ਕਿਸਾਨ ਅੰਦੋਲਨ: ਪੰਜਾਬ ਨੂੰ ਸਮਝਣ 'ਚ ਨਾਕਾਮ ਰਹੀ ਮੋਦੀ ਸਰਕਾਰ,ਆਖ਼ਿਰ ਕਿੱਥੇ ਹੋਈ ਗ਼ਲਤੀ

Saturday, Dec 05, 2020 - 06:08 PM (IST)

ਸੰਜੀਵ ਪਾਂਡੇ

ਮੋਦੀ ਸਰਕਾਰ ਨੂੰ ਅੰਦਰ ਹੀ ਅੰਦਰ ਇਹ ਸਵਾਲ ਪਰੇਸ਼ਾਨ ਕਰ ਰਿਹਾ ਹੋਵੇਗਾ ਕਿ ਉਸਦੀਆਂ ਉਮੀਦਾਂ ਦੇ ਉਲਟ ਇੰਨਾ ਵੱਡਾ ਅੰਦੋਲਨ ਕਿਵੇਂ ਖੜ੍ਹਾ ਹੋ ਗਿਆ? ਦਰਅਸਲ ਪਿਛਲੇ ਛੇ ਸਾਲਾਂ ਤੋਂ ਕਿਸੇ ਵੀ ਵੱਡੇ ਅੰਦੋਲਨ ਦਾ ਸਰਕਾਰ ਨੂੰ ਸਾਹਮਣਾ ਨਹੀਂ ਕਰਨਾ ਪਿਆ।ਆਖ਼ਿਰਕਾਰ ਸਰਕਾਰ ਦੀਆਂ ਖੁਫ਼ੀਆ ਏਜੰਸੀਆਂ ਤੋਂ ਕਿੱਥੇ ਗ਼ਲਤੀ ਹੋ ਗਈ ।ਸਰਕਾਰ ਨੂੰ ਸਮੇਂ ਸਿਰ ਖ਼ਬਰ ਹੀਂ ਨਹੀਂ ਮਿਲੀ ਕਿ ਇੰਨੇ ਕਿਸਾਨ ਸੰਗਠਨ ਇਕੱਠੇ ਹੋ ਚੁੱਕੇ ਹਨ ਅਤੇ  ਦਿੱਲੀ ਵੱਲ ਵੱਧਣ ਵਾਲੇ ਹਨ।ਸਰਕਾਰ ਨੂੰ ਸਲਾਹਾਕਾਰਾਂ ਨੇ ਇਹ ਹੀ ਸਲਾਹ ਦਿੱਤੀ ਸੀ ਕਿ ਤੁਸੀਂ ਧੱਕੇ ਨਾਲ ਇਹ ਬਿੱਲ ਪਾਸ ਕਰਵਾ ਦਿਓ, ਕੋਈ ਅੰਦੋਲਨ ਨਹੀਂ ਹੋਵੇਗਾ। ਉਨ੍ਹਾਂ ਨੂੰ ਲੱਗਿਆ ਕਿ ਵਿਰੋਧੀ ਧਿਰ ਤਾਂ ਪਹਿਲਾਂ ਹੀ ਮਰ ਚੁੱਕਾ ਹੈ ਅਤੇ ਕਿਸਾਨ ਵੀ ਕਮਜ਼ੋਰ ਹੋ ਚੁੱਕੇ ਹਨ। ਹਾਲਾਂਕਿ ਲੋਕ ਸਭਾ ਅਤੇ ਰਾਜ ਸਭਾ ਵਿੱਚ ਬਿੱਲ ਪਾਸ ਹੋਣ ਸਮੇਂ ਕੁਝ ਸੰਸਦਾਂ ਨੇ ਕਿਸਾਨਾਂ ਦੇ ਗੁੱਸੇ ਬਾਰੇ ਸੁਚੇਤ ਕੀਤਾ ਸੀ।ਸੰਸਦਾਂ ਨੇ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਵੀ ਸਲਾਹ ਦਿੱਤੀ ਸੀ ਪਰ ਸਰਕਾਰ ਨੂੰ ਤਾਂ ਆਪਣੇ ਬਹੁਮਤ ਦਾ ਹੰਕਾਰ ਸੀ।ਸਰਕਾਰ ਕਿਸੇ ਦੀ ਸੁਣਨ ਨੂੰ ਤਿਆਰ ਨਹੀਂ ਸੀ।ਸਰਕਾਰ ਨੂੰ ਇਤਿਹਾਸ ਦੀ ਵੀ ਜਾਣਕਾਰੀ ਨਹੀਂ ਹੈ। ਹਾਲਾਕਿ ਸਰਕਾਰ 'ਚ ਸ਼ਾਮਿਲ ਕਈ ਆਗੂ ਲਗਾਤਾਰ ਐਮਰਜੈਂਸੀ ਅਤੇ ਇੰਦਰਾ ਗਾਂਧੀ ਦੀ ਤਾਨਾਸ਼ਾਹੀ ਖ਼ਿਲਾਫ਼ ਲੜਾਈ ਦੀ ਵੱਡੇ ਪੱਧਰ 'ਤੇ ਚਰਚਾ ਕਰਦੇ  ਰਹੇ ਹਨ। 

ਇਹ ਵੀ ਪੜ੍ਹੋ: ਦਾਦੇ ਤੋਂ ਪੋਤੇ ਨੂੰ ਲੱਗੀ ਕਿਸਾਨੀ ਘੋਲ ਦੀ ਲੋਅ,ਮੁਜ਼ਾਹਰੇ ਚ ਨਿੱਤਰੀਆਂ ਤਿੰਨ ਪੀੜ੍ਹੀਆਂ,ਵੇਖੋ ਤਸਵੀਰਾਂ

ਆਰਥਿਕ ਉਦਾਰੀਕਰਣ

1990 ਦੇ ਦਹਾਕੇ ਦੇ ਆਰਥਿਕ ਉਦਾਰੀਕਰਣ ਨੇ ਦੇਸ਼ ਦੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਸਭ ਤੋਂ ਜ਼ਿਆਦਾ ਸੱਟ ਮਾਰੀ ਹੈ।ਉਦਾਰੀਕਰਣ ਨੇ ਕਿਸਾਨ ਅਤੇ ਮਜ਼ਦੂਰ ਅੰਦੋਲਨ ਵੀ ਦੇਸ਼ 'ਚ ਕਮਜ਼ੋਰ ਕੀਤਾ ਹੈ। ਖੱਬੇਪੱਖੀ ਦਲ ਵੀ ਕਮਜ਼ੋਰ ਪੈ ਗਏ ਹਨ।ਸਮਾਜਵਾਦੀ ਵਿਚਾਰਧਾਰਾ ਦੀ ਗੱਲ ਕਰਨ ਵਾਲੀ ਕਾਂਗਰਸ ਵੀ ਪੂਰੀ ਤਰ੍ਹਾਂ ਨਾਲ ਕਾਰਪੋਰੇਟ ਦੇ ਕਬਜ਼ੇ ਹੇਠਾਂ ਆ ਗਈ ਹੈ। ਇਨ੍ਹਾਂ ਹਲਾਤਾਂ ਵਿੱਚ ਫਿਰ ਭਾਜਪਾ ਨੇ ਉਭਰਨਾ ਤੈਅ ਸੀ ਪਰ ਭਾਜਪਾ ਵਿੱਚ ਸ਼ਾਮਿਲ ਨੇਤਾਵਾਂ,ਸੰਗਠਨਾਂ ਅਤੇ ਸਲਾਹਾਕਾਰਾਂ ਦੀ ਭੂਗੋਲ  ਅਤੇ ਇਤਿਹਾਸ ਬਾਰੇ ਜਾਣਕਾਰੀ ਬਹੁਤ ਘੱਟ ਹੈ। ਪੰਜਾਬ ਦੇ ਕਿਸਾਨ ਐਨਾ ਵੱਡਾ ਅੰਦੋਲਨ ਖੜ੍ਹਾ ਕਰ ਦੇਣਗੇ, ਇਸਦਾ ਉਨ੍ਹਾਂ ਨੂੰ ਇਲਮ ਵੀ ਨਹੀਂ ਸੀ।ਦੇਸ਼ ਭਰ ਦੇ ਕਿਸਾਨਾਂ ਨੂੰ ਪੰਜਾਬ ਦੇ ਕਿਸਾਨ ਜਗਾ ਦੇਣਗੇ, ਇਹਦੀ ਸ਼ਾਇਦ ਭਾਜਪਾ ਸਰਕਾਰ ਨੂੰ ਉਮੀਦ ਵੀ ਨਹੀਂ ਸੀ। ਇਹ ਹੈਰਾਨੀਜਨਕ ਇਸ ਲਈ ਵੀ ਹੈ ਕਿ ਖ਼ੁਦ ਪ੍ਰਧਾਨ ਮੰਤਰੀ ਮੋਦੀ ਕਿਸੇ ਸਮੇਂ ਪੰਜਾਬ ਅਤੇ ਹਰਿਆਣਾ ਵਿੱਚ ਬੀਜੇਪੀ ਦੇ ਇੰਚਾਰਜ ਰਹੇ ਹਨ।ਗੁਜਰਾਤ 'ਚ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਮੋਦੀ ਖ਼ੁਦ ਪੰਜਾਬ ਅਤੇ ਹਰਿਆਣਾ 'ਚ ਭਾਜਪਾ ਸੰਗਠਨ ਦਾ ਕੰਮਕਾਜ ਵੇਖਦੇ ਸਨ।  ਉਨ੍ਹਾਂ ਲੰਮਾ ਸਮਾਂ ਚੰਡੀਗੜ੍ਹ, ਪੰਚਕੂਲਾ ਅਤੇ ਰੋਹਤਕ ਵਿੱਚ ਬਿਤਾਇਆ ਹੈ।ਫਿਰ ਵੀ ਮੋਦੀ ਕਿਸਾਨਾਂ ਦੀ ਨਬਜ਼ ਫੜਨ ਵਿੱਚ ਅਸਫ਼ਲ ਕਿਵੇਂ ਹੋ ਗਏ?

