ਮਾਤਾ ਵੈਸ਼ਣੋ ਦੇਵੀ ਆਉਣ ਵਾਲੇ ਸ਼ਰਧਾਲੂਆਂ ਲਈ ਚੰਗੀ ਖ਼ਬਰ, ਹੋਰ ਸੌਖਾਲੀ ਹੋਵੇਗੀ ਤੀਰਥ ਯਾਤਰਾ
Tuesday, Feb 21, 2023 - 12:40 PM (IST)
ਜੰਮੂ- ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨ ਲਈ ਆਉਣ ਵਾਲੇ ਸ਼ਰਧਾਲੂਆਂ ਲਈ ਚੰਗੀ ਖ਼ਬਰ ਹੈ। ਤਾਰਾਕੋਟ ਮਾਰਗ ਅਤੇ ਸਾਂਝੀ ਛੱਤ ਵਿਚਾਲੇ 2.4 ਕਿਲੋਮੀਟਰ ਲੰਬਾ ਰੋਪਵੇਅ ਤਿਆਰ ਕਰਨ ਦੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਹ ਪ੍ਰਾਜੈਕਟ 250 ਕਰੋੜ ਰੁਪਏ ਦਾ ਹੈ ਅਤੇ ਇਸ ਨੂੰ 3 ਸਾਲਾਂ 'ਚ ਪੂਰਾ ਕੀਤਾ ਜਾਵੇਗਾ। ਰੋਪਵੇਅ ਤੋਂ ਸ਼ਰਧਾਲੂ ਸਿਰਫ਼ 6 ਤੋਂ 7 ਮਿੰਟ 'ਚ ਤਾਰਾਕੋਟ ਤੋਂ ਸਾਂਝੀ ਛੱਤ ਪਹੁੰਚ ਜਾਣਗੇ। ਰੋਪਵੇਅ ਪ੍ਰਾਜੈਕਟ ਲਈ ਟੈਂਡਰ ਜਾਰੀ ਕਰਨ ਦੀ ਪ੍ਰਕਿਰਿਆ ਅੰਤਿਮ ਪੜਾਅ 'ਚ ਹੈ। ਇਹੀ ਨਹੀਂ, ਆਉਣ ਵਾਲੀ 22 ਮਾਰਚ ਤੋਂ ਸ਼ੁਰੂ ਹੋਣ ਵਾਲੇ ਪਵਿੱਤਰ ਚੈਤਰ ਨਰਾਤਿਆਂ ਤੋਂ ਪਹਿਲੇ ਭਵਨ 'ਤੇ ਨਿਰਮਾਣ ਅਧੀਨ 5 ਮੰਜ਼ਿਲਾ ਆਧੁਨਿਕ ਦੁਰਗਾ ਭਵਨ ਸ਼ਰਧਾਲੂਆਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ।
ਇਹ ਐਲਾਨ ਸੋਮਵਾਰ ਨੂੰ ਉੱਪ ਰਾਜਪਾਲ ਅਤੇ ਮਾਤਾ ਵੈਸ਼ਣੋ ਦੇਵੀ ਸ਼ਰਾਇਨ ਬੋਰਡ ਦੇ ਚੇਅਰਮੈਨ ਮਨੋਜ ਸਿਨਹਾ ਨੇ ਨਿਰਮਾਣ ਅਧੀਨ ਦੁਰਗਾ ਭਵਨ ਦੀ ਛੱਤ ਨਤੇ ਆਧੁਨਿਕ ਤ੍ਰਿਪਤੀ ਰੈਸਟੋਰੈਂਟ ਅਤੇ ਪ੍ਰਸਾਦ ਕੇਂਦਰ ਦਾ ਉਦਘਾਟਨ ਕਰਨ ਤੋਂ ਬਾਅਦ ਕੀਤੀ। ਇਸ ਮੌਕੇ ਉੱਪ ਰਾਜਪਾਲ ਨੇ ਕਿਹਾ ਕਿ ਸ਼ਰਧਾਲੂਆਂ ਦੀ ਸਹੂਲਤ ਲਈ ਰੋਪਵੇਅ ਪ੍ਰਾਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਨਾਲ ਬਜ਼ੁਰਗ ਅਤੇ ਦਿਵਿਆਂਗ ਸ਼ਰਧਾਲੂਆਂ ਲਈ ਤੀਰਥ ਯਾਤਰਾ ਸੌਖੀ ਹੋਵੇਗੀ। ਰੋਪਵੇਅ ਪ੍ਰਾਜੈਕਟ 'ਚ ਵਾਤਾਵਰਣ ਅਤੇ ਸਥਾਨਕ ਲੋਕਾਂ ਦੇ ਆਰਥਿਕ ਹਿੱਤਾਂ ਦਾ ਪੂਰਾ ਧਿਆਨ ਰੱਖਿਆ ਜਾਵੇਗਾ। ਉੱਪ ਰਾਜਪਾਲ ਨੇ ਮਾਂ ਵੈਸ਼ਣੋ ਦੇ ਦਰਸ਼ਨ ਕਰ ਕੇ ਹਵਨ-ਯੱਗ ਕਰਨ ਨਾਲ ਕੰਨਿਆ ਪੂਜਨ ਕੀਤਾ।