ਦਿੱਲੀ : ਚਾਈਨੀਜ਼ ਡੋਰ ਨਾਲ 'ਫੂਡ ਡਿਲਿਵਰੀ' ਮੁਲਾਜ਼ਮ ਨਾਲ ਵਾਪਰਿਆ ਹਾਦਸਾ, ਪਿੱਛਿਓਂ ਆ ਰਹੀ ਗੱਡੀ ਨੇ ਕੁਚਲਿਆ

08/08/2022 5:27:47 PM

ਨਵੀਂ ਦਿੱਲੀ (ਭਾਸ਼ਾ)- ਮੋਟਰਸਾਈਕਲ ਤੋਂ ਸੜਕ 'ਤੇ ਡਿੱਗੇ 32 ਸਾਲਾ ਇਕ 'ਫੂਡ ਡਿਲਿਵਰੀ' ਮੁਲਾਜ਼ਮ ਨੂੰ ਇੱਥੇ ਇਕ ਹੋਰ ਅਣਪਛਾਤੇ ਵਾਹਨ ਨੇ ਕੁਚਲ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ। ਪੁਲਸ ਸੂਤਰਾਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮੋਟਰਸਾਈਕਲ ਦੇ ਟਾਇਰ ਅਤੇ ਪੈਰ ਰੱਖਣ ਵਾਲੇ ਸਥਾਨ ਦੇ ਚਾਰੇ ਪਾਸੇ ਪਤੰਗ ਉਡਾਉਣ 'ਚ ਇਸਤੇਮਾਲ ਹੋਣ ਵਾਲੀ ਚਾਈਨੀਜ਼ ਡੋਰ ਲਿਪਟੀ ਹੋਈ ਸੀ। ਪੁਲਸ ਅਨੁਸਾਰ ਮੁਲਾਜ਼ਮ ਦੇ ਡਿੱਗਣ ਦਾ ਕਾਰਨ ਇਹ ਡੋਰ ਹੋ ਸਕਦੀ ਹੈ। ਇਹ ਹਾਦਸਾ ਐਤਵਾਰ ਨੂੰ ਦੱਖਣ-ਪੂਰਬੀ ਦਿੱਲੀ 'ਚ ਤੁਗਲਕਾਬਾਦ ਮੈਟਰੋ ਸਟੇਸ਼ਨ ਕੋਲ ਵਾਪਰਿਆ। ਉਨ੍ਹਾਂ ਕਿਹਾ ਕਿ ਨਰੇਂਦਰ  ਬਦਰਪੁਰ ਫਲਾਈਓਵਰ ਤੋਂ ਲੰਘ ਰਹੇ ਸਨ ਕਿ ਇਸੇ ਦੌਰਾਨ ਸੜਕ 'ਤੇ ਪਈ ਚਾਈਨੀਜ਼ ਡੋਰ ਉਨ੍ਹਾਂ ਦੇ ਦੋਪਹੀਆ ਵਾਹਨ ਦੇ ਟਾਇਰ ਅਤੇ ਪੈਰ ਰੱਖਣ ਦੇ ਸਥਾਨ ਦੇ ਚਾਰੇ ਪਾਸੇ ਉਲਝ ਗਈ।

ਇਹ ਵੀ ਪੜ੍ਹੋ : ਨੌਜਵਾਨ ਦੀ ਮੌਤ ਤੋਂ ਬਾਅਦ ਚਾਈਨੀਜ਼ ਡੋਰ ਖ਼ਿਲਾਫ਼ ਦਿੱਲੀ ਪੁਲਸ ਦਾ ਐਕਸ਼ਨ, 3 ਦੁਕਾਨਦਾਰ ਕੀਤੇ ਗ੍ਰਿਫ਼ਤਾਰ

ਪੁਲਸ ਨੇ ਕਿਹਾ ਕਿ ਉਨ੍ਹਾਂ ਦੇ ਮੋਟਰਸਾਈਕਲ ਤੋਂ ਡਿੱਗਣ ਦਾ ਕਾਰਨ ਇਹ ਡੋਰ ਹੋ ਸਕਦੀ ਹੈ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਰਾਤ ਕਰੀਬ 11.50 ਵਜੇ ਹਾਦਸੇ ਦੀ ਸੂਚਨਾ ਮਿਲੀ। ਉਨ੍ਹਾਂ ਕਿਹਾ ਕਿ ਪੁਲਸ ਮੌਕੇ ਤੇ ਪਹੁੰਚੀ ਤਾਂ ਨਰੇਂਦਰ ਦੀ ਲਾਸ਼ ਸੜਕ 'ਤੇ ਮਿਲੀ, ਜਿਸ ਦਾ ਸਿਰ ਕੁਚਲਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਉਸ ਦੇ ਸਰੀਰ ਦੇ ਕਿਸੇ ਹਿੱਸੇ 'ਚ ਡੋਰ ਨਹੀਂ ਫਸੀ ਸੀ। ਅਧਿਕਾਰੀ ਨੇ ਕਿਹਾ,''ਅਸੀਂ ਆਈ.ਪੀ.ਸੀ. ਦੀ ਧਾਰਾ 279 (ਤੇਜ਼ ਗਤੀ ਅਤੇ ਲਾਪਰਵਾਹੀ ਨਾਲ ਵਾਹਨ ਚਲਾਉਣਾ) ਅਤੇ 304 ਏ (ਲਾਪਰਵਾਹੀ ਨਾਲ ਮੌਤ) ਦੇ ਅਧੀਨ ਮਾਮਲਾ ਦਰਜ ਕੀਤਾ ਹੈ। ਮਾਮਲੇ 'ਚ ਹਾਲੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।'' ਪੁਲਸ ਨੇ ਕਿਹਾ ਕਿ ਉਹ ਹਾਦਸੇ 'ਚ ਸ਼ਾਮਲ ਵਾਹਨ ਦਾ ਪਤਾ ਲਗਾਉਣ ਲਈ ਸੀ.ਸੀ.ਟੀ.ਵੀ. ਫੁਟੇਜ ਦਾ ਵਿਸ਼ਲੇਸ਼ਣ ਕਰ ਰਹੀ ਹੈ ਅਤੇ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਡੋਰ ਕਿੱਥੋਂ ਆਈ। ਨਰੇਂਦਰ ਦੇ ਪਰਿਵਾਰ 'ਚ ਉਸ ਦੀ ਪਤਨੀ ਅਤੇ 5 ਅਤੇ 3 ਸਾਲ ਦੇ 2 ਪੁੱਤਰ, ਛੋਟਾ ਭਰਾ ਅਤੇ ਮਾਤਾ-ਪਿਤਾ ਹਨ।

ਇਹ ਵੀ ਪੜ੍ਹੋ : ਹੁਣ ਮੋਬਾਇਲ ਸਨੈਚਿੰਗ ਨਹੀਂ ਕਰ ਸਕਣਗੇ ਚੋਰ, ਦਿੱਲੀ ਪੁਲਸ ਨੇ ਬਣਾਈ ਅਜਿਹੀ ਯੋਜਨਾ


DIsha

Content Editor

Related News