Breaking : ਦ੍ਰੌਪਦੀ ਮੁਰਮੂ ਭਾਰਤ ਦੀ ਪਹਿਲੀ ਮਹਿਲਾ ਆਦਿਵਾਸੀ ਰਾਸ਼ਟਰਪਤੀ ਬਣੀ, ਯਸ਼ਵੰਤ ਸਿਨਹਾ ਨੂੰ ਹਰਾਇਆ
Thursday, Jul 21, 2022 - 08:09 PM (IST)
ਨਵੀਂ ਦਿੱਲੀ : ਐੱਨ.ਡੀ.ਏ. ਉਮੀਦਵਾਰ ਦ੍ਰੌਪਦੀ ਮੁਰਮੂ ਰਾਸ਼ਟਰਪਤੀ ਚੋਣ ਜਿੱਤ ਗਏ ਹਨ। ਉਹ ਭਾਰਤ ਦੀ ਪਹਿਲੀ ਮਹਿਲਾ ਆਦਿਵਾਸੀ ਰਾਸ਼ਟਰਪਤੀ ਹੋਣਗੇ। ਉਨ੍ਹਾਂ ਨੇ ਵਿਰੋਧੀ ਧਿਰ ਦੇ ਉਮੀਦਵਾਰ ਯਸ਼ਵੰਤ ਸਿਨਹਾ ਨੂੰ ਵੱਡੇ ਫਰਕ ਨਾਲ ਹਰਾਇਆ। ਦ੍ਰੌਪਦੀ ਮੁਰਮੂ ਆਜ਼ਾਦ ਭਾਰਤ ਦੇ 15ਵੇਂ ਰਾਸ਼ਟਰਪਤੀ ਵਜੋਂ ਚੁਣੇ ਗਏ ਹਨ। ਤੀਜੇ ਗੇੜ ਦੀ ਗਿਣਤੀ ਵਿੱਚ ਉਨ੍ਹਾਂ ਨੂੰ ਰਾਸ਼ਟਰਪਤੀ ਬਣਨ ਲਈ ਲੋੜੀਂਦੀਆਂ 50 ਫ਼ੀਸਦੀ ਵੋਟਾਂ ਮਿਲ ਗਈਆਂ ਹਨ। ਵੋਟਾਂ ਦੀ ਗਿਣਤੀ ਦਾ ਅਜੇ ਇਕ ਦੌਰ ਬਾਕੀ ਹੈ ਪਰ ਇਹ ਸਿਰਫ਼ ਇਕ ਰਸਮ ਹੀ ਹੈ। ਕੁਲ ਤਿੰਨ ਰਾਊਂਡ ਦੀ ਗੱਲ ਕਰੀਏ ਤਾਂ ਕੁਲ ਵੋਟਾਂ 3219 ਸਨ। ਇਨ੍ਹਾਂ ਦੀ ਵੈਲਿਊ 8,38,839 ਸੀ। ਇਸ ਵਿੱਚੋਂ ਦ੍ਰੌਪਦੀ ਮੁਰਮੂ ਨੂੰ 2161 ਵੋਟਾਂ (ਮੁੱਲ 5,77,777) ਮਿਲੀਆਂ, ਜਦੋਂ ਕਿ ਯਸ਼ਵੰਤ ਸਿਨਹਾ ਨੂੰ 1058 ਵੋਟਾਂ (ਮੁੱਲ 2,61,062) ਮਿਲੀਆਂ।
ਦੱਸ ਦੇਈਏ ਕਿ ਰਾਸ਼ਟਰਪਤੀ ਚੋਣ ਲਈ 18 ਜੁਲਾਈ ਨੂੰ ਵੋਟਾਂ ਪਈਆਂ ਸਨ। ਰਾਸ਼ਟਰਪਤੀ ਰਾਮਨਾਥ ਕੋਵਿੰਦ ਦਾ ਕਾਰਜਕਾਲ 24 ਜੁਲਾਈ ਨੂੰ ਖ਼ਤਮ ਹੋ ਰਿਹਾ ਹੈ। ਨਵੇਂ ਰਾਸ਼ਟਰਪਤੀ 25 ਜੁਲਾਈ ਨੂੰ ਸਹੁੰ ਚੁੱਕਣਗੇ। ਰਾਸ਼ਟਰਪਤੀ ਦੀ ਚੋਣ ਲਈ ਰਾਜ ਸਭਾ ਅਤੇ ਲੋਕ ਸਭਾ ਦੇ ਸੰਸਦ ਮੈਂਬਰ ਸੰਸਦ ਭਵਨ ’ਚ ਵੋਟਾਂ ਪਾਉਂਦੇ ਹਨ, ਜਦਕਿ ਸੂਬਿਆਂ ਦੀਆਂ ਵਿਧਾਨ ਸਭਾਵਾਂ ਦੇ ਵਿਧਾਇਕ ਵੋਟ ਦੇ ਅਧਿਕਾਰ ਦੀ ਵਰਤੋਂ ਕਰਦੇ ਹਨ।
ਦ੍ਰੌਪਦੀ ਮੁਰਮੂ ਨੂੰ ਮਿਲਣ ਪਹੁੰਚੇ PM ਮੋਦੀ
