ਫਾਰੂਕ ਅਬਦੁੱਲਾ ਬੋਲੇ- ''ਪਾਕਿਸਤਾਨ ਨਾਲ ਰਿਸ਼ਤੇ ਉਦੋਂ ਤੱਕ ਨਹੀਂ ਸੁਧਰਨਗੇ ਜਦੋਂ ਤੱਕ...''
Friday, May 02, 2025 - 12:35 PM (IST)

ਸ਼੍ਰੀਨਗਰ- ਨੈਸ਼ਨਲ ਕਾਨਫਰੰਸ (ਨੇਕਾਂ) ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਪਾਕਿਸਤਾਨ ਨੂੰ ਅਸਫ਼ਲ ਦੇਸ਼ ਕਰਾਰ ਦਿੰਦੇ ਹੋਏ ਕਿਹਾ ਕਿ ਜਦੋਂ ਤੱਕ ਗੁਆਂਢੀ ਦੇਸ਼ 'ਚ ਜਨਤਾ ਦੀ ਸਰਕਾਰ ਨਹੀਂ ਚੁਣੀ ਜਾਂਦੀ, ਉਦੋਂ ਤੱਕ ਨਵੀਂ ਦਿੱਲੀ ਅਤੇ ਇਸਲਾਮਾਬਾਦ ਦੇ ਰਿਸ਼ਤੇ ਨਹੀਂ ਸੁਧਰਨਗੇ। ਫਾਰੂਕ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਕਿਸਤਾਨ ਦੇ ਲੋਕ ਭਾਰਤ ਨਾਲ ਦੋਸਤੀ ਚਾਹੁੰਦੇ ਹਨ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਦੋਹਾਂ ਦੇਸ਼ਾਂ ਵਿਚਾਲੇ ਜੰਗ ਦੇ ਖ਼ਤਰਨਾਕ ਨਤੀਜੇ ਹੋਣਗੇ।
ਫਾਰੂਕ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗ ਅੰਤਿਮ ਵਿਕਲਪ ਹੈ, ਤਾਂ ਉਨ੍ਹਾਂ ਨੇ ਕਿਹਾ ਕਿ ਤਣਾਅ ਤਾਂ ਹੈ ਪਰ ਮੈਂ ਇਹ ਨਹੀਂ ਕਹਿ ਸਕਦਾ ਕਿ ਇਹ ਅੰਤਿਮ ਵਿਕਲਪ ਹੈ ਜਾਂ ਨਹੀਂ। ਦੋਹਾਂ ਦੇਸ਼ਾਂ ਦੇ ਸ਼ਾਸਕਾਂ ਨੂੰ ਇਸ ਦਾ ਫ਼ੈਸਲਾ ਕਰਨਾ ਹੈ। ਹਾਲਾਂਕਿ ਜੰਮੂ-ਕਸ਼ਮੀਰ ਸੂਬੇ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਦੋਹਾਂ ਦੇਸ਼ਾਂ ਵਿਚਾਲੇ ਰਿਸ਼ਤੇ ਉਦੋਂ ਸੁਧਰਨਗੇ ਜਦੋਂ ਫ਼ੌਜ ਚੱਲੀ ਜਾਵੇਗੀ ਅਤੇ ਪਾਕਿਸਤਾਨ ਵਿਚ ਜਨਤਾ ਦੀ ਸਰਕਾਰ ਬਣੇਗੀ।
ਫਾਰਕੂ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਜਦੋਂ ਤੱਕ ਉੱਥੇ ਫ਼ੌਜ ਰਹੇਗੀ, ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤੇ ਸੁਧਰਨਗੇ। ਪਾਕਿਸਤਾਨ ਦੇ ਲੋਕ ਭਾਰਤ ਨਾਲ ਦੋਸਤੀ ਚਾਹੁੰਦੇ ਹਨ ਪਰ ਉੱਥੇ ਮੌਜੂਦ ਸ਼ਾਸਕ ਵਰਗ ਨਹੀਂ। ਜਦੋਂ ਲੋਕਾਂ ਦੀ ਸਰਕਾਰ ਆਵੇਗੀ, ਤਾਂ ਮੈਨੂੰ ਯਕੀਨ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਸ਼ਾਂਤੀ ਹੋਵੇਗੀ। ਫਾਰਕੂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਜੰਗ ਹੋਈ ਤਾਂ ਨਤੀਜੇ ਖ਼ਤਰਨਾਕ ਹੋਣਗੇ, ਕਿਉਂਕਿ ਦੋਹਾਂ ਪਾਸੇ ਪਰਮਾਣੂ ਸ਼ਕਤੀ ਹੈ। ਜੇਕਰ ਉਹ ਇਸ ਦੀ ਵਰਤੋਂ ਕਰਦੇ ਹਨ, ਤਾਂ ਸਿਰਫ਼ ਪਰਮਾਤਮਾ ਹੀ ਜਾਣਦਾ ਹੈ ਕੀ ਹੋਵੇਗਾ। ਅਬਦੁੱਲਾ ਨੇ ਕਿਹਾ ਕਿ ਕਸ਼ਮੀਰ ਮੁਸ਼ਕਲ ਦੌਰ ਵਿਚੋਂ ਲੰਘ ਰਿਹਾ ਹੈ ਅਤੇ ਭਵਿੱਖ ਵਿਚ ਕੀ ਹੋਵੇਗਾ, ਇਸ ਦਾ ਪੂਰਵ ਅਨੁਮਾਨ ਨਹੀਂ ਲਾਇਆ ਜਾ ਸਕਦਾ।