ਇਹ ਵੀ ਪੜ੍ਹੋ:ਖੇਤਾਂ ਤੋਂ ਸਰਹੱਦਾਂ ਤੱਕ ਜੂਝਣ ਵਾਲੇ ਕਿਸਾਨ ਯੋਧਿਆਂ ਨੂੰ ਦੇਸ਼ਧ੍ਰੋਹੀ ਕਹਿਣ ਦੀ ਬਜਾਏ ਕਰੋ ਸਲਾਮ

ਪੰਜਾਬ ਦੇ ਕਿਸਾਨਾਂ ਦਾ ਜਜ਼ਬਾ

ਅੰਦੋਲਨ ਅਤੇ ਵਿਰੋਧ ਦੀ ਰਾਜਨੀਤੀ ਪੰਜਾਬ ਵਿੱਚ ਲੰਮੇ ਸਮੇਂ ਤੋਂ ਚਲਦੀ ਆ ਰਹੀ ਹੈ। ਆਜ਼ਾਦੀ ਦੇ ਅੰਦੋਲਨ ਵਿੱਚ ਵੀ ਪੰਜਾਬ ਦੀ ਖ਼ਾਸ ਭੂਮਿਕਾ ਰਹੀ ਹੈ ਪਰ ਇਸ ਵਾਰ ਪੰਜਾਬ ਦੇ ਕਿਸਾਨ ਅੰਦੋਲਨ ਨੇ ਦੇਸ਼ ਭਰ ਵਿੱਚ ਕਿਸਾਨ ਸੰਗਠਨਾਂ ਨੂੰ ਦੱਸਿਆ ਹੈ ਕਿ ਕਿਸਾਨਾਂ ਦੇ ਹੱਕਾਂ ਦੀ ਲੜਾਈ ਲੜ੍ਹਨ ਲਈ ਕੋਈ ਵੱਖਰੀ ਨੀਤੀ ਅਖ਼ਤਿਆਰ ਕਰਨੀ ਹੋਵੇਗੀ।ਪੰਜਾਬ ਦੇ ਕਿਸਾਨਾਂ ਨੇ ਹੀ ਖੇਤੀ ਵਿੱਚ ਅੰਬਾਨੀ ਅਤੇ ਅਡਾਨੀ ਦੀ ਖੇਡ ਨੂੰ ਉਜਾਗਰ ਕੀਤਾ ਹੈ।ਕਿਸਾਨਾਂ ਨੇ ਪੜਾਅਵਾਰ ਆਪਣੇ ਅੰਦੋਲਨ ਨੂੰ ਮਜ਼ਬੂਤ ਕੀਤਾ ਹੈ। ਇਸ ਦੇ ਨਤੀਜੇ ਵਜੋਂ ਕਿਸਾਨੀ ਲਹਿਰ ਪੰਜਾਬ ਦੇ ਹਰ ਪਿੰਡ,ਘਰ ਅਤੇ ਪਰਿਵਾਰ ਦੀ ਲਹਿਰ ਬਣ ਗਈ ਹੈ। ਹਰ ਘਰ ਦੇ ਨੌਜਵਾਨ ਦੀ ਜ਼ਿੰਮੇਵਰੀ ਲਾਈ ਹੈ ਕਿ ਉਹ ਅੰਦੋਲਨ ਵਿੱਚ ਸ਼ਾਮਲ ਹੋਣ।ਲਹਿਰ ਨੂੰ ਹਰ ਵਰਗ ਦਾ ਸਮਰਥਨ ਮਿਲ ਰਿਹਾ ਹੈ।ਰਾਜ ਦਾ ਵਪਾਰੀ ਵਰਗ ਵੀ ਲਹਿਰ ਨਾਲ ਖੁੱਲ੍ਹ ਕੇ ਖੜਾ ਹੈ। ਵਪਾਰੀ ਹਰ ਤਰ੍ਹਾਂ ਨਾਲ ਕਿਸਾਨਾਂ ਦੀ ਸਹਾਇਤਾ ਕਰ ਰਹੇ ਹਨ।ਇਸ ਦੇ ਨਾਲ ਹੀ ਪੰਜਾਬੀ ਕਲਾਕਾਰ ਵੀ ਇਸ ਅੰਦੋਲਨ ਨਾਲ ਜੁੜ ਚੁੱਕੇ ਹਨ ਅਤੇ ਲੱਗਭਗ ਕਿਸਾਨੀ ਅੰਦੋਲਨ ਨਾਲ ਜੁੜੇ 80 ਗੀਤ ਕਲਾਕਾਰ ਬਣਾ ਚੁੱਕੇ ਹਨ। ਇਹ ਗੀਤ ਪਿੰਡ-ਪਿੰਡ ਸੁਣੇ ਜਾ ਰਹੇ ਹਨ।

PunjabKesari

ਸੰਘਰਸ਼ ਦੀ ਰੂਪ ਰੇਖਾ
ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਪੰਜਾਬ ਦੇ ਕਿਸਾਨਾਂ ਨੇ ਪੜਾਅਵਾਰ ਕਿਸਾਨਾਂ ਨੂੰ ਕਿਵੇਂ ਸੰਗਠਿਤ ਕੀਤਾ। ਜਿਵੇਂ ਹੀ ਕੇਂਦਰ ਦੀ ਸਰਕਾਰ ਨੇ ਖੇਤੀ ਸਬੰਧੀ ਆਰਡੀਨੈਂਸ ਜਾਰੀ ਕੀਤੇ ਤਾਂ ਪੰਜਾਬ ਦੀਆਂ ਜੱਥੇਬੰਦੀਆਂ ਸਰਗਰਮ ਹੋ ਗਈਆਂ। ਜੂਨ ਦੇ ਪਹਿਲੇ ਹਫ਼ਤੇ ਵਿੱਚ ਹੀ ਪੰਜਾਬ ਦੇ ਪਿੰਡਾਂ ਵਿੱਚ ਲੋਕਾਂ ਨੇ ਘਰਾਂ ਦੀਆਂ ਛੱਤਾਂ 'ਤੇ ਇੱਕ ਘੰਟੇ ਤੱਕ ਵਿਰੋਧ ਪ੍ਰਦਰਸ਼ਨ ਕੀਤਾ। ਕਈ ਦਿਨਾਂ ਤੱਕ ਇਹ ਪ੍ਰੋਗਰਾਮ ਸਵੇਰੇ 9 ਵਜੇਂ ਤੋਂ ਲੈ ਕੇ 10 ਵਜੇ ਤੱਕ ਚਲਦਾ ਰਿਹਾ।ਇਸ ਵਿੱਚ ਹਰ ਪਰਿਵਾਰ ਆਪਣੀਆਂ ਛੱਤਾਂ 'ਤੇ ਜਾਂਦਾ ਸੀ ਅਤੇ ਖੇਤੀ ਆਰਡੀਨੈਂਸਾਂ ਖ਼ਿਲਾਫ਼ ਆਪਣਾ ਰੋਸ ਜ਼ਾਹਿਰ ਕਰਦਾ ਸੀ। ਜੂਨ ਦੇ ਮਹੀਨੇ ਵਿੱਚ ਹੀ ਕਿਸਾਨ ਜੱਥੇਬੰਦੀਆਂ ਨੇ ਉਪ ਮੰਡਲ ਮੈਜਿਸਟ੍ਰੇਟਾਂ ਦੇ ਦਫ਼ਤਰਾਂ 'ਚ  ਜਾ ਕੇ ਆਰਡੀਨੈਂਸ ਵਿਰੁੱਧ ਮੰਗ ਪੱਤਰ ਦੇਣਾ ਸ਼ੁਰੂ ਕਰ ਦਿੱਤਾ ਸੀ।