ਫਰਜ਼ੀ ਟੀ.ਆਰ.ਪੀ. ਕਾਂਡ: ਦੋ ਚੈਨਲਾਂ ਦੇ ਮਾਲਿਕ ਗ੍ਰਿਫਤਾਰ, ਰਿਪਬਲਿਕ ਵੀ ਐਕਸਪੋਜ
Thursday, Oct 08, 2020 - 07:09 PM (IST)
ਮੁੰਬਈ - ਮੁੰਬਈ ਪੁਲਸ ਨੇ ਵੀਰਵਾਰ ਸ਼ਾਮ ਟੀ.ਵੀ. ਚੈਨਲਾਂ ਦੀ ਟੀ.ਆਰ.ਪੀ. ਨੂੰ ਲੈ ਕੇ ਇੱਕ ਵੱਡਾ ਖੁਲਾਸਾ ਕੀਤਾ ਹੈ। ਮੁੰਬਈ ਪੁਲਸ ਕਮਿਸ਼ਨਰ ਪਰਮਬੀਰ ਸਿੰਘ ਨੇ ਸਾਫ਼-ਸਾਫ਼ ਕਿਹਾ ਕਿ ਰਿਪਲਬਕਿ ਟੀ.ਵੀ. ਪੈਸੇ ਦੇ ਕੇ ਆਪਣੀ ਟੀ.ਆਰ.ਪੀ. ਵਧਾਉਂਦਾ ਸੀ। ਉਨ੍ਹਾਂ ਕਿਹਾ ਕਿ ਇਸ ਦੇ ਬਦਲੇ ਲੋਕਾਂ ਨੂੰ ਪੈਸੇ ਦਿੱਤੇ ਜਾਂਦੇ ਸਨ। ਮੁੰਬਈ ਪੁਲਸ ਮੁਤਾਬਕ ਰਿਪਬਲਿਕ ਟੀ.ਵੀ. ਟੀ.ਆਰ.ਪੀ. ਲਈ ਹੇਰਾਫੇਰੀ 'ਚ ਲਗਾ ਹੋਇਆ ਸੀ।
ਮੁੰਬਈ ਪੁਲਸ ਕਮਿਸ਼ਨਰ ਦਾ ਦਾਅਵਾ ਹੈ ਕਿ ਕੁੱਝ ਅਨਪੜ੍ਹ ਲੋਕਾਂ ਦੇ ਘਰ ਵੀ ਅੰਗ੍ਰੇਜ਼ੀ ਚੈਨਲ ਦੇਖਿਆ ਜਾਂਦਾ ਸੀ, ਜਦੋਂ ਕਿ ਕੁੱਝ ਬੰਦ ਘਰਾਂ 'ਚ ਵੀ ਟੀ.ਵੀ. ਚੱਲਦਾ ਰਹਿੰਦਾ ਸੀ। ਜਿਨ੍ਹਾਂ ਘਰਾਂ 'ਚ ਟੀ.ਆਰ.ਪੀ. ਮੀਟਰ ਲੱਗੇ ਹੋਏ ਹਨ, ਉਨ੍ਹਾਂ ਨੂੰ ਇੱਕ ਹੀ ਚੈਨਲ ਦੇਖਣ ਲਈ ਪੇਮੈਂਟ ਦਿੱਤੀ ਜਾਂਦੀ ਸੀ। ਪੁਲਸ ਕਮਿਸ਼ਨਰ ਨੇ ਕਿਹਾ ਕਿ ਦੋ ਮਰਾਠੀ ਚੈਨਲਾਂ ਦੇ ਮਾਲਿਕ ਗ੍ਰਿਫਤਾਰ ਹੋਏ ਹਨ। ਰਿਪਲਬਿਕ ਟੀ.ਵੀ. ਦੇ ਦੇ ਖਾਤੇ ਜ਼ਬਤ ਕੀਤੇ ਜਾ ਸਕਦੇ ਹਨ। ਪਰਮਬੀਰ ਸਿੰਘ ਨੇ ਕਿਹਾ ਕਿ ਜ਼ਿਆਦਾ ਇਸ਼ਤਿਹਾਰ ਲਈ ਟੀ.ਆਰ.ਪੀ. ਦਾ ਇਹ ਖੇਡ ਖੇਡਿਆ ਜਾ ਰਿਹਾ ਸੀ।
ਮੁੰਬਈ ਪੁਲਸ ਦਾ ਦਾਅਵਾ ਹੈ ਕਿ ਹੰਸਾ ਕੰਪਨੀ ਦੇ ਸਾਬਕਾ ਕਰਮਚਾਰੀ ਇਸ ਧੰਧੇ 'ਚ ਸ਼ਾਮਲ ਸਨ। ਇਸ ਮਾਮਲੇ 'ਚ ਹੰਸਾ ਕੰਪਨੀ ਦੇ ਇੱਕ ਸਾਬਕਾ ਕਰਮਚਾਰੀ ਸਮੇਤ ਦੋ ਲੋਕ ਗ੍ਰਿਫਤਾਰ ਹੋਏ ਹਨ। ਇੱਕ ਵਿਅਕਤੀ ਦੇ ਖਾਤੇ ਤੋਂ 20 ਲੱਖ ਰੁਪਏ ਜ਼ਬਚ ਕੀਤੇ ਗਏ ਹਨ। ਜਦੋਂ ਕਿ ਉਨ੍ਹਾਂ ਦੇ ਬੈਂਕ ਲਾਕਰ ਤੋਂ 8.5 ਲੱਖ ਰੁਪਏ ਮਿਲੇ ਹਨ।
