ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਸਿਹਤ 'ਚ ਸੁਧਾਰ, ਏਮਜ਼ ਤੋਂ ਮਿਲੀ ਛੁੱਟੀ
Tuesday, May 12, 2020 - 02:08 PM (IST)
ਨਵੀਂ ਦਿੱਲੀ-ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਦਿੱਲੀ ਏਮਜ਼ ਤੋਂ ਛੁੱਟੀ ਮਿਲ ਗਈ ਹੈ। ਦੱਸ ਦੇਈਏ ਕਿ ਛਾਤੀ 'ਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਐਤਵਾਰ ਰਾਤ ਏਮਜ਼ 'ਚ ਭਰਤੀ ਕਰਵਾਇਆ ਗਿਆ ਸੀ। ਇੱਥੇ ਉਨ੍ਹਾਂ ਨੂੰ 'ਕਾਰਡਿਓ ਥੋਰੈਕਿਕ ਵਾਰਡ' 'ਚ ਰੱਖਿਆ ਗਿਆ ਸੀ ਫਿਲਹਾਲ ਉਨ੍ਹਾਂ ਦੀ ਸਿਹਤ ਪੂਰੀ ਤਰ੍ਹਾਂ ਠੀਕ ਹੈ।
ਦੱਸਣਯੋਗ ਹੈ ਕਿ ਨਵੀਂ ਦਵਾਈ ਦੇ ਕਾਰਨ ਰਿਐਕਸ਼ਨ ਅਤੇ ਬੁਖਾਰ ਹੋਣ ਤੋਂ ਬਾਅਦ 87 ਸਾਲਾ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਐਤਵਾਰ ਰਾਤ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸੇਜ਼ (ਏਮਜ਼) 'ਚ ਭਰਤੀ ਕਰਵਾਇਆ ਗਿਆ ਸੀ। ਏਮਜ਼ ਮਾਹਰਾਂ ਮੁਤਾਬਕ ਉਨ੍ਹਾਂ ਨੂੰ ਅੱਜ ਭਾਵ ਮੰਗਲਵਾਰ ਦੁਪਹਿਰ ਲਗਭਗ 12.30 ਵਜੇ ਛੁੱਟੀ ਦਿੱਤੀ ਗਈ। ਉਨ੍ਹਾਂ ਪਹਿਲਾਂ ਏਮਜ਼ ਦੇ 'ਕਾਰਡੀਓ ਥੋਰੈਕਿਸ' (ਦਿਲ ਅਤੇ ਛਾਤੀ ਨਾਲ ਸਬੰਧਿਤ) ਯੂਨਿਟ ਦੇ ਆਈ.ਸੀ.ਯੂ 'ਚ ਡਾਕਟਰਾਂ ਦੀ ਨਿਗਰਾਨੀ 'ਚ ਰੱਖਿਆ ਗਿਆ ਸੀ ਫਿਰ ਸੋਮਵਾਰ ਰਾਤ ਉਨ੍ਹਾਂ ਨੂੰ ਏਮਜ਼ ਦੇ 'ਕਾਰਡੀਓ ਨਿਊਰੋ ਟਾਵਰ' ਦੇ ਪ੍ਰਾਈਵੇਟ ਵਾਰਡ 'ਚ ਭੇਜਿਆ ਗਿਆ ਸੀ। ਉਨ੍ਹਾਂ ਦੀ ਕੋਵਿਡ-19 ਦੀ ਜਾਂਚ ਰਿਪੋਰਟ ਨੈਗੇਟਿਵ ਆਈ ਹੈ।
ਜ਼ਿਕਰਯੋਗ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਕਾਂਗਰਸ ਦੇ ਸੀਨੀਅਰ ਨੇਤਾ ਹਨ ਫਿਲਹਾਲ ਰਾਜਸਥਾਨ ਤੋਂ ਰਾਜਸਭਾ ਮੈਂਬਰ ਹਨ। ਉਹ 2004 ਤੋਂ 2014 ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਹਨ। ਸਾਲ 2009 'ਚ ਉਨ੍ਹਾਂ ਦੀ ਏਮਜ਼ 'ਚ ਕੋਰੋਨਰੀ ਬਾਈਪਾਸ ਸਰਜਰੀ ਹੋਈ ਸੀ।