ਇਕ ਹੀ ਪਰਿਵਾਰ ਦੇ 4 ਜੀਆਂ ਦੀਆਂ ਨਾਮੀ ਰਿਸੋਰਟ ''ਚ ਲਾਸ਼ਾਂ ਮਿਲਣ ਨਾਲ ਫੈਲੀ ਸਨਸਨੀ

09/27/2019 10:44:14 AM

ਇੰਦੌਰ— ਮੱਧ ਪ੍ਰਦੇਸ਼ ਦੇ ਇੰਦੌਰ 'ਚ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਖੁਦੇਲ ਇਲਾਕੇ 'ਚ ਇਕ ਨਾਮੀ ਰਿਸੋਰਟ 'ਚ ਇਕ ਹੀ ਪਰਿਵਾਰ ਦੇ ਚਾਰ ਲੋਕਾਂ ਦੀਆਂ ਰਹੱਸਮਈ ਹਾਲਤ 'ਚ ਲਾਸ਼ਾਂ ਮਿਲਣ ਨਾਲ ਸਨਸਨੀ ਫੈਲ ਗਈ। ਇਸ ਦੀ ਸੂਚਨਾ ਮਿਲਦੇ ਹੀ ਪੁਲਸ ਟੀਮ ਮੌਕੇ 'ਤੇ ਪਹੁੰਚੀ ਅਤੇ ਉਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

ਚਾਰਾਂ ਦੀਆਂ ਲਾਸ਼ਾਂ ਦੇਖ ਰਿਸੋਰਟ ਕਰਮਚਾਰੀਆਂ ਦੇ ਉੱਡੇ ਹੋਸ਼
ਜਾਣਕਾਰੀ ਅਨੁਸਾਰ ਇੰਦੌਰ ਦੇ ਲਸੂੜੀਆ ਥਾਣਾ ਖੇਤਰ ਦੀ ਇਕ ਪਾਸ਼ ਕਾਲੋਨੀ 'ਚ 45 ਸਾਲਾ ਅਭਿਸ਼ੇਕ ਸਕਸੈਨਾ ਆਪਣੀ ਪਤਨੀ ਅਤੇ 2 ਬੱਚਿਆਂ ਨਾਲ ਰਹਿੰਦੇ ਸਨ। ਇਕ ਦਿਨ ਪਹਿਲਾਂ ਹੀ ਅਭਿਸ਼ੰਕ ਨੇ ਇਕ ਨਾਮੀ ਰਿਸੋਰਟ 'ਚ 2 ਦਿਨ ਲਈ ਕਮਰਾ ਬੁੱਕ ਕਰਵਾਇਆ ਸੀ। ਬੁੱਧਵਾਰ ਨੂੰ ਉਨ੍ਹਾਂ ਦਾ ਪੂਰਾ ਪਰਿਵਾਰ ਖੁਸ਼ੀ-ਖੁਸ਼ੀ ਇੱਥੇ ਪਹੁੰਚਿਆ ਸੀ। ਵੀਰਵਾਰ ਨੂੰ ਜਦੋਂ ਪਰਿਵਾਰ ਦਾ ਕੋਈ ਮੈਂਬਰ ਰਿਸੋਰਟ ਦੇ ਕਮਰੇ 'ਚੋਂ ਬਾਹਰ ਨਹੀਂ ਨਿਕਲਿਆ ਤਾਂ ਰਿਸੋਰਟ ਪ੍ਰਬੰਧਨ ਨੂੰ ਸ਼ੱਕ ਹੋਇਆ। ਕਾਫੀ ਕੋਸ਼ਿਸ਼ਾਂ ਤੋਂ ਬਾਅਦ ਵੀ ਜਦੋਂ ਅੰਦਰੋਂ ਦਰਵਾਜ਼ਾ ਨਹੀਂ ਖੋਲ੍ਹਿਆ ਗਿਆ ਤਾਂ ਮਾਸਟਰ ਚਾਬੀ ਦੀ ਵਰਤੋਂ ਕਰ ਕੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਗਿਆ। ਕਮਰੇ ਦੇ ਅੰਦਰ ਦਾ ਨਜ਼ਾਰਾ ਦੇਖ ਕੇ ਰਿਸੋਰਟ ਦੇ ਕਰਮਚਾਰੀਆਂ ਦੇ ਹੋਸ਼ ਉੱਡ ਗਏ। ਕਮਰੇ ਦੇ ਅੰਦਰ ਅਭਿਸ਼ੇਕ, ਉਨ੍ਹਾਂ ਦੀ ਪਤਨੀ ਅਤੇ ਦੋਹਾਂ ਜੁੜਵਾ ਬੱਚਿਆਂ ਦੀਆਂ ਲਾਸ਼ਾਂ ਪਈਆਂ ਹੋਈਆਂ ਸਨ।

