ਪੰਜਾਬ ਦੇ ਸਾਬਕਾ ਕ੍ਰਿਕਟਰ ਦਿਨੇਸ਼ ਮੋਂਗੀਆ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਫੜਿਆ ਭਾਜਪਾ ਦਾ ਪੱਲਾ

Tuesday, Dec 28, 2021 - 03:03 PM (IST)

ਪੰਜਾਬ ਦੇ ਸਾਬਕਾ ਕ੍ਰਿਕਟਰ ਦਿਨੇਸ਼ ਮੋਂਗੀਆ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਫੜਿਆ ਭਾਜਪਾ ਦਾ ਪੱਲਾ

ਨਵੀਂ ਦਿੱਲੀ (ਭਾਸ਼ਾ) : ਸਾਬਕਾ ਕ੍ਰਿਕਟਰ ਦਿਨੇਸ਼ ਮੋਂਗੀਆ ਮੰਗਲਵਾਰ ਨੂੰ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਏ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਸਿਆਸੀ ਪਾਰੀ ਦੀ ਸ਼ੁਰੂਆਤ ਕੀਤੀ। 44 ਸਾਲਾ ਮੋਂਗੀਆ ਨੇ ਇੱਥੇ ਰਾਸ਼ਟਰੀ ਰਾਜਧਾਨੀ ਵਿਚ ਇਕ ਸਮਾਗਮ ਦੌਰਾਨ ਕੇਂਦਰ ਵਿਚ ਸੱਤਾਧਾਰੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਲੈ ਲਈ। ਭਾਰਤ ਲਈ ਸੀਮਤ ਓਵਰਾਂ ਦੇ ਅੰਤਰਰਾਸ਼ਟਰੀ ਮੈਚ ਖੇਡਣ ਵਾਲੇ ਸਾਬਕਾ ਖੱਬੇ ਹੱਥ ਦੇ ਬੱਲੇਬਾਜ਼ ਮੋਂਗੀਆ ਪੰਜਾਬ ਦੇ ਰਹਿਣ ਵਾਲੇ ਹਨ, ਜਿੱਥੇ ਅਗਲੇ ਸਾਲ ਦੇ ਸ਼ੁਰੂ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਭਾਜਪਾ ਰਾਜ ਵਿਧਾਨ ਸਭਾ ਚੋਣਾਂ ਵਿਚ ਮੋਂਗੀਆ ਨੂੰ ਟਿਕਟ ਦੇ ਸਕਦੀ ਹੈ।

ਇਹ ਵੀ ਪੜ੍ਹੋ : ਪੜ੍ਹਾਈ ਦਾ ਜਨੂੰਨ, 23 ਸਾਲਾ ਪੋਤੀ ਅਤੇ 88 ਸਾਲਾ ਦਾਦੇ ਨੇ ਇਕੱਠਿਆਂ ਕੀਤੀ ਗ੍ਰੈਜੂਏਸ਼ਨ

2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੇ 77 ਸੀਟਾਂ ਜਿੱਤ ਕੇ ਰਾਜ ਵਿਚ ਪੂਰਨ ਬਹੁਮਤ ਹਾਸਲ ਕੀਤਾ ਸੀ ਅਤੇ 10 ਸਾਲਾਂ ਬਾਅਦ ਅਕਾਲੀ-ਭਾਜਪਾ ਸਰਕਾਰ ਨੂੰ ਬਾਹਰ ਦਾ ਰਸਤਾ ਦਿਖਾਇਆ ਸੀ। ਆਮ ਆਦਮੀ ਪਾਰਟੀ 117 ਮੈਂਬਰੀ ਪੰਜਾਬ ਵਿਧਾਨ ਸਭਾ ਵਿਚ 20 ਸੀਟਾਂ ਜਿੱਤ ਕੇ ਦੂਜੀ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ। ਉਥੇ ਹੀ ਸ਼੍ਰੋਮਣੀ ਅਕਾਲੀ ਦਲ ਸਿਰਫ਼ 15 ਸੀਟਾਂ ਹੀ ਜਿੱਤ ਸਕਿਆ ਸੀ ਜਦਕਿ ਭਾਜਪਾ ਨੂੰ 3 ਸੀਟਾਂ ਮਿਲੀਆਂ ਸਨ। ਮੋਂਗੀਆ ਸਾਲ 2001 ਤੋਂ 2007 ਤੱਕ 6 ਸਾਲ ਟੀਮ ਇੰਡੀਆ ਦਾ ਹਿੱਸਾ ਰਹੇ ਅਤੇ ਉਨ੍ਹਾਂ ਨੇ 57 ਵਨਡੇ ਖੇਡੇ, ਜਿਨ੍ਹਾਂ ਵਿਚੋਂ ਉਨ੍ਹਾਂ ਨੇ ਗੁਹਾਟੀ ਵਿਚ ਜ਼ਿੰਬਾਬਵੇ ਖ਼ਿਲਾਫ਼ ਖੇਡੇ ਗਈ ਮੈਚ ਵਿਚ ਇਕ ਸੈਂਕੜਾ ਅਤੇ ਹੋਰ ਮੈਚਾਂ ਵਿਚ 4 ਅਰਧ ਸੈਂਕੜੇ ਲਗਾਏ ਸਨ। ਵਨਡੇ ਮੈਚਾਂ 'ਚ ਉਨ੍ਹਾਂ ਦੇ ਨਾਂ 1230 ਦੌੜਾਂ ਦਰਜ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ 14 ਵਿਕਟਾਂ ਵੀ ਲਈਆਂ ਸਨ। ਉਹ ਸਾਲ 2003 ਵਿਚ ਵਿਸ਼ਵ ਕੱਪ ਕ੍ਰਿਕਟ ਟੀਮ ਦਾ ਵੀ ਹਿੱਸਾ ਸਨ।

ਇਹ ਵੀ ਪੜ੍ਹੋ : ਵੱਡਾ ਦਾਅਵਾ, ਬ੍ਰਿਟੇਨ ’ਚ ਕੋਵਿਡ ਕਾਰਨ ਘੱਟ ਮੌਤਾਂ ਪਿੱਛੇ ਹੈ ਇਹ ਵਜ੍ਹਾ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News