ਮਹਾਕਾਲ ਮੰਦਰ ਦੀ ਛੱਤ ''ਤੇ ਲੱਗੀ ਭਿਆਨਕ ਅੱਗ, ਆਸਮਾਨ ''ਚ ਉਠਿਆ ਕਾਲੇ ਧੂੰਏਂ ਦਾ ਗੁਬਾਰ
Monday, May 05, 2025 - 01:20 PM (IST)

ਨੈਸ਼ਨਲ ਡੈਸਕ- ਮੱਧ ਪ੍ਰਦੇਸ਼ ਦੇ ਉੱਜੈਨ 'ਚ ਸਥਿਤ ਬਾਬਾ ਮਹਾਕਾਲੇਸ਼ਵਰ ਮੰਦਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਮੰਦਰ ਦੇ ਗੇਟ ਨੰਬਰ 1 ਦੇ ਨੇੜੇ ਸੁਵਿਧਾ ਕੇਂਦਰ ਦੇ ਉੱਪਰ ਅਚਾਨਕ ਅੱਗ ਲੱਗ ਗਈ। ਇਹ ਘਟਨਾ ਦੁਪਹਿਰ 12 ਵਜੇ ਦੇ ਕਰੀਬ ਵਾਪਰੀ, ਜਿਸ ਕਾਰਨ ਉੱਥੇ ਹਫੜਾ-ਦਫੜੀ ਦਾ ਮਾਹੌਲ ਸੀ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ, ਪੁਲਿਸ ਫੋਰਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ।
ਸੁਵਿਧਾ ਕੇਂਦਰ ਦੀ ਛੱਤ 'ਤੇ ਭੜਕੀ ਅੱਗ
ਮਿਲੀ ਜਾਣਕਾਰੀ ਮੁਤਾਬਕ ਮੰਦਰ ਕੰਪਲੈਕਸ ਦੇ ਨੇੜੇ ਬਣੇ ਸੁਵਿਧਾ ਕੇਂਦਰ ਦੀ ਛੱਤ 'ਤੇ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਕੰਟਰੋਲ ਰੂਮ ਹੈ। ਅਚਾਨਕ ਉੱਥੇ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਉੱਥੋਂ ਧੂੰਆਂ ਉੱਠਦਾ ਦੇਖਿਆ ਗਿਆ ਅਤੇ ਫਿਰ ਥੋੜ੍ਹੀ ਦੇਰ ਵਿਚ ਅੱਗ ਦੀਆਂ ਲਪਟਾਂ ਅਸਮਾਨ ਤੱਕ ਪਹੁੰਚ ਗਈਆਂ। ਅੱਗ ਤੇਜ਼ੀ ਨਾਲ ਫੈਲਣ ਲੱਗੀ, ਜਿਸ ਨਾਲ ਉੱਥੇ ਮੌਜੂਦ ਸ਼ਰਧਾਲੂਆਂ ਅਤੇ ਕਰਮੀਆਂ 'ਚ ਦਹਿਸ਼ਤ ਫੈਲ ਗਈ। ਅੱਗ ਲੱਗਣ ਦੀ ਖ਼ਬਰ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੁਰੰਤ ਮੌਕੇ 'ਤੇ ਪਹੁੰਚ ਗਈਆਂ। ਟੀਮ ਨੂੰ ਅੱਗ 'ਤੇ ਕਾਬੂ ਪਾਉਣ ਲਈ ਸਖ਼ਤ ਮਿਹਨਤ ਕਰਨੀ ਪਈ। ਇਸ ਦੇ ਨਾਲ ਹੀ ਪੁਲਸ ਨੇ ਸ਼ਰਧਾਲੂਆਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾ ਦਿੱਤਾ ਤਾਂ ਜੋ ਕੋਈ ਜ਼ਖਮੀ ਨਾ ਹੋਵੇ।
ਘਟਨਾ ਦੀ ਗੰਭੀਰਤਾ ਨੂੰ ਵੇਖਦੇ ਹੋਏ ਉੱਜੈਨ ਦੇ ਕਲੈਕਟਰ ਅਤੇ ਐੱਸ. ਪੀ. ਵੀ ਮੌਕੇ 'ਤੇ ਪਹੁੰਚੇ। ਦੋਵੇਂ ਸੀਨੀਅਰ ਅਧਿਕਾਰੀਆਂ ਨੇ ਰਾਹਤ ਅਤੇ ਬਚਾਅ ਕੰਮਾਂ ਦੀ ਨਿਗਰਾਨੀ ਕੀਤੀ ਅਤੇ ਅਧਿਕਾਰੀਆਂ ਨੂੰ ਜ਼ਰੂਰੀ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਇਹ ਵੀ ਭਰੋਸਾ ਦਿੱਤਾ ਕਿ ਅੱਗ 'ਤੇ ਜਲਦੀ ਕਾਬੂ ਪਾਇਆ ਜਾਵੇਗਾ ਅਤੇ ਸਥਿਤੀ ਨੂੰ ਆਮ ਕੀਤਾ ਜਾਵੇਗਾ। ਸ਼ੁਰੂਆਤੀ ਜਾਂਚ ਮੁਤਾਬਕ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਿਟ ਦੱਸਿਆ ਜਾ ਰਿਹਾ ਹੈ।
ਰੋਜ਼ਾਨਾ ਲੱਖਾਂ ਸ਼ਰਧਾਲੂ ਕਰਦੇ ਹਨ ਮਹਾਕਾਲ ਦੇ ਦਰਸ਼ਨ
ਹਰ ਰੋਜ਼ ਲੱਖਾਂ ਸ਼ਰਧਾਲੂ ਮਹਾਕਾਲ ਮੰਦਰ ਦੇ ਦਰਸ਼ਨ ਕਰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਹਰ ਰੋਜ਼ ਦੇਸ਼ ਭਰ ਤੋਂ ਹਜ਼ਾਰਾਂ ਸ਼ਰਧਾਲੂ ਉਜੈਨ ਦੇ ਬਾਬਾ ਮਹਾਕਾਲ ਮੰਦਰ ਦੇ ਦਰਸ਼ਨਾਂ ਲਈ ਪਹੁੰਚਦੇ ਹਨ। ਸੋਮਵਾਰ ਅਤੇ ਸਾਉਣ ਦੇ ਮਹੀਨੇ ਇੱਥੇ ਖਾਸ ਭੀੜ ਹੁੰਦੀ ਹੈ। ਅਜਿਹੇ ਵਿਚ ਅੱਗ ਲੱਗਣ ਦੀ ਇਸ ਘਟਨਾ ਨੂੰ ਬਹੁਤ ਸੰਵੇਦਨਸ਼ੀਲ ਮੰਨਿਆ ਜਾ ਰਿਹਾ ਹੈ। ਪ੍ਰਦੂਸ਼ਣ ਬੋਰਡ ਦੇ ਕੰਟਰੋਲ ਰੂਮ ਵਿਚ ਕਈ ਮਹੱਤਵਪੂਰਨ ਇਲੈਕਟ੍ਰਾਨਿਕ ਯੰਤਰ ਅਤੇ ਦਸਤਾਵੇਜ਼ ਰੱਖੇ ਗਏ ਸਨ। ਅੱਗ ਲੱਗਣ ਨਾਲ ਇਨ੍ਹਾਂ ਵਿਚੋਂ ਕੁਝ ਨੂੰ ਨੁਕਸਾਨ ਹੋਣ ਦੀ ਸੰਭਾਵਨਾ ਹੈ। ਫਿਲਹਾਲ ਨੁਕਸਾਨ ਦਾ ਮੁਲਾਂਕਣ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ।