ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਚਾਂਦੀ ਨੇ ਕਰਵਾ 'ਤੀ ਤੋਬਾ-ਤੋਬਾ, 1.74 ਲੱਖ ਪ੍ਰਤੀ ਕਿੱਲੋ ਹੋਈ ਕੀਮਤ
Sunday, Oct 12, 2025 - 08:06 AM (IST)

ਮੁੰਬਈ (ਇੰਟ.) - ਇਸ ਤਿਉਹਾਰੀ ਸੀਜ਼ਨ ’ਚ ਚਾਂਦੀ ਦੀਆਂ ਕੀਮਤਾਂ ’ਚ ਭਾਰੀ ਉਛਾਲ ਵੇਖਿਆ ਜਾ ਰਿਹਾ ਹੈ। ਬਾਜ਼ਾਰ ’ਚ ਚਾਂਦੀ ਦੀ ਸਪਲਾਈ ਘੱਟ ਹੋਣ ਨਾਲ ਇਸ ਦੇ ਮੁੱਲ ਆਸਮਾਨ ਛੂਹ ਰਹੇ ਹਨ। ਇਹ ਸਥਿਤੀ ਦਹਾਕਿਆਂ ’ਚ ਪਹਿਲੀ ਵਾਰ ਵੇਖੀ ਜਾ ਰਹੀ ਹੈ। ਨਿਵੇਸ਼ਕ ਖੂਬ ਖਰੀਦਦਾਰੀ ਕਰ ਰਹੇ ਹਨ, ਜਿਸ ਨਾਲ ਕਮੀ ਹੋਰ ਵਧ ਗਈ ਹੈ। ਚਾਂਦੀ ਦੀ ਇਹ ਤੇਜ਼ੀ ਆਮ ਖਰੀਦਦਾਰਾਂ ਲਈ ਮਹਿੰਗੀ ਸਾਬਤ ਹੋ ਰਹੀ ਹੈ। ਰਿਪੋਰਟ ਮੁਤਾਬਕ ਇਸ ਵਾਰ ਚਾਂਦੀ ਨੇ ਇਕ ਵੱਖਰਾ ਹੀ ‘ਸਿਲਵਰ ਥਰਸਡੇਅ’ ਮਨਾਇਆ। ਸੋਨੇ ਦੇ ਮੁਕਾਬਲੇ ਗਰੀਬ ਮੰਨੀ ਜਾਣ ਵਾਲੀ ਚਾਂਦੀ ਦੀਆਂ ਕੀਮਤਾਂ ਗਲੋਬਲ ਮਾਰਕੀਟ ’ਚ 50 ਡਾਲਰ ਪ੍ਰਤੀ ਔਂਸ ਤੋਂ ਟੱਪ ਗਈਆਂ ਹਨ। ਇਹ ਪੱਧਰ ਦਹਾਕਿਆਂ ’ਚ ਪਹਿਲੀ ਵਾਰ ਛੂਹਿਆ ਗਿਆ ਹੈ। ਦੇਸ਼ ’ਚ ਚਾਂਦੀ ਦੇ ਭਾਅ 174000 ਪ੍ਰਤੀ ਕਿੱਲੋ ਤੱਕ ਪਹੁੰਚ ਗਏ। ਇਹ ਮੁੱਲ ਕਮੋਡਿਟੀ ਐਕਸਚੇਂਜਾਂ ਦੀਆਂ ਕੀਮਤਾਂ ਨਾਲੋਂ 15,000 ਰੁਪਏ ਤੋਂ ਵੱਧ ਹਨ।
ਪੜ੍ਹੋ ਇਹ ਵੀ : ਧਨਤੇਰਸ ਤੇ ਦੀਵਾਲੀ ਤੋਂ ਪਹਿਲਾਂ ਹੋਰ ਮਹਿੰਗਾ ਹੋਇਆ ਸੋਨਾ, ਜਾਣੋ 10 ਗ੍ਰਾਮ ਸੋਨੇ ਦੀ ਨਵੀਂ ਕੀਮਤ
ਗ੍ਰੇਅ ਮਾਰਕੀਟ ’ਚ ਚਾਂਦੀ ਖਰੀਦਣਾ ਜ਼ਿਆਦਾ ਮਹਿੰਗਾ
