ਕਿਸਾਨਾਂ ਦੀ ‘ਟਰੈਕਟਰ ਪਰੇਡ’ ’ਚ ਖੇਤੀ ਕਾਨੂੰਨਾਂ ਖ਼ਿਲਾਫ਼ ਕੱਢੀਆਂ ਜਾਣਗੀਆਂ ਝਾਕੀਆਂ

Sunday, Jan 24, 2021 - 07:07 PM (IST)

ਨਵੀਂ ਦਿੱਲੀ (ਭਾਸ਼ਾ)— ਪ੍ਰਦਰਸ਼ਨਕਾਰੀ ਕਿਸਾਨਾਂ ਦੀ ‘ਗਣਤੰਤਰ ਦਿਵਸ ਟਰੈਕਟਰ ਪਰੇਡ’ ’ਚ ਵੱਖ-ਵੱਖ ਸੂਬਿਆਂ ਦੀਆਂ ਕਈ ਝਾਕੀਆਂ ਹੋਣਗੀਆਂ, ਜੋ ਕਿ ਪਿੰਡਾਂ ਦੇ ਜੀਵਨ, ਕੇਂਦਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਨਾਲ ਹੀ ਪ੍ਰਦਰਸ਼ਨਕਾਰੀਆਂ ਦੇ ਸਾਹਸ ਨੂੰ ਬਿਆਨ ਕਰਨਗੀਆਂ। ਇਹ ਜਾਣਕਾਰੀ ਆਯੋਜਕਾਂ ਨੇ ਦਿੱਤੀ। ਇਕ ਕਿਸਾਨ ਆਗੂ ਨੇ ਦੱਸਿਆ ਕਿ ਪ੍ਰਦਰਸ਼ਨ ’ਚ ਸ਼ਾਮਲ ਹੋਣ ਵਾਲੀਆਂ ਸਾਰੀਆਂ ਜਥੇਬੰਦੀਆਂ ਨੂੰ ਪਰੇਡ ਲਈ ਝਾਕੀ ਤਿਆਰ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ। ਦੇਸ਼ ਭਰ ਤੋਂ ਲੱਗਭਗ ਇਕ ਲੱਖ ਟਰੈਕਟਰ ਪਰੇਡ ਵਿਚ ਸ਼ਾਮਲ ਹੋਣਗੀਆਂ। ਇਨ੍ਹਾਂ ’ਚੋਂ ਲੱਗਭਗ 30 ਫ਼ੀਸਦੀ ’ਤੇ ਵੱਖ-ਵੱਖ ਵਿਸ਼ਿਆਂ ’ਤੇ ਝਾਕੀਆਂ ਹੋਣਗੀਆਂ, ਜਿਸ ’ਚ ਭਾਰਤ ’ਚ ਕਿਸਾਨ ਅੰਦੋਲਨ ਦਾ ਇਤਿਹਾਸ, ਮਹਿਲਾ ਕਿਸਾਨਾਂ ਦੀ ਭੂਮਿਕਾ ਅਤੇ ਵੱਖ-ਵੱਖ ਸੂਬਿਆਂ ਤੋਂ ਖੇਤੀ ਦੇ ਅਪਣਾਏ ਜਾਣ ਵਾਲੇ ਤਰੀਕੇ ਸ਼ਾਮਲ ਹੋਣਗੇ। 