ਪੀ.ਐੱਮ. ਮੋਦੀ ਦਿੱਲੀ 'ਚ ਦ੍ਰੌਪਦੀ ਮੁਰਮੂ ਦੇ ਘਰ ਪਹੁੰਚੇ, ਉਨ੍ਹਾਂ ਦੇ ਨਾਲ ਭਾਜਪਾ ਪ੍ਰਧਾਨ ਜੇ.ਪੀ. ਨੱਡਾ ਵੀ ਹਨ। ਦੋਵਾਂ ਨੇ ਮੁਰਮੂ ਨੂੰ ਰਾਸ਼ਟਰਪਤੀ ਚੋਣ ਜਿੱਤਣ 'ਤੇ ਵਧਾਈ ਦਿੱਤੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਦ੍ਰੌਪਦੀ ਮੁਰਮੂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਲਿਖਿਆ, "ਰਾਸ਼ਟਰਪਤੀ ਚੋਣ 'ਚ ਪ੍ਰਭਾਵਸ਼ਾਲੀ ਜਿੱਤ ਦਰਜ ਕਰਨ ਲਈ ਸ਼੍ਰੀਮਤੀ ਦ੍ਰੌਪਦੀ ਮੁਰਮੂ ਜੀ ਨੂੰ ਵਧਾਈ। ਉਹ ਪਿੰਡਾਂ, ਗਰੀਬਾਂ, ਪੱਛੜਿਆਂ ਦੇ ਨਾਲ-ਨਾਲ ਝੁੱਗੀ-ਝੌਂਪੜੀਆਂ ਵਿੱਚ ਰਹਿਣ ਵਾਲੇ ਲੋਕਾਂ ਦੀ ਭਲਾਈ ਲਈ ਸਰਗਰਮ ਰਹੀ ਹੈ। ਅੱਜ ਉਹ ਉਨ੍ਹਾਂ 'ਚੋਂ ਉੱਠ ਕੇ ਸਭ ਤੋਂ ਉੱਚੇ ਸੰਵਿਧਾਨਕ ਅਹੁਦੇ 'ਤੇ ਪਹੁੰਚੀ ਹੈ, ਇਹ ਭਾਰਤੀ ਲੋਕਤੰਤਰ ਦੀ ਤਾਕਤ ਦਾ ਸਬੂਤ ਹੈ।"
ਯਸ਼ਵੰਤ ਸਿਨਹਾ ਨੇ ਦਿੱਤੀ ਵਧਾਈ
ਯਸ਼ਵੰਤ ਸਿਨਹਾ ਨੇ ਦ੍ਰੌਪਦੀ ਮੁਰਮੂ ਨੂੰ ਜਿੱਤ ਦੀ ਵਧਾਈ ਦਿੱਤੀ ਹੈ। ਉਨ੍ਹਾਂ ਲਿਖਿਆ ਕਿ ਮੈਂ ਦ੍ਰੌਪਦੀ ਮੁਰਮੂ ਨੂੰ ਜਿੱਤ ਲਈ ਵਧਾਈ ਦਿੰਦਾ ਹਾਂ। ਭਾਰਤ ਨੂੰ ਉਮੀਦ ਹੈ ਕਿ ਉਹ ਬਿਨਾਂ ਕਿਸੇ ਡਰ ਜਾਂ ਪੱਖ ਦੇ ਸੰਵਿਧਾਨ ਦੇ ਰਖਵਾਲੇ ਵਜੋਂ ਕੰਮ ਕਰਨਗੇ।
ਇਹ ਧਿਆਨ ਦੇਣ ਯੋਗ ਹੈ ਕਿ ਭਾਰਤ ਦਾ ਰਾਸ਼ਟਰਪਤੀ ਨਾ ਸਿਰਫ਼ ਰਾਜ ਦਾ ਮੁਖੀ ਹੁੰਦਾ ਹੈ, ਸਗੋਂ ਭਾਰਤੀ ਹਥਿਆਰਬੰਦ ਸੈਨਾਵਾਂ ਦਾ ਸੁਪਰੀਮ ਕਮਾਂਡਰ ਅਤੇ ਦੇਸ਼ ਦਾ ਪਹਿਲਾ ਨਾਗਰਿਕ ਵੀ ਹੁੰਦਾ ਹੈ। ਦ੍ਰੌਪਦੀ ਮੁਰਮੂ ਦੇਸ਼ ਦੀ ਦੂਜੀ ਮਹਿਲਾ ਰਾਸ਼ਟਰਪਤੀ ਹੈ। ਇਨ੍ਹਾਂ ਤੋਂ ਪਹਿਲਾਂ ਪ੍ਰਤਿਭਾ ਪਾਟਿਲ ਦੇਸ਼ ਦੇ ਰਾਸ਼ਟਰਪਤੀ ਦੇ ਅਹੁਦੇ 'ਤੇ ਰਹਿ ਚੁੱਕੇ ਹਨ।