ਆਫ਼ ਦਿ ਰਿਕਾਰਡ: ਜੀ-23 ਨਹੀਂ ਜਾਣਦਾ ਕਰੇ ਤਾਂ ਕੀ ਕਰੇ, ਚੁੱਪ ਰਹਿਣ ’ਚ ਭਲਾਈ ਸਮਝੀ

10/22/2021 10:40:29 AM

ਨਵੀਂ ਦਿੱਲੀ– ਕਾਂਗਰਸ ਦੇ ਨਾਰਾਜ਼ ਨੇਤਾਵਾਂ ਦੇ ਗਰੁੱਪ ਜੀ-23 ਦਾ ਮਨੋਬਲ ਡਿੱਗਿਆ ਹੋਇਆ ਹੈ ਅਤੇ ਉਹ ਇਹ ਨਹੀਂ ਜਾਣਦਾ ਕਿ ਉਹ ਕਰੇ ਤਾਂ ਕੀ ਕਰੇ। ਜੀ-23 ਦਾ ਇਹ ਦਾਅਵਾ ਵੀ ਹੈ ਕਿ ਉਹ ‘ਜੀ ਹਜ਼ੂਰ’ ਗਰੁੱਪ ਨਹੀਂ ਹੈ ਪਰ ਫਿਲਹਾਲ ਉਸ ਨੇ ਚੁੱਪ ਰਹਿਣ ਦਾ ਫੈਸਲਾ ਕੀਤਾ ਹੈ।
ਇਹ ਦ੍ਰਿਸ਼ ਪਿਛਲੇ ਦਿਨੀਂ ਹੋਈ ਕਾਂਗਰਸ ਕਾਰਜ ਕਮੇਟੀ (ਸੀ. ਡਬਲਯੂ. ਸੀ.) ਦੀ ਬੈਠਕ ’ਚ ਦੇਖਣ ਨੂੰ ਮਿਲਿਆ। ਜੀ-23 ਹੁਣ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਇੰਤਜ਼ਾਰ ਕਰਨਾ ਚਾਹੁੰਦਾ ਹੈ ਅਤੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੇ ਵੀ ਜੀ-23 ਦੇ ਨੇਤਾਵਾਂ ਨੂੰ ਬਿਠਾਉਣਾ ਸ਼ੁਰੂ ਕਰ ਦਿੱਤਾ ਹੈ। ਜੀ-23 ਨੇ ਸੀ. ਡਬਲਯੂ. ਸੀ. ਨੂੰ ਦੱਸਿਆ ਕਿ ਜੀ-23 ਸ਼ਬਦ ਮੀਡੀਆ ਦੀ ਕਲਪਨਾ ਹੈ, ਅਜਿਹਾ ਕੋਈ ਸਮੂਹ ਹੋਂਦ ’ਚ ਨਹੀਂ ਹੈ ਤੇ ਅਸੀਂ ਨਹਿਰੂ-ਗਾਂਧੀ ਪਰਿਵਾਰ ਦੇ ਨਾਲ ਹਾਂ ਅਤੇ ਕਾਂਗਰਸ ਦੀ ਅਗਵਾਈ ਕਰਨ ਲਈ ਸੋਨੀਆ ਜੀ ਅਤੇ ਰਾਹੁਲ ਜੀ ਦੋਵਾਂ ਦਾ ਸਮਰਥਨ ਕਰਦੇ ਹਾਂ।

