀ ਕਾਰਨ ਇਸ ਨੂੰ ਫਿਰ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ। ਸ਼ਿਪਕੀ ਲਾ ਦੱਰੇ ਦਾ ਖੁੱਲ੍ਹਣਾ ਨਾ ਸਿਰਫ਼ ਵਪਾਰਕ ਪੱਖੋਂ ਅਹਿਮ ਹੈ, ਸਗੋਂ ਇਹ ਹਿੰਦੂ, ਬੌਧ ਅਤੇ ਜੈਨ ਧਰਮ ਦੇ ਸ਼ਰਧਾਲੂਆਂ ਲਈ ਕੈਲਾਸ਼-ਮਾਨਸਰੋਵਰ ਯਾਤਰਾ ਲਈ ਇੱਕ ਨਵਾਂ ਅਤੇ ਸੁਵਿਧਾਜਨਕ ਰਸਤਾ ਵੀ ਸਾਬਤ ਹੋ ਸਕਦਾ ਹੈ।

ਇਹ ਵੀ ਪੜ੍ਹੋ- ਸਮੁੰਦਰ 'ਚ ਕ੍ਰੈਸ਼ ਹੋ ਗਿਆ ਕਤਰ ਫ਼ੌਜ ਦਾ ਹੈਲੀਕਾਪਟਰ ! ਕਿਸੇ ਦੀ ਨਹੀਂ ਲੱਗੀ ਕੋਈ ਉੱਘ-ਸੁੱਘ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News