ਪ੍ਰਧਾਨ ਮੰਤਰੀ ਨੂੰ ਭੇਜਣ ਲਈ ਵੀ ਮੰਗ ਪੱਤਰ ਦਿੱਤਾ ਗਿਆ। ਰਾਜ ਦੇ 14 -15 ਜ਼ਿਲ੍ਹਿਆਂ ਵਿੱਚ ਛੱਤ 'ਤੇ ਜਾ ਕੇ ਅਤੇ ਐੱਸ.ਡੀ.ਐੱਮ ਨੂੰ ਮੰਗ ਪੱਤਰ ਸੋਂਪਣ ਦੇ ਪ੍ਰਦਰਸ਼ਨ ਵਿੱਚ ਸਫ਼ਲਤਾ ਮਿਲੀ।ਜੁਲਾਈ ਵਿੱਚ ਭਾਜਪਾ ਦਾ ਭਾਈਵਾਲ ਅਕਾਲੀ ਦਲ ਕਿਸਾਨ ਸੰਗਠਨਾਂ ਦੇ ਨਿਸ਼ਾਨੇ 'ਤੇ ਆ ਗਿਆ।ਕਿਸਾਨਾਂ ਨੇ ਅਕਾਲੀ ਦਲ ਨੂੰ ਬਿੱਲਾਂ ਦਾ ਵਿਰੋਧ ਕਰਨ ਦੀ ਗੱਲ ਕਹੀ।ਕਿਸਾਨਾਂ ਨੇ ਪਿੰਡਾਂ ਵਿੱਚ ਐਨਡੀਏ ਦਾ ਪੁਤਲਾ ਫੂਕਣਾ ਸ਼ੁਰੂ ਕਰ ਦਿੱਤਾ।ਕਿਸਾਨਾਂ ਨੇ ਟਰੈਕਟਰ ਰੈਲੀਆਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਘਰ ਤੱਕ ਟਰੈਕਟਰ ਰੈਲੀ ਕੱਢੀ ਗਈ। ਰੈਲੀ ਵਿੱਚ 25 ਹਜ਼ਾਰ ਟਰੈਕਟਰ ਸ਼ਾਮਲ ਹੋਏ।ਇਸ ਰੈਲੀ ਦੀ ਅਗਵਾਈ 17 ਸਾਲਾ ਕੁੜੀ ਬਲਜੀਤ ਕੌਰ ਨੇ ਕੀਤੀ।ਬਲਜੀਤ ਕੌਰ ਨੂੰ ਰੈਲੀ ਵਿੱਚ ਸ਼ਾਮਲ ਦੇਖ ਪੰਜਾਬ ਦੇ ਨੌਜਵਾਨ ਵੀ ਕਿਸਾਨ ਅੰਦੋਲਨ ਵਿੱਚ ਆਉਣ ਲਗੇ।

