ਭਾਜਪਾ ਦੇ ਫਾਇਰ ਬ੍ਰਾਂਡ ਨੇਤਾ ਗਿਰੀਰਾਜ ਸਿੰਘ ਬੋਲੇ, ਮੈਨੂੰ ਵੀ ਨਹੀਂ ਪਾਈ ਮੁਸਲਮਾਨਾਂ ਨੇ ਵੋਟ
Friday, Jun 21, 2024 - 09:33 PM (IST)
ਨੈਸ਼ਨਲ ਡੈਸਕ- ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਦੇਵੇਸ਼ ਚੰਦਰ ਠਾਕੁਰ ਦੇ ਬਿਆਨ ਦਾ ਸਮਰਥਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸੀਤਾਮੜੀ ਤੋਂ ਸੰਸਦ ਮੈਂਬਰ ਨੇ ਆਪਣੇ ਮਨ ਦੇ ਦਰਦ ਨੂੰ ਬਿਆਨ ਕੀਤਾ ਹੈ। ਦੇਵੇਸ਼ ਚੰਦਰ ਠਾਕੁਰ ਲਗਾਤਾਰ ਲੈਜਿਸਲੇਟਿਵ ਕੌਂਸਲਰ ਰਹੇ ਹਨ। ਸਮਾਜ ਦੇ ਸਾਰੇ ਵਰਗਾਂ ਲਈ ਉਹ ਕੰਮ ਕਰਦੇ ਰਹੇ ਹਨ। ਜੇਕਰ ਅਜਿਹੇ ਵਿਅਕਤੀ ਨੂੰ ਸਮਾਜ ਦੇ ਸਾਰੇ ਵਰਗਾਂ ਦੀ ਵੋਟ ਨਹੀਂ ਪਈ ਤਾਂ ਨਿਸ਼ਚਿਤ ਤੌਰ ’ਤੇ ਉਸ ਨੂੰ ਦੁੱਖ ਹੋਵੇਗਾ ਅਤੇ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰੇਗਾ।
ਗਿਰੀਰਾਜ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੁਸਲਮਾਨਾਂ ਨੇ ਸਾਨੂੰ ਵੀ ਵੋਟ ਨਹੀਂ ਪਾਈ ਹੈ, ਜਦਕਿ ਜਿੰਨੀਆਂ ਵੀ ਯੋਜਨਾਵਾਂ ਹੈ, ਉਨ੍ਹਾਂ ਦਾ ਪੂਰੀ ਤਰ੍ਹਾਂ ਨਾਲ ਲਾਭ ਸਾਰਿਆਂ ਨੂੰ ਮਿਲਦਾ ਹੈ। ਕਿਸੇ ਸਮਾਜ ਜਾਂ ਜਾਤ ਨੂੰ ਨਹੀਂ ਦੇਖਿਆ ਜਾਂਦਾ ਹੈ। ਬਾਵਜੂਦ ਇਸਦੇ ਜੇਕਰ ਕੁਝ ਲੋਕ ਸਾਜ਼ਿਸ਼ ਤਹਿਤ ਅਜਿਹਾ ਕਰ ਰਹੇ ਹਨ ਤਾਂ ਉਹ ਸਹੀ ਨਹੀਂ ਹੈ।
ਉਨ੍ਹਾਂ ਜੋ ਵੀ ਕਿਹਾ ਉਹ ਆਪਣੇ ਦਿਲ ਦੀ ਭਾਵਨਾ ਤੋਂ ਕਿਹਾ ਹੈ। ਉਨ੍ਹਾਂ ਦਾ ਦਰਦ ਕਹਿ ਰਿਹਾ ਹੈ ਕਿਉਂਕਿ ਉਹ ਕਿੰਨੇ ਸਾਲਾਂ ਤੋਂ ਐੱਮ. ਐੱਲ. ਸੀ. ਸਨ। ਉਹ ਸਾਰਿਆਂ ਧਰਮਾਂ ਲਈ ਕੰਮ ਕਰਦੇ ਸਨ। ਵੋਟਾਂ ਨਾ ਪੈਣ ਕਰ ਕੇ ਉਨ੍ਹਾਂ ਦਾ ਦਿਲ ਟੁੱਟ ਗਿਆ।