ਪਰਮਬੀਰ ਸਿੰਘ ਨੇ ਅੱਗੇ ਕਿਹਾ ਕਿ ਸ਼ਿਕਾਇਤ ਦੇ ਆਧਾਰ 'ਤੇ ਅਸੀਂ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਰਿਪਬਲਿਕ ਟੀ.ਵੀ. ਦਾ ਨਾਮ ਵੀ ਸਾਹਮਣੇ ਆਇਆ ਹੈ। ਜਿਨ੍ਹਾਂ ਗਾਹਕਾਂ ਨਾਲ ਸੰਪਰਕ ਕੀਤਾ ਗਿਆ ਸੀ, ਉਨ੍ਹਾਂ ਨੇ ਮੰਨਿਆ ਹੈ ਕਿ ਰਿਪਬਲਿਕ ਚੈਨਲ ਆਨ ਰੱਖਣ ਲਈ ਪੈਸੇ ਦਿੱਤੇ ਗਏ ਸਨ। ਉਨ੍ਹਾਂ ਨੇ ਆਪਣੇ ਬਿਆਨ ਦਰਜ ਕਰਵਾਏ ਹਨ। ਬਾਰਕ ਨੇ ਵੀ ਰਿਪਬਲਿਕ ਟੀ.ਵੀ. 'ਤੇ ਸ਼ੱਕ ਜਤਾਇਆ ਹੈ।
ਮੁੰਬਈ ਪੁਲਸ ਦਾ ਕਹਿਣਾ ਹੈ ਕਿ ਇਸ ਗੋਰਖਧੰਧੇ 'ਚ ਰਿਪਬਲਿਕ ਟੀ.ਵੀ. ਦੇ ਪ੍ਰਮੋਟਰ ਵੀ ਸ਼ਾਮਲ ਹੋ ਸਕਦੇ ਹਨ। ਇਸ ਮਾਮਲੇ 'ਚ ਜਾਂਚ ਜਾਰੀ ਹੈ। ਜੋ ਵੀ ਇਸ਼ਤਿਹਾਰ ਇਨ੍ਹਾਂ ਚੈਨਲਾਂ 'ਤੇ ਚੱਲੇ ਹਨ ਉਨ੍ਹਾਂ ਦੀ ਵੀ ਜਾਂਚ ਕੀਤੀ ਜਾਵੇਗੀ। ਵਿਗਿਆਪਨ ਦੇਣ ਵਾਲਿਆਂ ਤੋਂ ਪੁੱਛਿਆ ਜਾਵੇਗਾ ਕਿ ਉਹ ਸ਼ਿਕਾਰ ਹੋਏ ਜਾਂ ਉਹ ਵੀ ਰੈਕੇਟ ਦਾ ਹਿੱਸਾ ਸਨ।
ਮੁੰਬਈ ਪੁਲਸ ਮੁਤਾਬਕ ਕਰੀਬ 2000 ਘਰਾਂ 'ਚ ਇਹ ਖੇਡ ਚੱਲ ਰਿਹਾ ਸੀ ਅਤੇ ਹਰ ਘਰ ਨੂੰ 400 ਤੋਂ 500 ਰੁਪਏ ਦੇ ਹਿਸਾਬ ਨਾਲ ਭੁਗਤਾਨ ਕੀਤਾ ਜਾ ਰਿਹਾ ਸੀ। ਪੁਲਸ ਕਮਿਸ਼ਨਰ ਨੇ ਕਿਹਾ ਕਿ ਸਾਨੂੰ ਸ਼ੱਕ ਹੈ ਕਿ ਜੇਕਰ ਮੁੰਬਈ 'ਚ ਅਜਿਹਾ ਹੋ ਰਿਹਾ ਸੀ ਤਾਂ ਇਹ ਦੇਸ਼ ਦੇ ਹੋਰ ਹਿੱਸਿਆਂ 'ਚ ਵੀ ਹੋ ਸਕਦਾ ਹੈ। ਇਸ 'ਚ ਕੁੱਝ ਮੌਜੂਦਾ ਕਰਮਚਾਰੀ ਵੀ ਸ਼ਾਮਲ ਹਨ ਅਤੇ ਕੁੱਝ ਅੰਦਰੂਨੀ ਲੋਕ ਵੀ ਸ਼ਾਮਲ ਹਨ। BARC ਅਧਿਕਾਰੀਆਂ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ। ਸੀਨੀਅਰ ਅਧਿਕਾਰੀਆਂ ਨੂੰ ਵੀ ਤਲਬ ਕੀਤਾ ਜਾਵੇਗਾ।