ਕੁੜੀ ਨੇ ਦੋਸਤ ਨੂੰ ਭੇਜੀ ਵੀਡੀਓ, ਪ੍ਰੇਮਿਕਾ ਦੀ ਹਸਪਤਾਲ ''ਚ ਹਾਲਤ ਦੇਖ ਮੁੰਡੇ ਦੀ ਹੋ ਗਈ ਮੌਤ
Sunday, Oct 20, 2024 - 07:23 PM (IST)
ਨਵੀਂ ਦਿੱਲੀ : ਦਿੱਲੀ 'ਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਇਕ ਨੌਜਵਾਨ ਦੀ ਪ੍ਰੇਮਿਕਾ ਨੇ ਆਪਣਾ ਗੁੱਟ ਵੱਢ ਕੇ ਇਸ ਦੀ ਵੀਡੀਓ ਬਣਾ ਕੇ ਆਪਣੇ ਬੁਆਏਫ੍ਰੈਂਡ ਨੂੰ ਭੇਜ ਦਿੱਤੀ। ਜਦੋਂ ਨੌਜਵਾਨ ਹਸਪਤਾਲ ਪਹੁੰਚਿਆ ਤਾਂ ਉਹ ਆਪਣੀ ਪ੍ਰੇਮਿਕਾ ਦੀ ਹਾਲਤ ਦੇਖ ਕੇ ਬੇਹੋਸ਼ ਹੋ ਗਿਆ। ਉਸ ਨੂੰ ਵੀ ਉੱਥੇ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਦਿੱਲੀ ਦੇ ਸ਼ਾਹਦਰਾ ਇਲਾਕੇ 'ਚ ਰਹਿਣ ਵਾਲੇ 30 ਸਾਲਾ ਨੌਜਵਾਨ ਅਰੁਣ ਨੰਦਾ ਨੂੰ ਸਭ ਤੋਂ ਪਹਿਲਾਂ ਉਸ ਦੀ ਪ੍ਰੇਮਿਕਾ ਦਾ ਗੁੱਟ ਵੱਢਣ ਦਾ ਵੀਡੀਓ ਭੇਜਿਆ ਗਿਆ ਸੀ। ਨੌਜਵਾਨ ਆਪਣੀ ਪ੍ਰੇਮਿਕਾ ਨੂੰ ਹਸਪਤਾਲ ਲੈ ਗਿਆ ਅਤੇ ਫਿਰ ਉੱਥੇ ਅਚਾਨਕ ਬੇਹੋਸ਼ ਹੋ ਗਿਆ। ਪੁਲਸ ਨੇ ਐਤਵਾਰ ਨੂੰ ਕਿਹਾ ਕਿ ਸ਼ੁਰੂਆਤੀ ਜਾਂਚ ਦੇ ਮੁਤਾਬਕ ਨੌਜਵਾਨ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਹੋ ਸਕਦਾ ਹੈ, ਪਰ ਪੋਸਟਮਾਰਟਮ ਦੀ ਰਿਪੋਰਟ ਦਾ ਅਜੇ ਇੰਤਜ਼ਾਰ ਹੈ।
ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪੁਲਸ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਸ਼ਨੀਵਾਰ ਰਾਤ 3:34 ਵਜੇ ਆਨੰਦ ਵਿਹਾਰ ਪੁਲਸ ਸਟੇਸ਼ਨ 'ਤੇ ਪੀ.ਸੀ.ਆਰ. ਕਾਲ 'ਚ ਦੱਸਿਆ ਗਿਆ ਕਿ ਇਕ ਵਿਅਕਤੀ ਨੂੰ ਬੇਹੋਸ਼ੀ ਦੀ ਹਾਲਤ 'ਚ ਕੈਲਾਸ਼ ਦੀਪਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਪੁਲਸ ਤੁਰੰਤ ਮੌਕੇ 'ਤੇ ਪਹੁੰਚੀ ਪਰ ਉਦੋਂ ਤੱਕ ਡਾਕਟਰਾਂ ਨੇ ਅਰੁਣ ਨੰਦਾ ਨੂੰ ਮ੍ਰਿਤਕ ਐਲਾਨ ਦਿੱਤਾ ਸੀ।
ਪ੍ਰੇਮਿਕਾ ਨੂੰ ਦੇਖ ਕੇ ਬੁਆਏਫ੍ਰੈਂਡ ਹੋਇਆ ਬੇਹੋਸ਼
ਪੁਲਸ ਅਧਿਕਾਰੀ ਨੇ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਅਰੁਣ ਦੀ ਪ੍ਰੇਮਿਕਾ ਜੋ ਕਿ ਜਗਤਪੁਰੀ ਦੀ ਰਹਿਣ ਵਾਲੀ ਹੈ, ਨੇ ਉਸ ਨੂੰ ਗੁੱਟ ਵੱਢੇ ਜਾਣ ਦੀ ਵੀਡੀਓ ਭੇਜੀ ਸੀ। ਵੀਡੀਓ ਦੇਖਣ ਤੋਂ ਬਾਅਦ ਅਰੁਣ ਡਰ ਗਿਆ ਅਤੇ ਉਸ ਨੂੰ ਤੁਰੰਤ ਹਸਪਤਾਲ ਲੈ ਗਿਆ। ਹਾਲਾਂਕਿ ਆਪਣੀ ਪ੍ਰੇਮਿਕਾ ਦੀ ਹਾਲਤ ਨੂੰ ਦੇਖਦੇ ਹੋਏ ਅਰੁਣ ਦੀ ਹਾਲਤ ਵਿਗੜ ਗਈ ਅਤੇ ਉਹ ਹਸਪਤਾਲ 'ਚ ਬੇਹੋਸ਼ ਹੋ ਗਿਆ, ਜਿਸ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਦਿਲ ਦਾ ਦੌਰਾ ਮੌਤ ਦਾ ਕਾਰਨ
ਪ੍ਰੇਮਿਕਾ ਨੂੰ ਵੀ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਪੁਲਸ ਦਾ ਕਹਿਣਾ ਹੈ ਕਿ ਅਰੁਣ ਦੀ ਮੌਤ ਪਿੱਛੇ ਕਿਸੇ ਤਰ੍ਹਾਂ ਦੀ ਹਿੰਸਾ ਦਾ ਕੋਈ ਸੰਕੇਤ ਨਹੀਂ ਮਿਲਿਆ ਹੈ ਅਤੇ ਉਸ ਦੀ ਲਾਸ਼ ਦਾ ਪੋਸਟਮਾਰਟਮ ਕੀਤਾ ਗਿਆ ਹੈ। ਡਾਕਟਰਾਂ ਨੇ ਪੋਸਟਮਾਰਟਮ ਦੌਰਾਨ ਅਰੁਣ ਦਾ ਵਿਸਰਾ ਵੀ ਸੁਰੱਖਿਅਤ ਰੱਖ ਲਿਆ ਹੈ ਤਾਂ ਜੋ ਅੱਗੇ ਦੀ ਜਾਂਚ ਕੀਤੀ ਜਾ ਸਕੇ। ਪੋਸਟਮਾਰਟਮ ਤੋਂ ਬਾਅਦ ਅਰੁਣ ਦੀ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਗਈ ਹੈ। ਪੁਲਸ ਇਸ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ, ਹਾਲਾਂਕਿ ਸ਼ੁਰੂਆਤੀ ਤੌਰ 'ਤੇ ਇਸ ਨੂੰ ਦਿਲ ਦਾ ਦੌਰਾ ਪੈਣ ਦਾ ਮਾਮਲਾ ਮੰਨਿਆ ਜਾ ਰਿਹਾ ਹੈ।