ਇਹ ਮੈਂ ਵੀ ਦੇਖਦਾ ਹਾਂ ਕਿ ਮੈਨੂੰ ਵੀ ਮੁਸਲਮਾਨਾਂ ਨੇ ਵੋਟ ਨਹੀਂ ਪਾਈ। ਸਰਕਾਰ ਸਾਰਿਆਂ ਲਈ ਇਕੋ ਤਰੀਕੇ ਨਾਲ ਕੰਮ ਕਰਦੀ ਹੈ ਪਰ ਮੁਸਲਮਾਨਾਂ ਨੇ ਤੈਅ ਕਰ ਲਿਆ ਹੈ ਕਿ ਅਸੀਂ ਵੋਟ ਨਹੀਂ ਪਾਵਾਂਗੇ ਤਾਂ ਇਹ ਇਕ ਸੋਚੀ-ਸਮਝੀ ਰਣਨੀਤੀ ਹੈ ਜੋ ਸਨਾਤਨ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਹੈ।
ਗਿਰੀਰਾਜ ਸਿੰਘ ਨੇ ਇਹ ਵੀ ਕਿਹਾ ਕਿ ਕਿਤੇ ਨਾ ਕਿਤੇ ਸਨਾਤਨ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਗ਼ਜ਼ਵਾ-ਏ-ਹਿੰਦ ਨੂੰ ਸਥਾਪਿਤ ਕਰਨ ਦੀ ਕੋਸ਼ਿਸ਼ ਦੇਸ਼ ’ਚ ਕੀਤੀ ਜਾ ਰਹੀ ਹੈ। ਇਹੀ ਕਾਰਨ ਹੈ ਕਿ ਮੁਸਲਮਾਨ ਸਨਾਤਨ ਨੂੰ ਮੰਨਣ ਵਾਲਿਆਂ ਜਾਂ ਸਨਾਤਨ ਨੂੰ ਮਜ਼ਬੂਤ ਕਰਨ ਵਾਲਿਆਂ ਨੂੰ ਵੋਟ ਨਹੀਂ ਪਾਉਂਦੇ ਹਨ।
ਕੀ ਹੈ ਮਾਮਲਾ
ਸੀਤਾਮੜੀ ਤੋਂ ਨਵੇਂ ਚੁਣੇ ਗਏ ਸੰਸਦ ਮੈਂਬਰ ਦੇਵੇਸ਼ ਚੰਦਰ ਠਾਕੁਰ ਨੇ ਇਕ ਬਿਆਨ ਦਿੱਤਾ ਹੈ, ਜਿਸ ’ਚ ਉਨ੍ਹਾਂ ਕਿਹਾ ਕਿ ਉਹ ਮੁਸਲਮਾਨਾਂ ਲਈ ਕੰਮ ਨਹੀਂ ਕਰਨਗੇ।ਦਰਅਸਲ ਦੇਵੇਸ਼ ਚੰਦਰ ਠਾਕੁਰ ਨੇ ਸੀਤਾਮੜੀ ’ਚ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਲੰਬੇ ਸਮੇਂ ਤੱਕ ਸਾਰੇ ਵਰਗਾਂ ਲਈ ਕੰਮ ਕੀਤਾ ਪਰ ਮੁਸਲਮਾਨਾਂ ਨੇ ਉਨ੍ਹਾਂ ਨੂੰ ਵੋਟ ਨਹੀਂ ਪਾਈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਮੁਸਲਮਾਨ ਆਵੇਗਾ ਤਾਂ ਮੈਂ ਉਸ ਨੂੰ ਚਾਹ-ਪਾਣੀ ਪਿਲਾਵਾਂਗਾ, ਮਠਿਆਈਆਂ ਖੁਆਵਾਂਗਾ ਪਰ ਉਸ ਲਈ ਕੰਮ ਨਹੀਂ ਕਰਾਂਗਾ।