ਕੇਂਦਰ ਨੇ ਕਿਸਾਨਾਂ ਨਾਲ ਗੱਲਬਾਤ ਦੀ ਮਿੱਥੀ ਤਾਰੀਖ਼, ਖੇਤੀਬਾੜੀ ਮੰਤਰੀ ਨੇ ਦਿੱਤਾ ਵੱਡਾ ਬਿਆਨ
Monday, Dec 28, 2020 - 06:43 PM (IST)
ਨਵੀਂ ਦਿੱਲੀ (ਭਾਸ਼ਾ)— 30 ਦਸੰਬਰ ਨੂੰ ਕੇਂਦਰ ਅਤੇ ਸਰਕਾਰ ਵਿਚਾਲੇ ਕਿਸਾਨੀ ਮੁੱਦੇ ’ਤੇ ਚਰਚਾ ਲਈ ਬੈਠਕ ਹੋਵੇਗੀ। ਕਿਸਾਨਾਂ ਦੇ 4 ਸੂਤਰੀ ਏਜੰਡੇ ਮਗਰੋਂ ਕੇਂਦਰ ਸਰਕਾਰ ਨੇ ਅੱਜ ਯਾਨੀ ਕਿ ਸੋਮਵਾਰ ਨੂੰ ਕਿਸਾਨਾਂ ਨੂੰ ਰਸਮੀ ਸੱਦਾ ਭੇਜਿਆ ਹੈ। ਇਸ ਦਰਮਿਆਨ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਵਿਚਾਲੇ ‘ਯੋਜਨਾਬੱਧ ਤਰੀਕੇ’ ਨਾਲ ‘ਝੂਠ ਦੀ ਕੰਧ’ ਖੜ੍ਹੀ ਕੀਤੀ ਗਈ ਹੈ ਪਰ ਅਜਿਹਾ ਲੰਬੇ ਸਮੇਂ ਤੱਕ ਨਹੀਂ ਚੱਲੇਗਾ ਅਤੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਛੇਤੀ ਹੀ ਸੱਚਾਈ ਦਾ ਅਹਿਸਾਸ ਹੋਵੇਗਾ। ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਗਤੀਰੋਧ ਦਾ ਛੇਤੀ ਹੀ ਹੱਲ ਲੱਭ ਲਿਆ ਜਾਵੇਗਾ। ਦੱਸ ਦੇਈਏ ਕਿ ਇਕ ਮਹੀਨੇ ਤੋਂ ਵੱਧ ਸਮੇਂ ਤੋਂ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਕਿਸਾਨ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰਦੇ ਹੋਏ ਦਿੱਲੀ ਦੀਆਂ ਸਰਹੱਦਾਂ ’ਤੇ ਡਟੇ ਹੋਏ ਹਨ। ਉਨ੍ਹਾਂ ਨੇ ਚਿਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ’ਚ ਜੇਕਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਉਹ ਆਪਣਾ ਅੰਦੋਲਨ ਤੇਜ਼ ਕਰਨਗੇ।
ਇਹ ਵੀ ਪੜ੍ਹੋ: ਕਿਸਾਨ ਅੰਦੋਲਨ: ਕਿਸਾਨਾਂ ਨੂੰ ਕੇਂਦਰ ਦਾ ਰਸਮੀ ਸੱਦਾ, ਬੈਠਕ ਦਾ ਬਦਲਿਆ ਸਮਾਂ ਅਤੇ ਦਿਨ