ਬਾਜ਼ਾਰ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਗ੍ਰੇਅ ਮਾਰਕੀਟ ’ਚ ਚਾਂਦੀ ਖਰੀਦਣਾ ਹੋਰ ਵੀ ਮਹਿੰਗਾ ਹੋ ਗਿਆ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਘਰੇਲੂ ਬਾਜ਼ਾਰਾਂ ’ਚ ਚਾਂਦੀ ਦੀ ਕਮੀ ਹੈ, ਕਿਉਂਕਿ ਨਿਵੇਸ਼ਕ ਖੂਬ ਖਰੀਦਦਾਰੀ ਕਰ ਰਹੇ ਹਨ। ਪੁਰਾਣੇ ਲੋਕ ਦੱਸਦੇ ਹਨ ਕਿ ਉਨ੍ਹਾਂ ਨੂੰ 27 ਮਾਰਚ 1980 ਦਾ ‘ਸਿਲਵਰ ਥਰਸਡੇਅ’ ਯਾਦ ਆ ਰਿਹਾ ਹੈ। ਉਸ ਦਿਨ ਉਸ ਸਾਲ 18 ਜਨਵਰੀ ਨੂੰ 49.54 ਡਾਲਰ ਦੇ ਉੱਚੇ ਪੱਧਰ ’ਤੇ ਪੁੱਜਣ ਤੋਂ ਬਾਅਦ ਚਾਂਦੀ ਦੀਆਂ ਦਰਾਂ ਡਿੱਗ ਗਈਆਂ ਸਨ। ਕੁਝ ਵਪਾਰੀਆਂ ਦਾ ਕਹਿਣਾ ਹੈ ਕਿ ਬਾਅਦ ’ਚ 2011 ’ਚ ਵੀ ਕੀਮਤਾਂ 50 ਡਾਲਰ ਤੱਕ ਪਹੁੰਚੀਆਂ ਸਨ।
ਪੜ੍ਹੋ ਇਹ ਵੀ : ਹੱਦ ਹੋ ਗਈ! ਰਾਜਵੀਰ ਜਵੰਦਾ ਦੇ ਅੰਤਿਮ ਸੰਸਕਾਰ 'ਤੇ ਕਈ ਪੰਜਾਬੀ ਗਾਇਕਾਂ ਸਣੇ 150 ਤੋਂ ਵੱਧ ਫੋਨ ਚੋਰੀ
ਚਾਂਦੀ ਹੁਣ ਇਕ ਨਵੇਂ ਉੱਚੇ ਪੱਧਰ ’ਤੇ
ਐੱਮ. ਐੱਸ. ਅਨੰਤਰਾਏ ਐਂਡ ਸੰਨਜ਼ ਦੇ ਪੰਕਜ ਬਖਾਈ ਕਹਿੰਦੇ ਹਨ ਕਿ ਇਹ 27 ਮਾਰਚ 1980 ਨੂੰ ਵੀਰਵਾਰ ਸੀ, ਜਦੋਂ ਚਾਂਦੀ ਦੀਆਂ ਦਰਾਂ ਡਿੱਗੀਆਂ ਸਨ। ਹੁਣ 9 ਅਕਤੂਬਰ 2025 ਨੂੰ ਵੀ ਵੀਰਵਾਰ ਸੀ। ਹਾਲਾਂਕਿ, ਚਾਂਦੀ ਹੁਣ ਇਕ ਨਵੇਂ ਉੱਚੇ ਪੱਧਰ ’ਤੇ ਪਹੁੰਚ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ 1980 ਦੇ ਦਹਾਕੇ ’ਚ ਨਾਗਪੁਰ ਦੇ ਬਾਜ਼ਾਰ ਨੇ ਵੀ ਇਸ ਦਾ ਅਸਰ ਮਹਿਸੂਸ ਕੀਤਾ ਸੀ। ਪੰਕਜ ਬਖਾਈ ਦੱਸਦੇ ਹਨ ਕਿ ਚਾਂਦੀ ਦੀਆਂ ਕੀਮਤਾਂ ਅਜੇ ਤੇਜ਼ੀ ਵਿਖਾ ਰਹੀਆਂ ਹਨ, ਇਸ ਦੇ ਕਈ ਕਾਰਨ ਹਨ। ਖਾਨਾਂ ਤੋਂ ਸਪਲਾਈ ਘੱਟ ਹੋਣ ਦਰਮਿਆਨ ਭਾਰੀ ਖਰੀਦਦਾਰੀ ਹੋ ਰਹੀ ਹੈ। ਚਾਂਦੀ ਦੀ ਮਜ਼ਬੂਤ ਉਦਯੋਗਕ ਮੰਗ ਵੀ ਕੀਮਤਾਂ ਨੂੰ ਵਧਾ ਰਹੀ ਹੈ।
ਪੜ੍ਹੋ ਇਹ ਵੀ : ਔਰਤਾਂ ਲਈ ਖ਼ਾਸ ਖ਼ਬਰ : ਦੀਵਾਲੀ ਤੋਂ ਪਹਿਲਾਂ ਖਾਤੇ 'ਚ ਆਉਣਗੇ ਇੰਨੇ ਪਾਸੇ
ਸਤੰਬਰ ’ਚ 700 ਟਨ ਚਾਂਦੀ ਦੀ ਦਰਾਮਦ
ਜੈੱਮਜ਼ ਐਂਡ ਜਿਊਲਰੀ (ਡੋਮੈਸਟਿਕ) ਕੌਂਸਲ (ਜੀ. ਜੇ. ਸੀ.) ਦੇ ਚੇਅਰਮੈਨ ਰਾਜੇਸ਼ ਰੋਕੜੇ ਨੇ ਕਿਹਾ, ‘‘ਨਿਵੇਸ਼ਕਾਂ ਦੀ ਚਾਂਦੀ ਲਈ ਭੁੱਖ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਸਤੰਬਰ ’ਚ 700 ਟਨ, ਜਦੋਂ ਕਿ ਅਗਸਤ ’ਚ 350 ਟਨ ਚਾਂਦੀ ਦੀ ਦਰਾਮਦ ਹੋਈ ਸੀ। ਇਸ ਦੇ ਬਾਵਜੂਦ ਧਾਤੂ ਦੀ ਕਮੀ ਬਣੀ ਹੋਈ ਹੈ। ਇਹ ਸਭ ਦੱਸਦਾ ਹੈ ਕਿ ਚਾਂਦੀ ਦੀ ਮੰਗ ਬਹੁਤ ਜ਼ਿਆਦਾ ਹੈ ਅਤੇ ਸਪਲਾਈ ਘੱਟ ਹੈ, ਇਸ ਲਈ ਕੀਮਤਾਂ ਵਧ ਰਹੀਆਂ ਹਨ। ਇਹ ਸਥਿਤੀ ਨਿਵੇਸ਼ਕਾਂ ਲਈ ਤਾਂ ਚੰਗੀ ਹੈ ਪਰ ਆਮ ਖਰੀਦਦਾਰਾਂ ਲਈ ਚਾਂਦੀ ਖਰੀਦਣਾ ਮਹਿੰਗਾ ਹੋ ਗਿਆ ਹੈ। ਪੁਰਾਣੇ ਦਿਨਾਂ ਦੀਆਂ ਯਾਦਾਂ ਤਾਜ਼ਾ ਹੋ ਗਈਆਂ ਹਨ, ਜਦੋਂ ਚਾਂਦੀ ਦੀਆਂ ਕੀਮਤਾਂ ’ਚ ਇੰਝ ਹੀ ਉਤਾਰ-ਚੜ੍ਹਾਅ ਵੇਖੇ ਗਏ ਸਨ ਪਰ ਇਸ ਵਾਰ ਦੀ ਤੇਜ਼ੀ ਇਕ ਨਵਾਂ ਰਿਕਾਰਡ ਬਣਾ ਰਹੀ ਹੈ।’’
ਪੜ੍ਹੋ ਇਹ ਵੀ : 10 ਦਿਨ ਬੰਦ ਰਹਿਣਗੇ ਸਾਰੇ ਸਕੂਲ, ਇਸ ਸੂਬੇ ਦੇ CM ਨੇ ਕਰ 'ਤਾ ਛੁੱਟੀਆਂ ਦਾ ਐਲਾਨ
ਕੋਟਕ ਮਿਊਚੁਅਲ ਫੰਡ ਨੇ ਸਿਲਵਰ ਈ. ਟੀ. ਐੱਫ. ’ਚ ਲੰਪਸਮ ਸਵਿੱਚ-ਇਨ ਨਿਵੇਸ਼ ਰੋਕਿਆ
ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ’ਚ ਜ਼ਬਰਦਸਤ ਉਛਾਲ ਦਰਮਿਆਨ ਕੋਟਕ ਮਿਊਚੁਅਲ ਫੰਡ ਨੇ ਆਪਣੇ ਕੋਟਕ ਸਿਲਵਰ ਈ. ਟੀ. ਐੱਫ. ਫੰਡ ਆਫ ਫੰਡ (ਐੱਫ. ਓ. ਐੱਫ.) ’ਚ ਲੰਪਸਮ ਅਤੇ ਸਵਿੱਚ-ਇਨ ਨਿਵੇਸ਼ਾਂ ’ਤੇ ਅਸਥਾਈ ਰੋਕ ਲਾ ਦਿੱਤੀ ਹੈ। ਕੋਟਕ ਮਹਿੰਦਰਾ ਏ. ਐੱਮ. ਸੀ. ਦੇ ਪ੍ਰਬੰਧ ਨਿਰਦੇਸ਼ਕ ਨਿਲੇਸ਼ ਸ਼ਾਹ ਨੇ ਮੀਡੀਆ ਨੂੰ ਇਕ ਬਿਆਨ ’ਚ ਦੱਸਿਆ ਕਿ ਇਹ ਫੈਸਲਾ ਕੀਮਤਾਂ ਦੀ ਅਸਮਾਨਤਾ ਕਾਰਨ ਲਿਆ ਗਿਆ। ਕੋਟਕ ਸਿਲਵਰ ਈ. ਟੀ. ਐੱਫ. ਦੀ ਕੀਮਤ ਗਲੋਬਲ ਚਾਂਦੀ ਦੀਆਂ ਕੀਮਤਾਂ ’ਤੇ ਆਧਾਰਤ ਹੁੰਦੀ ਹੈ, ਜਿਸ ਨੂੰ ਰੁਪਏ ’ਚ ਬਦਲਣ ਤੋਂ ਬਾਅਦ ਉਸ ’ਤੇ ਇੰਪੋਰਟ ਡਿਊਟੀ ਅਤੇ ਜੀ. ਐੱਸ. ਟੀ. ਜੁੜਦਾ ਹੈ।
ਇਸ ਲਈ ਰੋਕਣਾ ਪਿਆ ਨਿਵੇਸ਼
ਨਿਲੇਸ਼ ਸ਼ਾਹ ਕਿਹਾ ਕਿ ਮੰਨ ਲਓ, ਗਲੋਬਲ ਚਾਂਦੀ ਦੀ ਕੀਮਤ 50 ਡਾਲਰ ਪ੍ਰਤੀ ਔਂਸ (31 ਗ੍ਰਾਮ) ਹੈ, ਤਾਂ ਡਾਲਰ ਦੀ ਕੀਮਤ 90 ਰੁਪਏ ਦੇ ਹਿਸਾਬ ਨਾਲ ਇਹ 4,500 ਰੁਪਏ ਹੁੰਦੀ ਹੈ। ਲੱਗਭਗ 7 ਫ਼ੀਸਦੀ ਡਿਊਟੀ ਅਤੇ ਜੀ. ਐੱਸ. ਟੀ. ਜੋੜਣ ’ਤੇ ਉਚਿਤ ਕੀਮਤ 5,000 ਰੁਪਏ ਪ੍ਰਤੀ ਔਂਸ ਬਣਦੀ ਹੈ ਪਰ ਹਾਜ਼ਰ ਬਾਜ਼ਾਰ ’ਚ ਜਿਊਲਰਜ਼ ਅਤੇ ਬੁਲੀਅਨ ਡੀਲਰਜ਼ ਲੱਗਭਗ 5,500 ਰੁਪਏ ਪ੍ਰਤੀ ਔਂਸ ਦਾ ਭਾਅ ਦੇ ਰਹੇ ਹਨ। ਇਹ ਫਰਕ ਸ਼ਿਪਮੈਂਟ ਦੇਰੀ, ਸ਼ਾਰਟ ਕਵਰੇਜ ਜਾਂ ਤਿਉਹਾਰੀ ਮੰਗ ਕਾਰਨ ਹੈ। ਆਮ ਤੌਰ ’ਤੇ ਅਜਿਹੇ ਪ੍ਰੀਮੀਅਮ ਬਹੁਤ ਘੱਟ ਹੁੰਦੇ ਹਨ। ਮਸਲਨ ਇਹ ਪ੍ਰੀਮੀਅਮ 0.5 ਫ਼ੀਸਦੀ ਤੱਕ ਹੁੰਦਾ ਹੈ ਪਰ 10 ਫੀਸਦੀ ਨਹੀਂ। ਲੰਘੇ ਵੀਰਵਾਰ ਨੂੰ ਪ੍ਰੀਮੀਅਮ ਲੱਗਭਗ 12 ਫੀਸਦੀ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਿਆ। ਅਜਿਹੇ ’ਚ ਜੋ ਨਿਵੇਸ਼ਕ ਮੇਰੇ ਸਿਲਵਰ ਈ. ਟੀ. ਐੱਫ. ’ਚ ਨਿਵੇਸ਼ ਕਰਦੇ ਹਨ, ਉਹ ਅਸਲ ’ਚ 5,000 ਰੁਪਏ ਦੀ ਬਜਾਏ 5,500 ਰੁਪਏ ਭੁਗਤਾਨ ਕਰ ਰਹੇ ਹਨ, ਇਸ ਲਈ ਨਿਵੇਸ਼ਕਾਂ ਦੇ ਹਿਤਾਂ ਦੀ ਰਾਖੀ ਲਈ ਨਿਵੇਸ਼ ਰੋਕਣ ਦਾ ਫੈਸਲਾ ਲਿਆ।
ਪੜ੍ਹੋ ਇਹ ਵੀ : ਮਹਿੰਗਾ ਹੋਇਆ LPG ਗੈਸ ਸਿਲੰਡਰ, ਤਿਉਹਾਰਾਂ 'ਤੇ ਲੱਗਾ ਵੱਡਾ ਝਟਕਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।