ਸੋਨਮਰਗ ਸਮੇਤ ਉੱਚੇ ਪਹਾੜਾਂ ’ਤੇ ਤਾਜ਼ਾ ਬਰਫਬਾਰੀ, ਮੈਦਾਨੀ ਇਲਾਕਿਆਂ ’ਚ ਹਲਕਾ ਮੀਂਹ

Sunday, Nov 24, 2024 - 12:08 AM (IST)

ਸੋਨਮਰਗ ਸਮੇਤ ਉੱਚੇ ਪਹਾੜਾਂ ’ਤੇ ਤਾਜ਼ਾ ਬਰਫਬਾਰੀ, ਮੈਦਾਨੀ ਇਲਾਕਿਆਂ ’ਚ ਹਲਕਾ ਮੀਂਹ

ਸ੍ਰੀਨਗਰ/ਜੰਮੂ, (ਉਦੇ)- ਜੰਮੂ ਕਸ਼ਮੀਰ ’ਚ ਸਰਗਰਮ ‘ਪੱਛਮੀ ਗੜਬੜ’ ਕਾਰਨ ਕਸ਼ਮੀਰ ਦੇ ਉੱਚੇ ਪਹਾੜਾਂ 'ਤੇ ਬਰਫ਼ ਦੀ ਚਿੱਟੀ ਚਾਦਰ ਵਿੱਛ ਗਈ ਹੈ।

ਸੋਨਮਰਗ ਸਮੇਤ ਉੱਚੇ ਪਹਾੜਾਂ ’ਤੇ ਸ਼ਨੀਵਾਰ ਤਾਜ਼ਾ ਬਰਫਬਾਰੀ ਹੋਈ ਜਦਕਿ ਮੈਦਾਨੀ ਇਲਾਕਿਆਂ ’ਚ ਕੁਝ ਥਾਵਾਂ ’ਤੇ ਹਲਕਾ ਮੀਂਹ ਪੈਣ ਕਾਰਨ ਠੰਢ ਵਧ ਗਈ ਹੈ। ਜੰਮੂ ਦੇ ਮੈਦਾਨੀ ਇਲਾਕਿਆਂ ’ਚ ਵੀ ਹਲਕੀ ਬੂੰਦਾਬਾਂਦੀ ਨੇ ਠੰਢ ਵਧਾ ਦਿੱਤੀ ਹੈ।

ਤਾਜ਼ਾ ਬਰਫ਼ਬਾਰੀ ਕਾਰਨ ਦਿਨ ਦੇ ਤਾਪਮਾਨ ’ਚ 2 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਇਸ ਵਿੱਚ ਹੋਰ ਗਿਰਾਵਟ ਆਉਣ ਦੀ ਸੰਭਾਵਨਾ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਸ਼ਨੀਵਾਰ ਕਸ਼ਮੀਰ ਦੇ ਉਪਰਲੇ ਹਿੱਸਿਆਂ ’ਚ ਤਾਜ਼ਾ ਬਰਫਬਾਰੀ ਹੋਈ। ਮੌਸਮ ਵਿਭਾਗ ਨੇ ਵਾਦੀ ’ਚ ਲਗਾਤਾਰ ਮੀਂਹ ਪੈਣ ਅਤੇ ਘੱਟੋ-ਘੱਟ ਤਾਪਮਾਨ ’ਚ ਵਾਧੇ ਦੀ ਭਵਿੱਖਬਾਣੀ ਕੀਤੀ ਹੈ।

ਤਾਜ਼ਾ ਬਰਫਬਾਰੀ ਕਾਰਨ ਗੁਰੇਜ਼-ਬਾਂਦੀਪੋਰਾ ਤੇ ਕਿਸ਼ਤਵਾੜ-ਸਿੰਥਾਨ ਸੜਕ ਵਾਹਨਾਂ ਦੀ ਆਵਾਜਾਈ ਲਈ ਬੰਦ ਕਰ ਦਿੱਤੀ ਗਈ ਹੈ। ਵਾਹਨ ਚਾਲਕਾਂ ਨੂੰ ਬਰਫਬਾਰੀ ਦੌਰਾਨ ਇਨ੍ਹਾਂ ਰੂਟਾਂ ’ਤੇ ਨਾ ਜਾਣ ਲਈ ਕਿਹਾ ਗਿਆ ਹੈ।

ਮਸ਼ਹੂਰ ਟੂਰਿਸਟ ਰਿਜ਼ਾਰਟ ਸੋਨਮਰਗ ਤੇ ਗੁਲਮਰਗ, ਜ਼ੋਜਿਲਾ, ਗੁਰੇਜ਼, ਤੁਲੈਲ ਅਤੇ ਸਾਧਨਾ ਟਾਪ ਵਿਖੇ ਹਲਕੀ ਬਰਫਬਾਰੀ ਦੀ ਸੂਚਨਾ ਮਿਲੀ ਹੈ। ਇਸ ਦੇ ਨਾਲ ਹੀ ਵਾਦੀ ’ਚ ਕੁਝ ਥਾਵਾਂ ’ਤੇ ਹਲਕਾ ਮੀਂਹ ਪਿਆ। ਬਰਫਬਾਰੀ ਕਾਰਨ ਗੁਰੇਜ਼ ਤੇ ਕਰਨਾਹ ਸਮੇਤ ਸਰਹੱਦੀ ਇਲਾਕਿਆਂ ਨੂੰ ਜਾਣ ਵਾਲੀਆਂ ਸੜਕਾਂ ਦੇ ਆਵਾਜਾਈ ਲਈ ਬੰਦ ਹੋਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਨੇ ਕਿਹਾ ਹੈ ਕਿ 24 ਨਵੰਬਰ ਨੂੰ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ । ਕੁਝ ਥਾਵਾਂ ’ਤੇ ਹਲਕਾ ਮੀਂਹ ਪੈ ਸਕਦਾ ਹੈ। 25 ਤੋਂ 30 ਨਵੰਬਰ ਤੱਕ ਖੇਤਰ ’ਚ ਮੌਸਮ ਆਮ ਤੌਰ ’ਤੇ ਖੁਸ਼ਕ ਰਹੇਗਾ।


author

Rakesh

Content Editor

Related News