ਦੱਸ ਦੇਈਏ ਕਿ ਹੁਣ ਤੱਕ ਕੇਂਦਰ ਅਤੇ ਕਿਸਾਨ ਜਥੇਬੰਦੀਆਂ ਵਿਚਾਲੇ 5 ਦੌਰ ਦੀ ਰਸਮੀ ਗੱਲਬਾਤ ਹੋਈ ਹੈ, ਜੋ ਕਿ ਬੇਸਿੱਟਾ ਰਹੀ। ਕੇਂਦਰ ਵਲੋਂ ਗਤੀਰੋਧ ਨੂੰ ਖ਼ਤਮ ਕਰਨ ਲਈ ਗੱਲਬਾਤ ਬਹਾਲ ਕਰਨ ਦੀ ਲਗਾਤਾਰ ਅਪੀਲ ਮਗਰੋਂ ਕਿਸਾਨ ਜਥੇਬੰਦੀਆਂ ਨੇ ਬੀਤੀ 26 ਦਸੰਬਰ ਨੂੰ ਬੈਠਕ ਲਈ 29 ਦਸੰਬਰ ਨੂੰ ਸਮਾਂ ਦਿੱਤਾ ਸੀ। ਸਰਕਾਰ ਨੇ ਜਵਾਬ ’ਚ ਕਿਸਾਨ ਜਥੇਬੰਦੀਆਂ ਨੂੰ ਚਿੱਠੀ ਲਿਖ ਕੇ ਗੱਲਬਾਤ ਲਈ 30 ਦਸੰਬਰ ਨੂੰ ਰਸਮੀ ਸੱਦਾ ਦਿੱਤਾ ਹੈ। ਹੁਣ 29 ਦੀ ਥਾਂ 30 ਦਸੰਬਰ ਦੁਪਹਿਰ 2 ਵਜੇ ਵਿਗਿਆਨ ਭਵਨ ’ਚ ਬੈਠਕ ਹੋਵੇਗੀ, ਜਿਸ ’ਚ ਕਿਸਾਨੀ ਮੁੱਦੇ ’ਤੇ ਚਰਚਾ ਕੀਤੀ ਜਾਵੇਗਾ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਕਿਸਾਨ ਆਗੂਆਂ ਨੇ ਤੈਅ ਕੀਤਾ ਕੇਂਦਰ ਨਾਲ ਬੈਠਕ ਦਾ ਸਮਾਂ ਅਤੇ ਤਾਰੀਖ਼
ਖੇਤੀਬਾੜੀ ਮੰਤਰੀ ਤੋਮਰ ਨੇ ਅੱਗੇ ਕਿਹਾ ਕਿ ਛੇਤੀ ਹੀ ਰਾਹ ਨਿਕਲੇਗਾ ਅਤੇ ਅਸੀਂ ਕਿਸੇ ਹੱਲ ਤੱਕ ਪਹੁੰਚਾਂਗੇ। ਹਰ ਕੋਈ ਜਾਣਦਾ ਹੈ ਕਿ ਝੂਠ ਦੀ ਕੰਧ ਕਦੇ ਮਜ਼ਬੂਤ ਨਹੀਂ ਹੁੰਦੀ। ਸੱਚਾਈ, ਸੱਚਾਈ ਹੁੰਦੀ ਹੈ। ਸਮਾਂ ਆਵੇਗਾ, ਜਦੋਂ ਲੋਕ ਸੱਚਾਈ ਸਵੀਕਾਰ ਕਰਨਾ ਸ਼ੁਰੂ ਕਰਨਗੇ। ਉਨ੍ਹਾਂ ਨੇ ਨਾਰਾਜ਼ਗੀ ਜ਼ਾਹਰ ਕੀਤੀ ਕਿ ਕੁਝ ਲੋਕਾਂ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਦੇ ਦਿਲਾਂ ਵਿਚ ਗਲਤਫ਼ਹਿਮੀ ਪੈਦਾ ਕਰ ਦਿੱਤੀ ਹੈ। ਫ਼ਿਲਹਾਲ ਸਰਕਾਰ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰ ਰਹੀ ਹੈ। ਉਮੀਦ ਹੈ ਕਿ ਅਸੀਂ ਇਨ੍ਹਾਂ ਨੂੰ ਦੂਰ ਕਰਨ ’ਚ ਸਫ਼ਲ ਹੋਵਾਂਗੇ। ਤੋਮਰ ਨੇ ਇਹ ਵੀ ਕਿਹਾ ਕਿ ਸਰਕਾਰ ਲੋਕਤੰਤਰੀ ਢਾਂਚੇ ਤਹਿਤ ਗੱਲਬਾਤ ਲਈ ਹਮੇਸ਼ਾ ਤਿਆਰ ਹੈ ਅਤੇ ਤਿਆਰ ਰਹੇਗੀ। ਸਰਕਾਰ ਦਾ ਮੰਨਣਾ ਹੈ ਕਿ ਮੁੱਦਿਆਂ ਦੇ ਹੱਲ ਲਈ ਗੱਲਬਾਤ ਹੀ ਇਕਮਾਤਰ ਹਥਿਆਰ ਹੈ।
ਨੋਟ- ਖੇਤੀਬਾੜੀ ਮੰਤਰੀ ਦੇ ਇਸ ਬਿਆਨ ਨੂੰ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ, ਕੁਮੈਂਟ ਬਾਕਸ ’ਚ ਦਿਓ ਰਾਏ