ਜਨਰਲ ਅਨਿਲ ਚੌਹਾਨ ਨੇ ਦੇਸ਼ ਦੇ ਨਵੇਂ CDS ਵਜੋਂ ਸੰਭਾਲਿਆ ਅਹੁਦਾ
Friday, Sep 30, 2022 - 11:33 AM (IST)
ਨਵੀਂ ਦਿੱਲੀ (ਭਾਸ਼ਾ)- ਜਨਰਲ ਅਨਿਲ ਚੌਹਾਨ ਨੇ ਸ਼ੁੱਕਰਵਾਰ ਨੂੰ ਭਾਰਤ ਦੇ ਦੂਜੇ ਚੀਫ਼ ਆਫ਼ ਡਿਫੈਂਸ ਸਟਾਫ਼ (ਸੀ.ਡੀ.ਐੱਸ.) ਵਜੋਂ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਦੇ ਸਾਹਮਣੇ ਹਥਿਆਰਬੰਦ ਸੈਨਾਵਾਂ ਦੇ ਤਿੰਨ ਅੰਗਾਂ ਵਿਚਕਾਰ ਤਾਲਮੇਲ ਅਤੇ ਉਤਸ਼ਾਹੀ 'ਥੀਏਟਰ' ਕਮਾਨ ਦੇ ਨਿਰਮਾਣ ਦਾ ਟੀਚਾ ਹੈ, ਤਾਂ ਕਿ ਦੇਸ਼ ਦੀਆਂ ਸੈਨਾਵਾਂ ਨੂੰ ਭਵਿੱਖ ਦੀਆਂ ਸੁਰੱਖਿਆ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਕੀਤਾ ਜਾ ਸਕੇ। ਜਨਰਲ ਚੌਹਾਨ ਫ਼ੌਜ ਦੀ ਪੂਰਬੀ ਕਮਾਨ ਦੇ ਮੁਖੀ ਰਹਿ ਚੁੱਕੇ ਹਨ। ਤਾਮਿਲਨਾਡੂ 'ਚ ਇਕ ਹੈਲੀਕਾਪਟਰ ਹਾਦਸੇ 'ਚ ਭਾਰਤ ਦੇ ਪਹਿਲੇ ਸੀ.ਡੀ.ਐੱਸ. ਜਨਰਲ ਬਿਪਿਨ ਰਾਵਤ ਦੇ ਦਿਹਾਂਤ ਦੇ 9 ਮਹੀਨਿਆਂ ਤੋਂ ਵੱਧ ਸਮੇਂ ਬਾਅਦ ਜਨਰਲ ਚੌਹਾਨ ਨੇ ਸੀਨੀਅਰ ਫ਼ੌਜ ਕਮਾਂਡਰ ਦੀ ਜ਼ਿੰਮੇਵਾਰੀ ਸੰਭਾਲ ਲਈ ਹੈ। ਜਨਰਲ ਚੌਹਾਨ ਨੇ ਕਿਹਾ,"ਮੈਂ ਫੌਜ ਦੇ ਤਿੰਨਾਂ ਅੰਗਾਂ ਦੀਆਂ ਉਮੀਦਾਂ 'ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਾਂਗਾ।" ਜਨਰਲ ਚੌਹਾਨ ਨੂੰ ਚੀਨ ਦੇ ਮਾਮਲਿਆਂ ਦਾ ਮਾਹਰ ਮੰਨਿਆ ਜਾਂਦਾ ਹੈ ਅਤੇ ਉਨ੍ਹਾਂ ਦੀ ਚੋਟੀ ਦੇ ਅਹੁਦੇ 'ਤੇ ਨਿਯੁਕਤੀ ਅਜਿਹੇ ਸਮੇਂ ਹੋਈ ਹੈ ਜਦੋਂ ਪੂਰਬੀ ਲੱਦਾਖ 'ਚ ਭਾਰਤੀ ਅਤੇ ਚੀਨੀ ਫੌਜਾਂ ਵਿਚਾਲੇ ਸਰਹੱਦੀ ਵਿਵਾਦ ਚੱਲ ਰਿਹਾ ਹੈ। ਭਾਰਤੀ ਫ਼ੌਜ ਦੇ ਇਕ ਬੇਹੱਦ ਅਨੁਭਵੀ ਅਧਿਕਾਰੀ 61 ਸਾਲਾ ਲੈਫਟੀਨੈਂਟ ਜਨਰਲ ਚੌਹਾਨ ਰੱਖਿਆ ਮੰਤਰਾਲਾ ਦੇ ਫ਼ੌਜ ਮਾਮਲਿਆਂ ਦੇ ਵਿਭਾਗ ਦੇ ਸਕੱਤਰ ਵਜੋਂ ਕੰਮ ਕਰਨਗੇ।