PunjabKesari

ਸਵਰਾਜ ਇੰਡੀਆ ਦੇ ਇਕ ਮੈਂਬਰ ਨੇ ਕਿਹਾ ਕਿ ਖ਼ੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੇ ਬੱਚਿਆਂ ਦੇ ਪਰੇਡ ਵਿਚ ਹਿੱਸਾ ਲੈਣ ਦੀ ਉਮੀਦ ਹੈ। ਉਨ੍ਹਾਂ ਦੀ ਝਾਕੀ ਵਿਚ ਉਸ ਖੇਤਰ ਦੇ ਕਿਸਾਨਾਂ ਦੇ ਸਾਹਮਣੇ ਆਉਣ ਵਾਲੀਆਂ ਮੁਸ਼ਕਲਾਂ ਨੂੰ ਦਰਸਾਇਆ ਜਾਵੇਗਾ, ਜਿਸ ਨੂੰ ਪਾਣੀ ਦੀ ਕਮੀ ਦਾ ਸਾਹਮਣਾ ਕਰਨਾ ਪੈਦਾ ਹੈ। ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਉੱਤਰਾਖੰਡ ਵਰਗੇ ਸੂਬਿਆਂ ਦੀਆਂ ਝਾਕੀਆਂ ਤੋਂ ਪਤਾ ਲੱਗੇਗਾ ਕਿ ਪਹਾੜੀ ਖੇਤਰਾਂ ਵਿਚ ਫਲਾਂ ਅਤੇ ਸਬਜ਼ੀਆਂ ਦੀ ਖੇਤੀ ਕਿਵੇਂ ਕੀਤੀ ਜਾਂਦੀ ਹੈ। ਪੰਜਾਬ ਅਤੇ ਹਰਿਆਣਾ ਦੇ ਰਿਵਾਇਤੀ ਅਤੇ ਆਧੁਨਿਕ ਖੇਤੀ ਤਕਨੀਕ ਅਤੇ ਬੀਬੀਆਂ ਵਲੋਂ ਗਾਂ ਦਾ ਦੁੱਧ ਕੱਢਣ ਅਤੇ ਕਿਸਾਨਾਂ ਵਲੋਂ ਬੈਲਗੱਡੀ ਚਲਾਉਣ ਦਾ ਪ੍ਰਦਰਸ਼ਨ ਕਰਨਗੇ। 

PunjabKesari

ਕਿਸਾਨ ਆਗੂਆਂ ਨੇ ਕਿਹਾ ਕਿ ਹਰੇਕ ਟਰੈਕਟਰ ’ਤੇ ਤਿਰੰਗਾ ਲੱਗਾ ਹੋਵੇਗਾ ਅਤੇ ਲੋਕ ਸੰਗੀਤ ਤੇ ਦੇਸ਼ ਭਗਤੀ ਦੇ ਗੀਤ ਵਜਾਏ ਜਾਣਗੇ। ਪ੍ਰਦਰਸ਼ਨਕਾਰੀ ਕਿਸਾਨ ਜਥੇਬੰਦੀਆਂ ਦੇ ਸਾਂਝੇ ਮੋਰਚੇ ‘ਸੰਯੁਕਤ ਕਿਸਾਨ ਮੋਰਚਾ’ ਦੇ ਇਕ ਮੈਂਬਰ ਨੇ ਕਿਹਾ ਕਿ ਪਰੇਡ ਦੀ ਸ਼ੁਰੂਆਤ ਦਿੱਲੀ ਦੀਆਂ 5 ਸਰਹੱਦਾਂ- ਸਿੰਘੂ, ਟਿਕਰੀ, ਪਲਵਲ ਅਤੇ ਸ਼ਾਹਜਹਾਂਪੁਰ ਤੋਂ ਹੋਣ ਦੀ ਸੰਭਾਵਨਾ ਹੈ, ਜਿੱਥੇ ਕਿਸਾਨ ਪਿਛਲੇ 26 ਨਵੰਬਰ ਤੋਂ ਡਟੇ ਹੋਏ ਹਨ।

PunjabKesari

ਉਨ੍ਹਾਂ ਨੇ ਕਿਹਾ ਕਿ ਟਰੈਕਟਰ ਪਰੇਡ ਰਾਜਪਥ ’ਤੇ ਅਧਿਕਾਰਤ ਗਣਤੰਤਰ ਦਿਵਸ ਪਰੇਡ ਦੀ ਸਮਾਪਤੀ ਤੋਂ ਬਾਅਦ ਸ਼ੁਰੂ ਹੋਵੇਗੀ ਅਤੇ ਸ਼ਾਮ 6 ਵਜੇ ਦੇ ਕਰੀਬ ਖਤਮ ਹੋਣ ਤੋਂ ਪਹਿਲਾਂ 100 ਕਿਲੋਮੀਟਰ ਤੋਂ ਵੱਧ ਦੀ ਦੂਰੀ ਤੈਅ ਕਰੇਗੀ। ਕਿਸਾਨ ਆਗੂਆਂ ਨੇ ਕਿਹਾ ਕਿ ਟਰੈਕਟਰ ਪਰੇਡ ਸ਼ਾਂਤੀਪੂਰਨ ਰਹੇਗੀ ਅਤੇ ਕਿਸੇ ਤਰ੍ਹਾਂ ਨਾਲ ਗਣਤੰਤਰ ਦਿਵਸ ਪਰੇਡ ਨੂੰ ਪ੍ਰਭਾਵਿਤ ਨਹੀਂ ਕਰੇਗੀ।

PunjabKesari


Tanu

Content Editor

Related News