ਜੁਲਾਈ ਮਹੀਨੇ ਵਿੱਚ ਕਿਸਾਨ ਜਥੇਬੰਦੀਆਂ ਨੇ ਕਿਸਾਨ ਆਰਡੀਨੈਂਸਾਂ ਖ਼ਿਲਾਫ਼ ਜ਼ਿਲ੍ਹਿਆ ਵਿੱਚ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦੇਣਾ ਸ਼ੁਰੂ ਕਰ ਦਿੱਤਾ।ਅਗਸਤ ਵਿੱਚ ਰਾਜ ਦੀਆਂ ਸਾਰੀਆਂ ਜੱਥੇਬੰਦੀਆਂ ਨੇ ਮਿਲਕੇ ਕੰਮ ਕਰਨ ਦਾ ਫ਼ੈਸਲਾ ਕੀਤਾ। ਇੱਕ ਤਾਲਮੇਲ ਕਮੇਟੀ ਬਣਾਈ ਗਈ।ਇਸੇ ਮਹੀਨੇ ਦੇ ਅੰਤ ਵਿੱਚ ਕਿਸਾਨ ਜਥੇਬੰਦੀਆਂ ਨੇ ਪੰਜਾਬ ਵਿੱਚ ਕਿਸੇ ਵੀ ਭਾਜਪਾ ਅਤੇ ਅਕਾਲੀ ਦਲ ਦੇ ਆਗੂ ਦੀ ਐਂਟਰੀ ਨੂੰ ਬੰਦ ਕਰਨ ਦਾ ਫ਼ੈਸਲਾ ਲੈ ਲਿਆ।ਇਸ ਦੇ ਨਾਲ ਅਕਾਲੀ ਦਲ ਵਿੱਚ ਘਬਰਾਹਟ ਪੈਦਾ ਹੋ ਗਈ। ਅਕਾਲੀ ਮੈਂਬਰਾਂ ਨੇ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਨੂੰ ਸਿੱਧਾ ਕਿਹਾ ਕਿ ਅਕਾਲੀ ਦਲ ਦਾ ਵਿਰੋਧ ਬਹੁਤ ਵੱਧ ਗਿਆ ਹੈ। ਇਸ ਲਈ ਅਕਾਲੀ ਦਲ ਕਿਸਾਨੀ ਬਿੱਲਾਂ 'ਤੇ ਆਪਣਾ ਸਟੈਂਡ ਸਪਸ਼ਟ ਕਰੇ।ਅਕਾਲੀ ਦਲ ਨੂੰ ਪੈਰਾਂ ਥੱਲੋਂ ਜ਼ਮੀਨ ਖਿਸਕਦੀ ਨਜ਼ਰ ਆਉਣ ਲੱਗੀ ਕਿਉਂਕਿ ਬਾਦਲ ਪਰਿਵਾਰ ਕੇਂਦਰ ਵਿੱਚ ਆਪਣੀ ਸੀਟ ਨਹੀਂ ਛੱਡਣਾ ਚਾਹੁੰਦਾ ਸੀ। ਇਸਦੇ ਨਾਲ ਹੀ ਬਾਦਲ ਪਰਿਵਾਰ ਨੂੰ ਕੇਂਦਰੀ ਜਾਂਚ ਏਜੰਸੀਆਂ ਦਾ ਡਰ ਵੀ ਸੀ।

ਇਹ ਵੀ ਪੜ੍ਹੋ:  ਇਕ ਪਾਸੇ ਦਿੱਲੀ ਦੀ ਜੂਹ 'ਚ ਬੈਠੇ ਕਿਸਾਨ,ਦੂਜੇ ਪਾਸੇ 'ਹੈਸ਼ਟੈਗਾਂ' ਨੇ ਉਡਾਈ ਸਰਕਾਰਾਂ ਦੀ ਨੀਂਦ