ਉਹ ਪੂਰਬੀ ਕਮਾਨ ਦੇ ਮੁਖੀ ਦੇ ਅਹੁਦੇ ਤੋਂ 31 ਮਈ ਨੂੰ ਸੇਵਾਮੁਕਤ ਹੋਏ ਸਨ। ਇਸ ਤੋਂ ਬਾਅਦ ਉਹ ਰਾਸ਼ਟਰੀ ਸੁਰੱਖਿਆ ਸਕੱਤਰੇਤ 'ਚ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਦੇ ਅਧੀਨ ਫ਼ੌਜ ਸਲਾਹਕਾਰ ਵਜੋਂ ਕੰਮ ਕਰ ਰਹੇ ਸਨ। ਸੀ.ਡੀ.ਐੱਸ. ਦਾ ਅਹੁਦਾ ਸੰਭਾਲਣ ਤੋਂ ਪਹਿਲਾਂ ਜਨਰਲ ਚੌਹਾਨ ਨੇ ਇੰਡੀਆ ਗੇਟ ਸਥਿਤ ਨੈਸ਼ਨਲ ਵਾਰ ਮੈਮੋਰੀਅਲ ਵਿਖੇ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਨੂੰ ਤਿੰਨਾਂ ਹਥਿਆਰਬੰਦ ਫ਼ੋਰਸਾਂ ਵੱਲੋਂ ਗਾਰਡ ਆਫ਼ ਆਨਰ ਦਿੱਤਾ ਗਿਆ। ਜਨਰਲ ਚੌਹਾਨ ਦਾ ਜਨਮ 18 ਮਈ 1961 ਨੂੰ ਹੋਇਆ ਸੀ ਅਤੇ 1981 'ਚ 11 ਗੋਰਖਾ ਰਾਈਫਲਜ਼ 'ਚ ਕਮਿਸ਼ਨ ਮਿਲਿਆ ਸੀ। ਜਨਰਲ ਚੌਹਾਨ 2019 'ਚ ਬਾਲਾਕੋਟ ਹਮਲੇ ਦੌਰਾਨ ਫ਼ੌਜ ਦੇ ਮਿਲਟਰੀ ਆਪਰੇਸ਼ਨ ਦੇ ਡਾਇਰੈਕਟਰ ਜਨਰਲ (ਡੀ.ਜੀ.ਐੱਮ.ਓ.) ਸਨ। ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਦੇ ਜਵਾਬ 'ਚ ਭਾਰਤੀ ਲੜਾਕੂ ਜਹਾਜ਼ਾਂ ਨੇ ਪਾਕਿਸਤਾਨ ਦੇ ਬਾਲਾਕੋਟ 'ਤੇ ਹਵਾਈ ਹਮਲੇ ਕੀਤੇ ਅਤੇ ਜੈਸ਼-ਏ-ਮੁਹੰਮਦ ਦੇ ਸਿਖਲਾਈ ਕੇਂਦਰਾਂ ਨੂੰ ਤਬਾਹ ਕਰ ਦਿੱਤਾ। ਜਨਰਲ ਚੌਹਾਨ ਨੇ ਦੇਸ਼ ਦੇ ਦੂਜੇ ਸੀ.ਡੀ.ਐੱਸ. ਦਾ ਅਹੁਦਾ ਸੰਭਾਲਣ ਤੋਂ ਬਾਅਦ 'ਫੋਰ-ਸਟਾਰ ਰੈਂਕ' ਸੰਭਾਲਿਆ ਹੈ। ਉਹ ਸੇਵਾਮੁਕਤੀ ਤੋਂ ਬਾਅਦ ਚਾਰ ਸਿਤਾਰਾ ਰੈਂਕ ਦੇ ਨਾਲ ਸੇਵਾ 'ਚ ਵਾਪਸ ਆਉਣ ਵਾਲੇ ਪਹਿਲੇ ਸੇਵਾਮੁਕਤ ਅਧਿਕਾਰੀ ਬਣ ਗਏ ਹਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