ਮੈਸੀ ਦੇ 'GOAT Tour' ਦੌਰਾਨ ਭਖ਼ ਗਿਆ ਮਾਹੌਲ ! ਲੋਕਾਂ ਨੇ ਮਾਰੀਆਂ ਬੋਤਲਾਂ, ਚੱਲੇ ਘਸੁੰਨ-ਮੁੱਕੇ
Saturday, Dec 13, 2025 - 01:01 PM (IST)
ਸਪੋਰਟਸ ਡੈਸਕ- ਦੁਨੀਆ ਦੇ ਦਿੱਗਜ ਫੁੱਟਬਾਲਰ ਲਿਓਨਲ ਮੈਸੀ ਇਸ ਸਮੇਂ ਭਾਰਤ ਆਏ ਹੋਏ ਹਨ। ਉਨ੍ਹਾਂ ਦੀ ਇਕ ਝਲਕ ਪਾਉਣ ਲਈ ਫੈਨਜ਼ ਕਾਫ਼ੀ ਉਤਸ਼ਾਹ ਦੇ ਨਾਲ ਕੋਲਕਾਤਾ ਪਹੁੰਚੇ ਸਨ। ਪਰ ਉਨ੍ਹਾਂ ਦਾ ਇਹ ਚਾਅ ਕੁਝ ਹੀ ਮਿੰਟਾਂ 'ਚ ਗਾਇਬ ਹੋ ਗਿਆ। ਮੈਸੀ ਦਾ ਕੋਲਕਾਤਾ ਦੌਰਾ, ਜੋ ਇਤਿਹਾਸਕ ਬਣਨਾ ਸੀ, ਹੁਣ ਹੰਗਾਮੇ ਦੀ ਭੇਟ ਚੜ੍ਹ ਗਿਆ ਹੈ। ਵਿਵੇਕਾਨੰਦ ਯੁਵਭਾਰਤੀ ਸਾਲਟ ਲੇਕ ਸਟੇਡੀਅਮ ਵਿੱਚ ਵੱਡੀ ਗਿਣਤੀ 'ਚ ਪਹੁੰਚੇ ਫੈਨਜ਼ ਨੂੰ ਦੇਖ ਕੇ ਤੇ ਉਨ੍ਹਾਂ ਦਾ ਪ੍ਰਬੰਧਨ ਸਹੀ ਤਰੀਕੇ ਨਾਲ ਨਾ ਹੁੰਦਾ ਦੇਖ ਕੇ ਮੈਸੀ ਸਿਰਫ਼ 10 ਮਿੰਟ ਬਾਅਦ ਹੀ ਸਟੇਡੀਅਮ ਛੱਡ ਕੇ ਚਲੇ ਗਏ, ਜਿਸ ਕਾਰਨ ਪ੍ਰਸ਼ੰਸਕ ਭੜਕ ਉੱਠੇ ਤੇ ਉਨ੍ਹਾਂ ਨੇ ਸਟੇਡੀਅਮ 'ਚ ਬੋਤਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ।
'GOAT ਟੂਰ' ਦੇ ਤਹਿਤ ਮੈਸੀ ਦੀ ਇੱਕ ਝਲਕ ਪਾਉਣ ਲਈ ਹਜ਼ਾਰਾਂ ਪ੍ਰਸ਼ੰਸਕ ਘੰਟਿਆਂ ਤੋਂ ਸਟੇਡੀਅਮ ਵਿੱਚ ਪਹੁੰਚੇ ਹੋਏ ਸਨ, ਸਟੇਡੀਅਮ ਦੇ ਅੰਦਰ ਦਾਖਲੇ, ਬੈਠਣ ਦੀ ਵਿਵਸਥਾ ਅਤੇ ਵਿਜ਼ੀਬਿਲਟੀ (ਦਿਖਾਈ ਦੇਣ) ਨੂੰ ਲੈ ਕੇ ਕੀਤੇ ਗਏ ਇੰਤਜ਼ਾਮ ਨਾਕਾਫ਼ੀ ਸਨ। ਕਈ ਪ੍ਰਸ਼ੰਸਕਾਂ ਨੂੰ ਉਮੀਦ ਸੀ ਕਿ ਉਹ ਆਪਣੇ ਮਨਪਸੰਦ ਆਈਕਨ ਨੂੰ ਨੇੜਿਓਂ ਦੇਖ ਸਕਣਗੇ, ਪਰ ਅਚਾਨਕ ਹੀ ਇਹ ਸਭ ਮਾੜੇ ਇੰਤਜ਼ਾਮ ਦੇਖ ਕੇ ਮੈਸੀ ਕਰੀਬ 10 ਮਿੰਟ ਬਾਅਦ ਹੀ ਸਟੇਡੀਅਮ ਤੋਂ ਨਿਕਲ ਗਏ।