ਸਤੰਬਰ ਮਹੀਨੇ ਵਿੱਚ ਕਿਸਾਨੀ ਬਿੱਲ ਸੰਸਦ ਵਿੱਚ ਪੇਸ਼ ਕੀਤੇ ਗਏ।ਇਸ ਦੇ ਦਰਮਿਆਨ ਹੀ  ਕਿਸਾਨ ਜੱਥੇਬੰਦੀਆਂ ਨੇ ਕਿਸਾਨੀ ਬਿੱਲਾਂ ਦੇ ਵਿਰੋਧ ਵਿੱਚ ਲਲਕਾਰ ਰੈਲੀ ਕੀਤੀ।14 ਸਤੰਬਰ ਨੂੰ ਪ੍ਰਕਾਸ਼ ਸਿੰਘ ਬਾਦਲ ਦੇ ਪਿੰਡ ਵਿੱਚ ਕਿਸਾਨਾਂ ਨੇ ਮੋਰਚਾ ਲਾਇਆ।ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਘਰ ਦੇ ਬਾਹਰ ਵੀ ਧਰਨਾ ਲਾ ਦਿੱਤਾ।ਬਿੱਲ ਸਬੰਧੀ ਬਹਿਸ ਦੌਰਾਨ ਹੀ ਕਿਸਾਨਾਂ ਨੇ ਪਿੰਡਾਂ 'ਚ ਜਾਗਰਿਤੀ ਲਹਿਰ ਦਾ ਆਯੋਜਨ ਕੀਤਾ।ਕਿਸਾਨਾਂ ਨੇ ਖੇਤੀ ਬਿੱਲਾਂ ਨੂੰ ਪੰਜਾਬੀ 'ਚ ਅਨੁਵਾਦਿਤ ਕੀਤਾ।ਲੋਕਾਂ ਨੂੰ ਸਮਝਾਇਆ ਜਾਣ ਲੱਗਾ ਕਿ ਕਿਵੇਂ ਕਾਰਪੋਰੇਟ ਘਰਾਣਿਆਂ ਨੂੰ ਕਿਸਾਨਾਂ ਦੀਆਂ ਜ਼ਮੀਨਾਂ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ।ਕਿਸਾਨਾਂ ਨੂੰ ਸਮਝਾਇਆ ਗਿਆ ਕਿ ਕਿਸਾਨ ਹੁਣ ਆਪਣੇ ਹੀ ਖੇਤਾਂ 'ਚ ਮਜ਼ਦੂਰ ਬਣਨਗੇ।ਬਿੱਲ ਪਾਸ ਹੋਣ ਦੇ ਨਾਲ ਹੀ ਅਕਾਲੀ ਦਲ ਨੇ ਵੀ ਬੀਜੇਪੀ ਦੀ ਭਾਈਵਾਲੀ ਤੋੜ ਦਿੱਤੀ।ਹਰਸਿਮਰਤ ਨੇ ਮੰਤਰੀ ਪਦ ਤੋਂ ਅਸਤੀਫ਼ਾ ਦੇ ਦਿੱਤਾ।ਕਿਸਾਨਾਂ ਨੇ ਟੋਲ ਪਲਾਜ਼ੇ ਆਪਣੇ ਕਬਜ਼ੇ 'ਚ ਲੈ ਲਏ।ਰੇਲ ਪਟੜੀਆਂ 'ਤੇ ਧਰਨੇ ਦੇਣੇ ਸ਼ੁਰੂ ਕਰ ਦਿੱਤੇ।ਰਿਲਾਇੰਸ ਦੇ ਪੈਟਰੋਲ ਪੰਪ ਅਤੇ ਸ਼ਾਪਿੰਗ ਮਾਲਜ਼ ਬੰਦ ਕਰ ਦਿੱਤੇ।   

ਹੁਣ ਹਰਿਆਣਾ ਦੇ ਕਿਸਾਨ ਵੀ ਅੰਦੋਲਨ 'ਚ ਸ਼ਾਮਿਲ ਹੋ ਚੁੱਕੇ ਹਨ।ਇਕ ਕਿਸਾਨ ਆਗੂ ਦਾ ਬਿਆਨ ਹੈ ਕਿ ਹਰਿਆਣੇ ਦੇ ਕਿਸਾਨ ਸ਼ੁਰੂ ਤੋਂ ਹੀ ਉਨ੍ਹਾਂ ਦੇ ਸੰਪਰਕ 'ਚ ਸਨ।


ਨੋਟ: ਖੇਤੀ ਬਿੱਲਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਅਤੇ ਮੋਦੀ ਸਰਕਾਰ ਦੇ ਰਵੱਈਏ ਪ੍ਰਤੀ ਕੁਮੈਂਟ ਕਰਕੇ ਦਿਓ ਆਪਣੀ ਰਾਏ। 


Harnek Seechewal

Content Editor

Related News