ਹੋਟਲ ਅੰਦਰ ਕੁੜੀ-ਮੁੰਡਾ, ਬਾਹਰ ਪਰਿਵਾਰ ਨੇ ਪਾ ਲਿਆ ਰੌਲਾ, ਚੱਲ ਪਈਆਂ ਗੋਲੀਆਂ
Tuesday, Apr 01, 2025 - 07:39 PM (IST)

ਗੁੜਗਾਓਂ : ਘਰੋਂ ਕੁੜੀ ਨੂੰ ਭਜਾ ਮੁੰਡਾ ਹੋਟਲ ਅੰਦਰ ਲੈ ਆਇਆ।ਕੁੜੀ-ਮੁੰਡੇ ਨੂੰ ਹੋਟਲ ਵਿੱਚ ਆਇਆਂ ਨੂੰ ਹਾਲੇ ਕੁਝ ਦੇਰ ਦਾ ਸਮਾਂ ਹੀ ਹੋਇਆ ਸੀ, ਕਿ ਕੁੜੀ ਦੇ ਪਰਿਵਾਰਕ ਮੈਂਬਰ ਵੀ ਹੋਟਲ ਦੇ ਬਾਹਰ ਪਹੁੰਚ ਗਏ, ਉਨ੍ਹਾਂ ਨੂੰ ਜਿਵੇੇਂ ਹੀ ਪਤਾ ਲੱਗਾ ਕਿ ਉਨ੍ਹਾਂ ਦੀ 9ਵੀਂ ਜਮਾਤ ਵਿੱਚ ਪੜ੍ਹਦੀ ਕੁੜੀ ਕਿਸੇ ਮੁੰਡੇ ਨਾਲ ਇਸ ਹੋਟਲ ਅੰਦਰ ਹੈ ਤਾਂ ਉਨ੍ਹਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਜ਼ਬਰਦਸਤ ਹੰਗਾਮਾ ਹੋਇਆ ਤੇ ਪਰਿਵਾਰ ਨੇ ਜ਼ਬਰਦਸਤੀ ਹੋਟਲ ਅੰਦਰ ਵੜ੍ਹਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਹੋਟਲ ਮਾਲਕ ਨੇ ਰੋਕਣ ਦੀ ਕੋਸ਼ਿਸ਼ ਵੀ ਕੀਤੀ ਪਰ ਕੁੜੀ ਦੇ ਪਰਿਵਾਰਕ ਮੈਂਬਰਾਂ ਵਲੋਂ ਲਗਾਤਾਰ ਹੰਗਾਮਾ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਜ਼ਬਰਦਸਤੀ ਹੋਟਲ ਅੰਦਰ ਵੜ੍ਹ ਰਹੇ ਪਰਿਵਾਰਕ ਮੈਂਬਰਾਂ ਨੂੰ ਰੋਕਣ ਲਈ ਹੋਟਲ ਮਾਲਕ ਨੇ ਗੋਲੀਆਂ ਚਲਾ ਦਿੱਤੀਆਂ, ਜੋ ਕਿ ਉਥੇ 3 ਮੁੰਡਿਆਂ ਦੇ ਵੱਜੀਆਂ।
ਜਾਣਕਾਰੀ ਮਿਲੀ ਹੈ ਕਿ ਅੱਜ ਸਵੇਰੇ ਪਟੌਦੀ ਦੇ ਇੱਕ ਹੋਟਲ ਵਿੱਚ ਪੰਜ ਰਾਉਂਡ ਫਾਇਰਿੰਗ ਹੋਈ। ਜਿਸ ਕਾਰਨ ਕੁਲ 3 ਲੋਕ ਜ਼ਖਮੀਂ ਹੋ ਗਏ। ਸੂਚਨਾ ਮਿਲਦੇ ਹੀ ਪਟੌਦੀ ਥਾਣਾ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਗੋਲੀ ਚਲਾਉਣ ਵਾਲੇ ਹੋਟਲ ਮਾਲਕ ਨੂੰ ਹਿਰਾਸਤ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਨੇ ਹੋਟਲ ਸੰਚਾਲਕ ਦਾ ਲਾਇਸੈਂਸੀ ਹਥਿਆਰ ਵੀ ਜ਼ਬਤ ਕਰ ਲਿਆ ਹੈ। ਇਸ ਦੇ ਨਾਲ ਹੀ ਪੁਲਸ ਨੇ ਹੋਟਲ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਆਪਣੇ ਕਬਜ਼ੇ ਵਿੱਚ ਲੈ ਲਈ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਅੱਜ ਸਵੇਰੇ ਲਗਭਗ 11.30 ਵਜੇ ਪੁਲਸ ਨੂੰ ਸੂਚਨਾ ਮਿਲੀ ਕਿ ਹੋਟਲ ਵਿੱਚ ਗੋਲੀਆਂ ਚੱਲ ਗਈਆਂ ਹਨ। ਪੁਲਸ ਮੌਕੇ ਉੱਤੇ ਪਹੁੰਚੀ ਤਾਂ ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਾ ਕਿ ਪਟੌਦੀ ਇਲਾਕੇ ਦਾ ਇੱਕ ਮੁੰਡਾ ਅਤੇ ਇੱਕ ਕੁੜੀ ਘਰੋਂ ਭੱਜ ਕੇ ਹੋਟਲ ਵਿੱਚ ਆਏ ਸਨ। ਕੁੜੀ 9ਵੀਂ ਜਮਾਤ ਦੀ ਵਿਦਿਆਰਥਣ ਦੱਸੀ ਜਾ ਰਹੀ ਹੈ। ਇਸ ਬਾਰੇ ਜਦੋਂ ਕੁੜੀ ਦੇ ਪਰਿਵਾਰ ਨੂੰ ਪਤਾ ਲੱਗਾ ਤਾਂ ਉਹ ਕੁੜੀ ਦੀ ਭਾਲ ਕਰਦੇ ਹੋਏ ਹੋਟਲ ਪਹੁੰਚ ਗਏ। ਇਸ ਦੌਰਾਨ, ਉਨ੍ਹਾਂ ਦੇ ਨਾਲ ਵੱਡੀ ਗਿਣਤੀ ਵਿੱਚ ਲੋਕ ਸਨ, ਜਿਨ੍ਹਾਂ ਨੇ ਹੋਟਲ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ।
ਦੋਸ਼ ਹੈ ਕਿ ਉਹ ਸਾਰੇ ਮੁੰਡੇ ਅਤੇ ਕੁੜੀ ਨੂੰ ਉਨ੍ਹਾਂ ਦੇ ਹਵਾਲੇ ਕਰਨ ਲਈ ਜ਼ੋਰ ਪਾ ਰਹੇ ਸਨ, ਪਰ ਹੋਟਲ ਸੰਚਾਲਕ ਨੇ ਪੁਲਸ ਨੂੰ ਸੱਦਿਆ ਅਤੇ ਦੋਵਾਂ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਜਦੋਂ ਭੀੜ ਹਿੰਸਕ ਹੋਣ ਲੱਗੀ ਤਾਂ ਹੋਟਲ ਸੰਚਾਲਕ ਰਾਜ ਕੁਮਾਰ ਨੇ ਆਪਣੇ ਲਾਇਸੈਂਸੀ ਰਿਵਾਲਵਰ ਤੋਂ ਗੋਲੀਆਂ ਚਲਾ ਦਿੱਤੀਆਂ। ਅਚਾਨਕ ਚੱਲੀਆਂ ਗੋਲੀਆਂ ਉਥੇ ਮੌਜੂਦ 3 ਲੋਕਾਂ ਦੇ ਵੱਜੀਆਂ। ਜਿਸ ਕਾਰਨ ਇਹ ਲੋਕ ਜ਼ਖਮੀਂ ਹੋ ਗਏ ਤੇ ਤੁਰੰਤ ਜ਼ਖਮੀਂਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਜ਼ਖਮੀਆਂ ਦੀ ਪਹਿਚਾਣ ਪਟੌਦੀ ਦੇ ਵਾਰਡ-15 ਦੇ ਵਸਨੀਕ ਵਸੀਮ, ਵਾਰਡ-10 ਦੇ ਸੌਰਭ ਅਤੇ ਸੰਦੀਪ ਵਜੋਂ ਹੋਈ ਹੈ। ਪੁਲਸ ਵਲੋਂ ਹੋਟਲ ਸੰਚਾਲਕ ਨੂੰ ਹਿਰਾਸਤ ਵਿੱਚ ਲੈ ਲਿਆ।
ਪੁਲਸ ਮੁਤਾਬਕ ਹੋਟਲ ਮਾਲਕ ਰਾਜ ਕੁਮਾਰ ਸਾਬਕਾ ਫੌਜੀ ਹੈ, ਜੋ ਅੱਜ ਕੱਲ ਹੋਟਲ ਚਲਾ ਰਿਹਾ ਹੈ। ਜ਼ਖਮੀਆਂ ਹੋਇਆ ਵਸੀਮ ਕੁੜੀ ਦਾ ਰਿਸ਼ਤੇਦਾਰ ਦੱਸਿਆ ਜਾ ਰਿਹਾ ਹੈ, ਜਦਕਿ ਬਾਕੀ ਦੇ 2 ਜ਼ਖਮੀਂ ਰਾਹਗੀਰ ਦੱਸੇ ਜਾ ਰਹੇ ਹਨ, ਜੋ ਹੋਟਲ ਬਾਹਰ ਪੈਂਦੇ ਰੌਲੇ ਨੂੰ ਵੇਖਣ ਲਈ ਉਥੇ ਆਏ ਸਨ।