ਸੀ. ਡਬਲਯੂ. ਸੀ. ਦੇ ਮੈਂਬਰਾਂ ਨੇ ਨਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਬੈਠਕ ’ਚ ਗੁਲਾਮ ਨਬੀ ਆਜ਼ਾਦ, ਆਨੰਦ ਸ਼ਰਮਾ ਅਤੇ ਹੋਰਨਾਂ ਨੇ ਸਪੱਸ਼ਟ ਕੀਤਾ ਕਿ ਅਜਿਹਾ ਕੋਈ ਸਮੂਹ ਮੌਜੂਦ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀਂ ਪਰਿਵਾਰ ਅਤੇ ਪਾਰਟੀ ਦੇ ਵਫਾਦਾਰ ਰਹੇ ਹਾਂ, ਸੰਗਠਨ ’ਚ ਵੱਖ-ਵੱਖ ਪੱਧਰਾਂ ’ਤੇ ਅਤੇ ਵੱਖ-ਵੱਖ ਅਹੁਦਿਆਂ ’ਤੇ ਲੰਬਾ ਸਮਾਂ ਕੰਮ ਕੀਤਾ ਹੈ ਅਤੇ ਕੋਈ ਵੀ ਪਰਿਵਾਰ ਨੂੰ ਚੁਣੌਤੀ ਨਹੀਂ ਦੇ ਰਿਹਾ ਹੈ। ਉਨ੍ਹਾਂ ਨੇ ਪਾਰਟੀ ਨੇਤਾਵਾਂ ਨੂੰ ਇਹ ਵੀ ਕਿਹਾ ਕਿ ਉਹ ਮੀਡੀਆ ’ਚ ਆਉਣ ਵਾਲੀਆਂ ਅਜਿਹੀਆਂ ਖਬਰਾਂ ਵੱਲ ਕੋਈ ਧਿਆਨ ਨਾ ਦੇਣ।

ਬੈਠਕ ’ਚ ਆਪਣੀ ਸ਼ੁਰੂਆਤੀ ਟਿੱਪਣੀ ’ਚ ਸੋਨੀਆ ਗਾਂਧੀ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਉਹ ਇਕ ਫੁੱਲ ਟਾਈਮ ਅਤੇ ਵਿਵਹਾਰਕ ਤੌਰ ’ਤੇ ਕਾਂਗਰਸ ਦੀ ਪ੍ਰਧਾਨ ਹੈ। ਇਸ ਨੂੰ ਜੀ-23 ਗਰੁੱਪ ਲਈ ਇਕ ਫਟਕਾਰ ਦੇ ਰੂਪ ’ਚ ਨਹੀਂ ਦੇਖਿਆ ਜਾ ਰਿਹਾ ਹੈ, ਹਾਲਾਂਕਿ ਮੀਡੀਆ ਦੇ ਇਕ ਵਰਗ ਨੇ ਇਸ ਦੀ ਵਿਆਖਿਆ ਇਸ ਤਰ੍ਹਾਂ ਹੀ ਕੀਤੀ ਹੈ। ਪਾਰਟੀ ਦੇ ਅੰਦਰੂਨੀ ਸੂਤਰਾਂ ਨੇ ਕਿਹਾ ਕਿ ਇਹ ਜ਼ਰੂਰੀ ਸੀ ਅਤੇ ਇਹ ਇਕ ਹਾਂ-ਪੱਖੀ ਘਟਨਾਕ੍ਰਮ ਹੈ। ਹੁਣ ਉਨ੍ਹਾਂ ਨੂੰ ਸੋਨੀਆ ਨਾਲ ਮੁਲਾਕਾਤ ਕਰਨ ’ਚ ਕੋਈ ਮੁਸ਼ਕਿਲ ਨਹੀਂ ਹੋਵੇਗੀ ਅਤੇ ਹਰ ਫੈਸਲੇ ’ਚ ਉਨ੍ਹਾਂ ਦੀ ਮਨਜ਼ੂਰੀ ਹੋਵੇਗੀ। ਉਨ੍ਹਾਂ ਕਿਹਾ ਕਿ ਸੀ. ਡਬਲਯੂ. ਸੀ. ਆਸਾਨੀ ਨਾਲ ਰਾਹੁਲ ਗਾਂਧੀ ਨੂੰ ਪ੍ਰਧਾਨ ਦੇ ਰੂਪ ’ਚ ਚੁਣ ਸਕਦੀ ਸੀ, ਜਿਸ ਨੂੰ ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਪੂਰਨ ਅਜਲਾਸ ’ਚ ਉਸ ਦੀ ਸਿਫਾਰਿਸ਼ ਵੀ ਮਿਲ ਜਾਂਦੀ ਪਰ ਉਹ ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਗੋਆ ਦੀਆਂ ਚੋਣਾਂ ਤੱਕ ਅਧਿਕਾਰਕ ਤੌਰ ’ਤੇ ਸੰਗਠਨ ਦੀ ਅਗਵਾਈ ਕਰਨ ਲਈ ਤਿਆਰ ਨਹੀਂ ਹਨ।


Rakesh

Content Editor

Related News