ਮੈਸੀ ਦੇ ਨਿਕਲਦੇ ਹੀ ਮਾਹੌਲ ਤਣਾਅਪੂਰਨ ਹੋ ਗਿਆ ਤੇ ਨਾਰਾਜ਼ ਪ੍ਰਸ਼ੰਸਕਾਂ ਨੇ ਮੈਸੀ ਦੇ ਪੋਸਟਰ ਹੋਰਡਿੰਗਜ਼ ਤੋੜ ਦਿੱਤੇ, ਸਟੇਡੀਅਮ 'ਚ ਬੋਤਲਾਂ ਸੁੱਟੀਆਂ ਅਤੇ ਸਟੇਡੀਅਮ ਦੇ ਅੰਦਰ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਸਥਿਤੀ ਤੇਜ਼ੀ ਨਾਲ ਵਿਗੜਦੀ ਦੇਖ ਕੇ, ਸੁਰੱਖਿਆ ਏਜੰਸੀਆਂ ਨੂੰ ਵਾਧੂ ਬਲ ਤਾਇਨਾਤ ਕਰਨਾ ਪਿਆ।
#WATCH | Kolkata, West Bengal: Angry fans resort to vandalism at the Salt Lake Stadium in Kolkata, alleging poor management of the event.
— ANI (@ANI) December 13, 2025
Star footballer Lionel Messi has left the Salt Lake Stadium in Kolkata.
A fan of star footballer Lionel Messi said, "Absolutely terrible… pic.twitter.com/TOf2KYeFt9
ਹਾਲਾਤ ਵਿਗੜਦੇ ਦੇਖ, ਮੈਸੀ ਨੂੰ ਹੋਰ ਵੀ.ਵੀ.ਆਈ.ਪੀ. ਮਹਿਮਾਨਾਂ ਦੇ ਨਾਲ ਸਿਰਫ਼ 10 ਮਿੰਟ ਦੇ ਅੰਦਰ ਹੀ ਹਾਈ ਸਕਿਓਰਟੀ 'ਚ ਸਟੇਡੀਅਮ ਵਿੱਚੋਂ ਬਾਹਰ ਕੱਢ ਲਿਆ ਗਿਆ। ਇਸ ਘਟਨਾ ਕਾਰਨ ਉਹ ਹਜ਼ਾਰਾਂ ਪ੍ਰਸ਼ੰਸਕ ਸਭ ਤੋਂ ਵੱਧ ਨਿਰਾਸ਼ ਹੋਏ, ਜੋ ਘੰਟਿਆਂ ਦੇ ਇੰਤਜ਼ਾਰ ਦੇ ਬਾਵਜੂਦ ਅਰਜਨਟੀਨਾ ਦੇ ਵਿਸ਼ਵ ਕੱਪ ਜੇਤੂ ਕਪਤਾਨ ਦੀ ਇੱਕ ਝਲਕ ਪਾਉਣ ਤੋਂ ਵਾਂਝੇ ਰਹਿ ਗਏ। ਸੋਸ਼ਲ ਮੀਡੀਆ 'ਤੇ ਸਟੇਡੀਅਮ ਦੇ ਅੰਦਰ ਦੀਆਂ ਵੀਡੀਓਜ਼ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਵਿੱਚ ਤੋੜ-ਭੰਨ੍ਹ, ਧੱਕਾ-ਮੁੱਕੀ ਅਤੇ ਅਵਿਵਸਥਾ ਸਾਫ਼ ਦਿਖਾਈ ਦੇ ਰਹੀ ਹੈ।
