ਆਫ਼ ਦਿ ਰਿਕਾਰਡ : ਜੀ-23 ਖਤਮ, ਕਾਂਗਰਸ ਜ਼ਿੰਦਾਬਾਦ
Sunday, Oct 02, 2022 - 12:59 PM (IST)
 
            
            ਨਵੀਂ ਦਿੱਲੀ– ਕਾਂਗਰਸ ਦੇ ਜ਼ਿਆਦਾਤਰ ਨਾਰਾਜ਼ ਅਤੇ ਅਸੰਤੁਸ਼ਟ ਨੇਤਾਵਾਂ ਵੱਲੋਂ ਕਾਂਗਰਸ ਪ੍ਰਧਾਨ ਅਹੁਦੇ ਲਈ ਮਲਿੱਕਾਅਰਜੁਨ ਖੜਗੇ ਦੀ ਉਮੀਦਵਾਰੀ ਨੂੰ ਆਪਣਾ ਸਮਰਥਨ ਦੇਣ ਦੇ ਨਾਲ ਹੀ ਜੀ-23 ਲਗਭਗ ਖਤਮ ਹੋ ਚੁੱਕਾ ਹੈ। ਇਹ ਹੋਰ ਵੀ ਹੈਰਾਨੀ ਦੀ ਗੱਲ ਹੈ ਕਿ ਜੀ-23 ਨੇਤਾਵਾਂ ਦੇ ਪ੍ਰਮੁੱਖ ਮੈਂਬਰਾਂ ’ਚੋਂ ਇਕ ਦਾ ਵੀ ਸ਼ਸ਼ੀ ਥਰੂਰ ਨੂੰ ਸਮਰਥਨ ਨਹੀਂ ਮਿਲਿਆ। ਸਾਬਕਾ ਕੇਂਦਰੀ ਮੰਤਰੀ ਆਨੰਦ ਸ਼ਰਮਾ ਹੋਵੇ, ਮਨੀਸ਼ ਤਿਵਾਰੀ ਹੋਵੇ ਜਾਂ ਪ੍ਰਿਥਵੀਰਾਜ ਚੌਹਾਨ ਜਾਂ ਮੁਕੁਲ ਵਾਸਨਿਕ, ਉਨ੍ਹਾਂ ’ਚੋਂ ਕਿਸੇ ਨੇ ਵੀ ਸ਼ਸ਼ੀ ਥਰੂਰ ਦੇ ਨਾਂ ਦਾ ਪ੍ਰਸਤਾਵ ਜਾਂ ਸਮਰਥਨ ਨਹੀਂ ਕੀਤਾ। ਉਨ੍ਹਾਂ ਨੇ ਇਕਜੁੱਟ ਹੋ ਕੇ ਆਪਣਾ ਸਮਰਥਨ 80 ਸਾਲਾ ਖੜਗੇ ਨੂੰ ਦਿੱਤਾ। ਇਥੋਂ ਤੱਕ ਕਿ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵੀ ਖੜਗੇ ਲਈ ਪੈਰਵੀ ਕਰਨ ’ਚ ਸਭ ਤੋਂ ਅੱਗੇ ਸਨ। ਗੁਲਾਮ ਨਬੀ ਆਜ਼ਾਦ ਪਹਿਲਾਂ ਹੀ ਆਪਣਾ ਸਿਆਸੀ ਸੰਗਠਨ ਬਣਾਉਣ ਲਈ ਪਾਰਟੀ ਛੱਡ ਚੁੱਕੇ ਹਨ ਜਦਕਿ ਕਪਿਲ ਸਿੱਬਲ ਸਮਾਜਵਾਦੀ ਪਾਰਟੀ ਦੇ ਸਮਰਥਨ ਨਾਲ ਇਕ ਆਜ਼ਾਦ ਰਾਜ ਸਭਾ ਮੈਂਬਰ ਬਣ ਕੇ ਖੁਸ਼ ਹਨ। ਯੋਗਾਨੰਦ ਸ਼ਾਸਤਰੀ ਰਾਕਾਂਪਾ ’ਚ ਸ਼ਾਮਲ ਹੋ ਗਏ। ਇਥੋਂ ਤੱਕ ਕਿ ਸ਼ਸ਼ੀ ਥਰੂਰ ਵੀ, ਜੋ ਹੋਰ ਨੇਤਾਵਾਂ ਨਾਲ ਸੋਨੀਆ ਗਾਂਧੀ ਨੂੰ 2020 ਦੇ ਪੱਤਰ ਦੇ ਹਸਤਾਖਰਕਰਤਾ ਸਨ, ‘ਏਕਤਾ ਦਾ ਸੁਰ’ ਅਲਾਪ ਰਹੇ ਹਨ।
ਉਹ ਸਾਰੇ ਇਹ ਮਹਿਸੂਸ ਕਰਦੇ ਹੋਏ ਚੁੱਪ ਹੋ ਗਏ ਹਨ ਕਿ ਉਨ੍ਹਾਂ ਦਾ ਭਵਿੱਖ ਕਾਂਗਰਸ ਪਾਰਟੀ ’ਚ ਹੈ ਅਤੇ ਲੋਕ ਸਭਾ ਚੋਣਾਂ 2 ਸਾਲਾਂ ਦੇ ਅੰਦਰ ਹੋਣ ਵਾਲੀਆਂ ਹਨ। ਨਾਰਾਜ਼ ਗਰੁੱਪ ਨੇ ਥਰੂਰ ਤੋਂ ਦੂਰੀ ਬਣਾਈ ਰੱਖਣਾ ਚੰਗਾ ਸਮਝਿਆ ਅਤੇ ਮਲਿਕਾਅਰਜੁਨ ਖੜਗੇ ਦੀ ਉਮੀਦਵਾਰੀ ਦਾ ਸਮਰਥਨ ਕੀਤਾ। ਕਿਸੇ ਨੂੰ ਹੈਰਾਨ ਨਹੀਂ ਹੋਣਾ ਚਾਹੀਦਾ, ਜੇ ਥਰੂਰ ਪ੍ਰਧਾਨ ਅਹੁਦੇ ਦੇ ਰੂਪ ’ਚ ਸਰਵਸੰਮਤੀ ਨਾਲ ਚੋਣ ਦਾ ਰਾਹ ਸਾਫ ਕਰਦੇ ਹੋਏ ਇਸ ਦੌੜ ਤੋਂ ਪਿਛੇ ਹਟਨ ਦਾ ਫੈਸਲਾ ਕਰਦੇ ਹਨ। ਜੀ-23 ਦੇ ਸੀਨੀਅਰ ਨੇਤਾਵਾਂ ’ਚੋਂ ਇਕ ਪ੍ਰਿਥਵੀਰਾਜ ਚੌਹਾਨ ਨੇ ਕਿਹਾ,‘ਮੰਗ ਕਾਂਗਰਸ ਪ੍ਰਧਾਨ ਅਹੁਦੇ ਲਈ ਚੋਣ ਕਰਵਾਉਣ ਦੀ ਸੀ ਕਿਉਂਕਿ ਇਹ ਮੰਗ ਪੂਰੀ ਹੋ ਗਈ ਹੈ, ਇਸ ਲਈ ਖੜਗੇ ਦੀ ਉਮੀਦਵਾਰੀ ਦਾ ਵਿਰੋਧ ਕਰਨ ਦਾ ਕੋਈ ਸਵਾਲ ਹੀ ਨਹੀਂ ਸੀ। ਮੈਨੂੰ ਖੜਗੇ ਦਾ ਫੋਨ ਆਇਆ, ਉਨ੍ਹਾਂ ਮੈਨੂੰ ਉਨ੍ਹਾਂ ਦੀ ਉਮੀਦਵਾਰੀ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਸੀ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            