ਜ਼ਹਿਰੀਲਾ ਪਦਾਰਥ ਖਾਣ ਨਾਲ ਹੋਈ ਹੈ ਮੌਤ
ਰਿਸੋਰਟ ਪ੍ਰਬੰਧਨ ਨੇ ਜਲਦੀ 'ਚ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ। ਪੁਲਸ ਨਾਲ ਪਹੁੰਚੀ ਐੱਫ.ਐੱਸ.ਐੱਲ. (ਫੋਰੈਂਸਿਕ ਸਾਇੰਸ ਲੈਬੋਰਟਰੀ) ਟੀਮ ਨੇ ਬਾਰੀਕੀ ਨਾਲ ਹਾਦਸੇ ਵਾਲੀ ਜਗ੍ਹਾ ਦੀ ਜਾਂਚ ਕੀਤੀ। ਪਹਿਲੀ ਨਜ਼ਰ ਇਹ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਚਾਰਾਂ ਦੀ ਮੌਤ ਕਿਸੇ ਜ਼ਹਿਰੀਲੇ ਪਦਾਰਥ ਨੂੰ ਖਾਣ ਨਾਲ ਹੋਈ ਹੈ। ਪੁਲਸ ਨੇ ਚਾਰੇ ਲਾਸ਼ਾਂ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ।

ਸੋਸਾਇਟੀ 'ਚ ਹੋਣ ਵਾਲੇ ਪ੍ਰੋਗਰਾਮਾਂ 'ਚ ਸ਼ਾਮਲ ਨਹੀਂ ਹੁੰਦੇ ਸਨ
ਪੁਲਸ ਅਨੁਸਾਰ ਅਭਿਸ਼ੇਕ ਸਕਸੈਨਾ ਇਕ ਨਿੱਜੀ ਕੰਪਨੀ 'ਚ ਕੰਮ ਕਰਦਾ ਸੀ ਅਤੇ ਲਸੂੜੀਆ ਦੀ ਪਾਸ਼ ਟਾਊਨਸ਼ਿਪ 'ਚ ਕਿਰਾਏ ਦੇ ਘਰ 'ਚ ਆਪਣੀ ਪਤਨੀ, 2 ਬੱਚਿਆਂ ਤੋਂ ਇਲਾਵਾ ਆਪਣੀ 86 ਸਾਲਾ ਮਾਂ ਨਾਲ ਰਹਿੰਦਾ ਸੀ। ਅਭਿਸ਼ੇਕ ਦੇ ਹੋਰ ਰਿਸ਼ਤੇਦਾਰ ਦਿੱਲੀ 'ਚ ਰਹਿੰਦੇ ਹਨ, ਜਿਨ੍ਹਾਂ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ। ਪਰਿਵਾਰ ਦੇ ਮੈਂਬਰਾਂ ਦੇ ਇੰਦੌਰ ਪਹੁੰਚਣ ਤੋਂ ਬਾਅਦ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਸਕਸੈਨਾ ਪਰਿਵਾਰ ਦੇ ਗੁਆਂਢੀਆਂ ਦਾ ਕਹਿਣਾ ਹੈ ਕਿ ਇਸ ਪਰਿਵਾਰ ਦਾ ਜ਼ਿਆਦਾ ਲੋਕਾਂ ਨਾਲ ਮੇਲਜੋਲ ਨਹੀਂ ਸੀ ਅਤੇ ਸੋਸਾਇਟੀ 'ਚ ਹੋਣ ਵਾਲੇ ਪ੍ਰੋਗਰਾਮਾਂ 'ਚ ਵੀ ਉਹ ਸ਼ਾਮਲ ਨਹੀਂ ਹੁੰਦੇ ਸਨ।


DIsha

Content Editor

Related News