ਜ਼ਹਿਰੀਲੇ ਧੂੰਏਂ ਕਾਰਨ ਇਕੋਂ ਪਰਿਵਾਰ ਦੇ 4 ਮੈਂਬਰਾਂ ਦੀ ਵਿਗੜੀ ਸਿਹਤ, ਹਸਪਤਾਲ ''ਚ ਦਾਖ਼ਲ
Monday, May 12, 2025 - 03:35 PM (IST)

ਨਵੀਂ ਦਿੱਲੀ- ਉੱਤਰੀ ਦਿੱਲੀ ਦੇ ਸੰਗਮ ਪਾਰਕ ਇਲਾਕੇ ਵਿਚ ਇਕ ਨਿਰਮਾਣ ਯੂਨਿਟ ਇਕਾਈ ਵਿਚ ਜ਼ਹਿਰੀਲੇ ਧੂੰਏਂ ਕਾਰਨ ਸੋਮਵਾਰ ਨੂੰ ਇਕ ਪਰਿਵਾਰ ਦੇ 4 ਮੈਂਬਰਾਂ ਦੀ ਸਿਹਤ ਵਿਗੜ ਗਈ ਅਤੇ ਉਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਾਉਣਾ ਪਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਮੁਤਾਬਕ ਸੰਗਮ ਪਾਰਕ ਇਲਾਕੇ ਵਿਚ DSIDC ਸ਼ੈੱਡ 63 ਵਿਚ ਬਾਈਕ ਹਾਰਨ ਨਿਰਮਾਣ ਯੂਨਿਟ ਦੇ ਮਾਲਕ ਹਰਦੀਪ ਸਿੰਘ ਸਵੇਰੇ ਆਪਣੀ ਪਤਨੀ ਹਰਪ੍ਰੀਤ ਕੌਰ (38), ਪੁੱਤਰ ਜਗਦੀਸ਼ ਸਿੰਘ (16) ਅਤੇ ਧੀਨ ਹਰਗੁਲ ਕੌਰ (15) ਨਾਲ ਸ਼ੈੱਡ ਵਿਚ ਪਹੁੰਚੇ ਸਨ।
ਬਾਅਦ ਵਿਚ ਪੁਲਸ ਕੰਟਰੋਲ ਰੂਮ ਨੂੰ ਘਟਨਾ ਦੇ ਸਬੰਧ ਵਿਚ ਸੂਚਨਾ ਮਿਲੀ ਜਿਸ ਤੋਂ ਬਾਅਦ ਉਹ ਉੱਥੇ ਪਹੁੰਚੀ ਤਾਂ ਚਾਰਾਂ ਦੀ ਹਾਲਤ ਖਰਾਬ ਸੀ। ਉਸ ਨੇ ਦੱਸਿਆ ਕਿ ਹਰਦੀਪ ਸਿੰਘ, ਜਗਦੀਪ ਸਿੰਘ ਅਤੇ ਹਰਗੁਲ ਕੌਰ ਨੂੰ ਹਿੰਦੂ ਰਾਵ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਦਕਿ ਹਰਪ੍ਰੀਤ ਕੌਰ ਨੂੰ ਦੀਪ ਚੰਦ ਬੰਧੂ ਹਸਪਤਾਲ ਲਿਜਾਇਆ ਗਿਆ। ਪੁਲਸ ਨੂੰ ਘਟਨਾ ਬਾਰੇ ਉਦੋਂ ਪਤਾ ਲੱਗਾ ਜਦੋਂ ਪੀੜਤਾਂ ਵਿਚੋਂ ਇਕ ਬੱਚੇ ਨੇ ਆਪਣੇ ਰਿਸ਼ਤੇਦਾਰਾਂ ਨੂੰ ਇਸ ਦੀ ਜਾਣਕਾਰੀ ਦਿੱਤੀ, ਜਿਨ੍ਹਾਂ ਨੇ ਪੁਲਸ ਅਤੇ ਐਮਰਜੈਂਸੀ ਸੇਵਾਵਾਂ ਨੂੰ ਸੂਚਿਤ ਕੀਤਾ। ਪੁਲਸ ਅਧਿਕਾਰੀ ਨੇ ਦੱਸਿਆ ਕਿ ਚਾਰਾਂ ਨੂੰ ਡਾਕਟਰੀ ਨਿਗਰਾਨੀ ਵਿਚ ਰੱਖਿਆ ਗਿਆ ਹੈ ਅਤੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਸ਼ੈੱਡ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ।