ਕੁਆਰੰਟੀਨ ਨਾ ਪੂਰਾ ਕਰਨ ''ਤੇ ਪਿਤਾ ਨੇ ਪੁੱਤਰ ਦੀ ਕੀਤੀ ਹੱਤਿਆ

Thursday, May 07, 2020 - 01:30 PM (IST)

ਭੋਪਾਲ-ਦੇਸ਼ ਭਰ 'ਚ ਖਤਰਨਾਕ ਕੋਰੋਨਾਵਾਇਰਸ ਦੇ ਕਹਿਰ ਨਾਲ ਨਜਿੱਠਣ ਲਈ ਲਾਕਡਾਊਨ ਲਾਗੂ ਹੈ। ਇਸ ਦੌਰਾਨ ਘਰ ਪਰਤ ਰਹੇ ਲੋਕਾਂ ਦੀ ਟੈਸਟਿੰਗ ਕਰਨ ਤੋਂ ਬਾਅਦ ਕੁਆਰੰਟੀਨ 'ਚ ਭੇਜਿਆ ਜਾਂਦਾ ਹੈ ਪਰ ਇਸ ਦੌਰਾਨ ਇਕ ਸ਼ਖਸ ਨੂੰ ਕੁਆਰੰਟੀਨ ਦੌਰਾਨ ਘਰ ਆਉਣਾ ਉਸ ਸਮੇ ਮਹਿੰਗਾ ਪੈ ਗਿਆ ਜਦੋਂ ਉਸ ਨੂੰ ਆਪਣੀ ਜਾਨ ਗੁਆਉਣੀ ਪਈ। ਇਹ ਮਾਮਲਾ ਮੱਧ ਪ੍ਰਦੇਸ਼ ਦੇ ਬਾਲਾਘਾਟ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਪਿਤਾ ਨੇ ਆਪਣੇ ਪੁੱਤਰ ਦੀ ਇਸ ਕਾਰਨ ਹੱਤਿਆ ਕਰ ਦਿੱਤੀ ਕਿਉਂਕਿ ਉਹ ਕੁਆਰੰਟੀਨ ਪੂਰਾ ਕੀਤੇ ਬਿਨਾਂ ਘਰ ਆਉਣਾ ਚਾਹੁੰਦਾ ਸੀ। ਦੱਸ ਦੇਈਏ ਕਿ ਮ੍ਰਿਤਕ ਕੁਝ ਦਿਨ ਪਹਿਲਾਂ ਹੀ ਹੈਦਰਾਬਾਦ ਤੋਂ ਪੈਦਲ ਹੀ ਵਾਪਸ ਪਰਤਿਆ ਸੀ। 

ਮ੍ਰਿਤਕ ਦੇ ਭਰਾ ਰੂਪ ਚੰਦ ਨੇ ਦੱਸਿਆ ਕਿ ਉਸ ਦਾ ਭਰਾ ਟੇਕਚੰਦ ਫਰਵਰੀ ਮਹੀਨੇ 'ਚ ਮਜ਼ਦੂਰੀ ਕਰਨ ਸਿੰਕਦਰਾਬਾਦ ਗਿਆ ਸੀ। ਲਾਕਡਾਊਨ ਲਾਗੂ ਹੋਣ ਤੋਂ ਬਾਅਦ ਉਹ ਆਪਣੇ ਸਾਥੀ ਮਜ਼ਦੂਰਾਂ ਨਾਲ ਇਕ ਹਫਤਾ ਪਹਿਲਾਂ ਹੀ ਪੈਦਲ ਉੱਥੋ ਰਵਾਨਾ ਹੋ ਗਿਆ। 1 ਮਈ ਨੂੰ ਉਹ ਤਹਿਸੀਲ ਬੈਹਰ ਪਹੁੰਚਿਆ ਜਿੱਥੇ ਉਸ ਨੂੰ ਇਕ ਦਿਨ ਲਈ ਕੁਆਰੰਟੀਨ 'ਚ ਰੱਖਿਆ ਗਿਆ, ਫਿਰ ਗ੍ਰਾਮ ਪੰਚਾਇਤ ਕੁਗਾਂਵ 'ਚ 2 ਦਿਨ ਲਈ ਰੱਖਿਆ ਗਿਆ। ਤੀਜੇ ਦਿਨ ਸਾਰਿਆਂ ਨੂੰ ਹੋਮ ਕੁਆਰੰਟੀਨ ਹੋਣ ਦਾ ਕਹਿ ਕੇ ਘਰ ਭੇਜ ਦਿੱਤਾ ਗਿਆ। 3 ਮਈ ਨੂੰ ਜਦੋਂ ਟੇਕਚੰਦ ਘਰ ਆਇਆ ਤਾਂ ਪਿਤਾ ਭੀਮਾਲਾਲ ਨੇ ਕੋਰੋਨਾ ਪੀੜਤ ਦੇ ਸ਼ੱਕ ਦੇ ਕਾਰਨ ਉਸ ਨੂੰ ਇਹ ਕਹਿ ਕੇ ਘਰ ਨਹੀਂ ਆਉਣ ਦਿੱਤਾ ਕਿ ਕੁਝ ਦਿਨ ਹੋਰ ਪਿੰਡ ਦੇ ਕੁਆਰੰਟੀਨ ਸੈਂਟਰ 'ਚ ਰਹੇ। ਇਸ ਗੱਲ 'ਤੇ ਦੋਵਾਂ 'ਚ ਵਿਵਾਦ ਹੋ ਗਿਆ, ਜਿਸ ਕਾਰਨ ਪਿਤਾ ਨੇ ਸੋਟੀ ਨਾਲ ਟੇਕਚੰਦ ਦੇ ਸਿਰ 'ਤੇ ਵਾਰ ਕੀਤੇ ਅਤੇ ਉਹ ਜ਼ਖਮੀ ਹੋ ਗਿਆ ਅਤੇ ਹਸਪਤਾਲ 'ਚ ਉਸ ਦੀ ਮੌਤ ਹੋ ਗਈ। ਮੌਕੇ 'ਤੇ ਪਹੁੰਚੀ ਪੁਲਸ ਨੇ ਪਿਤਾ 'ਤੇ ਹੱਤਿਆ ਦਾ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ।


Iqbalkaur

Content Editor

Related News