''ਵੈਲੇਨਟਾਈਨ ਡੇ'' ''ਤੇ ਪਰਿਵਾਰ ਨੂੰ ਬਿਨਾਂ ਦੱਸੇ ਗੋਆ ਘੁੰਮਣ ਗਿਆ ਜੋੜਾ, ਸਮੁੰਦਰ ''ਚ ਡੁੱਬਣ ਨਾਲ ਮੌਤ

02/15/2023 12:20:26 PM

ਪਣਜੀ- 'ਵੈਲੇਨਟਾਈਨ ਡੇ' ਮਨਾਉਣ ਗੋਆ ਆਏ ਇਕ ਵਿਅਕਤੀ ਅਤੇ ਉਸ ਦੀ ਮਹਿਲਾ ਮਿੱਤਰ ਦੀ ਸਮੁੰਦਰ ਵਿਚ ਡੁੱਬਣ ਨਾਲ ਮੌਤ ਹੋ ਗਈ। ਪੁਲਸ ਨੇ ਬੁੱਧਵਾਰ ਯਾਨੀ ਕਿ ਅੱਜ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਮੁੰਬਈ ਦੀ ਇਕ ਨਿੱਜੀ ਕੰਪਨੀ 'ਚ ਵਰਕਰ 27 ਸਾਲਾ ਵਿਭੂ ਸ਼ਰਮਾ ਅਤੇ ਉਸ ਦੀ ਮਹਿਲਾ ਮਿੱਤਰ 26 ਸਾਲਾ ਸੁਪ੍ਰਿਆ ਦੁਬੇ ਦੱਖਣੀ ਗੋਆ ਜ਼ਿਲ੍ਹੇ ਦੇ ਕਾਨਕੋਨ 'ਚ ਪਾਲੋਲੇਮ ਬੀਚ 'ਤੇ ਸੋਮਵਾਰ ਰਾਤ ਨੂੰ ਭੋਜਨ ਕਰਨ ਮਗਰੋਂ ਤੈਰਨ ਲਈ ਪਾਣੀ 'ਚ ਉਤਰੇ ਸਨ। ਸੁਪ੍ਰਿਆ ਦੁਬੇ ਬੇਂਗਲੁਰੂ 'ਚ ਵਰਕਰ ਸੀ। ਰਿਪੋਰਟ ਮੁਤਾਬਕ ਮ੍ਰਿਤਕ ਦੇ ਪਰਿਵਾਰ ਨੂੰ ਇਹ ਨਹੀਂ ਪਤਾ ਸੀ ਕਿ ਉਹ ਗੋਆ ਗਏ ਸਨ। ਦੱਸਿਆ ਜਾ ਰਿਹਾ ਹੈ ਕਿ ਵਿਭੂ ਸ਼ਰਮਾ ਪੇਸ਼ੇ ਤੋਂ ਬਲਾਗਰ ਸੀ।

ਓਧਰ ਕਾਨਕੋਨ ਥਾਣੇ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪਾਲੋਲੇਮ ਦੇ ਨੇੜੇ ਓਰੇਮ ਬੀਚ 'ਤੇ ਮੰਗਲਵਾਰ ਸਵੇਰੇ ਕਰੀਬ 7 ਵਜੇ ਔਰਤ ਦੀ ਲਾਸ਼ ਮਿਲੀ ਅਤੇ ਦੁਪਹਿਰ ਸਮੇਂ ਕੁਝ ਹੀ ਦੂਰੀ 'ਤੇ ਉਸ ਦੇ ਪੁਰਸ਼ ਮਿੱਤਰ ਦਾ ਵੀ ਲਾਸ਼ ਮਿਲੀ ਹੈ। ਇਹ ਦੋਵੇਂ ਜਿਸ ਹੋਟਲ 'ਚ ਠਹਿਰੇ ਸਨ, ਉਸ ਦੇ ਇਕ ਕਰਮਚਾਰੀ ਦਾ ਬਿਆਨ ਦਰਜ ਕੀਤਾ ਗਿਆ ਹੈ। ਹੋਟਲ ਦੇ ਕਰਮਚਾਰੀ ਨੇ ਦੱਸਿਆ ਕਿ ਦੋਵੇਂ ਰਾਤ ਦੇ ਸਮੇਂ ਭੋਜਨ ਕਰਨ ਅਤੇ ਸ਼ਰਾਬ ਪੀਣ ਮਗਰੋਂ ਸਮੁੰਦਰ ਵਿਚ ਗਏ ਸਨ। ਪੁਲਸ ਨੇ ਉਨ੍ਹਾਂ ਦੀ ਮੌਤ ਦੇ ਪਿੱਛੇ ਕੋਈ ਸਾਜਿਸ਼ ਹੋਣ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ।
 


Tanu

Content Editor

Related News