ਫਰਜ਼ੀ CBI ਅਧਿਕਾਰੀ ਬਣ ਕੇ ਪਹੁੰਚੇ ਸਨ ਛਾਪੇਮਾਰੀ ਕਰਨ, 16 ਗ੍ਰਿਫਤਾਰ

Saturday, Jun 29, 2019 - 01:04 PM (IST)

ਫਰਜ਼ੀ CBI ਅਧਿਕਾਰੀ ਬਣ ਕੇ ਪਹੁੰਚੇ ਸਨ ਛਾਪੇਮਾਰੀ ਕਰਨ, 16 ਗ੍ਰਿਫਤਾਰ

ਸੰਭਲ— ਉੱਤਰ ਪ੍ਰਦੇਸ਼ ਦੇ ਸੰਭਲ ਜ਼ਿਲੇ ਦੇ ਅਸਮੋਲੀ ਥਾਣਾ ਖੇਤਰ 'ਚ ਇਕ ਸ਼ੂਗਰ ਮਿਲ 'ਤੇ ਸੀ.ਬੀ.ਆਈ. ਦੇ ਫਰਜ਼ੀ ਅਧਿਕਾਰੀ ਬਣ ਕੇ ਛਾਪਾ ਮਾਰਨ ਪਹੁੰਚੇ 19 ਨੌਜਵਾਨਾਂ 'ਚੋਂ 16 ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਇਹ ਲੋਕ ਬਕਾਇਦਾ ਗੱਡੀਆਂ ਤੋਂ ਛਾਪਾ ਮਾਰਨ ਪਹੁੰਚੇ ਸਨ। ਪੁਲਸ ਨੇ ਗੱਡੀਆਂ ਨੂੰ ਜ਼ਬਤ ਕਰ ਕੇ ਫੜੇ ਗਏ ਨੌਜਵਾਨਾਂ ਤੋਂ ਪੁੱਛ-ਗਿੱਛ ਸ਼ੁਰੂ ਕਰ ਦਿੱਤੀ। ਪੁੱਛ-ਗਿੱਛ 'ਚ ਇਨ੍ਹਾਂ ਦੋਸ਼ੀਆਂ ਨੇ ਦੱਸਿਆ ਕਿ ਫਰਜ਼ੀ ਸੀ.ਬੀ.ਆਈ. ਅਧਿਕਾਰੀ ਦਾ ਆਈਡੀਆ ਉਨ੍ਹਾਂ ਦੇ ਦਿਮਾਗ਼ 'ਚ ਸਪੈਸ਼ਲ 26 ਨੂੰ ਦੇਖ ਕੇ ਆਇਆ ਸੀ।

3 ਲਗਜ਼ਰੀ ਗੱਡੀਆਂ 'ਚ ਪਹੁੰਚੇ
ਐੱਸ.ਪੀ. ਯਮੁਨਾ ਪ੍ਰਸਾਦ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਤਿੰਨ ਲਗਜ਼ਰੀ ਗੱਡੀਆਂ 'ਚ ਸਵਾਰ 19 ਲੋਕ ਵੀਰਵਾਰ ਦੁਪਹਿਰ ਡੀ.ਐੱਸ.ਐੱਸ. ਸ਼ੂਗਰ ਮਿਲ ਅਸਮੋਲੀ ਪੁੱਜੇ। ਇਨ੍ਹਾਂ ਲੋਕਾਂ ਨੇ ਖੁਦ ਨੂੰ ਸੀ.ਬੀ.ਆਈ. ਦਾ ਅਧਿਕਾਰੀ ਅਤੇ ਕਰਮਚਾਰੀ ਦੱਸਿਆ ਅਤੇ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ। ਸ਼ੂਗਰ ਮਿਲ ਦੇ ਪਿੱਛੇ ਦੇ ਗੇਟ ਤੋਂ ਸ਼ੂਗਰ ਮਿਲ 'ਚ ਪਹੁੰਚੇ ਇਨ੍ਹਾਂ ਲੋਕਾਂ ਨੇ ਐਲਕੋਹਲ ਨਾਲ ਭਰੇ ਟਰੱਕਾਂ ਦੀ ਵੀਡੀਓ ਬਣਾਈ ਅਤੇ ਐਲਕੋਹਲ ਦਾ ਸੈਂਪਲ ਲੈਣ ਲੱਗੇ। ਜਦੋਂ ਉੱਥੇ ਮੌਜੂਦ ਲੋਕਾਂ ਨੇ ਇਨ੍ਹਾਂ ਨੂੰ ਰੋਕਿਆ ਤਾਂ ਇਸ 'ਤੇ ਖੁਦ ਨੂੰ ਅਫ਼ਸਰ ਦੱਸਣ ਵਾਲੇ ਨੌਜਵਾਨਾਂ ਨੇ ਮਿਲ ਕਰਮਚਾਰੀਆਂ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ।

ਪੁਲਸ ਨੂੰ ਦੇਖ ਕੇ ਘਬਰਾਏ ਫਰਜ਼ੀ ਅਧਿਕਾਰੀ
ਯਮੁਨਾ ਪ੍ਰਸਾਦ ਨੇ ਕਿਹਾ ਕਿ ਫਰਜ਼ੀ ਸੀ.ਬੀ.ਆਈ. ਅਧਿਕਾਰੀਆਂ ਦੀ ਗੱਲ ਅਤੇ ਵਤੀਰੇ ਨਾਲ ਮਿਲ ਕਰਮਚਾਰੀਆਂ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਉਨ੍ਹਾਂ ਤੋਂ ਪੁੱਛ-ਗਿੱਛ ਸ਼ੁਰੂ ਕਰ ਦਿੱਤੀ। ਸਵਾਲਾਂ ਦੀ ਬਾਰਸ਼ ਨਾਲ ਛਾਪਾ ਮਾਰਨ ਆਏ ਨੌਜਵਾਨ ਫਸਣ ਲੱਗੇ ਤਾਂ ਮਿਲ ਕਰਮਚਾਰੀਆਂ ਨੇ ਸਾਰਿਆਂ ਨੂੰ ਘੇਰਨਾ ਸ਼ੁਰੂ ਕਰ ਦਿੱਤਾ। ਇਸ 'ਤੇ ਫਰਜ਼ੀ ਅਧਿਕਾਰੀਆਂ ਨੇ ਉਨ੍ਹਾਂ ਨੂੰ ਪ੍ਰਦੂਸ਼ਣ ਸਮੇਤ ਕਈ ਕਰਮਚਾਰੀ ਦੱਸਦੇ ਹੋਏ 15-20 ਲੱਖ ਰੁਪਏ ਦੀ ਮੰਗ ਕੀਤੀ। ਪ੍ਰਸਾਦ ਨੇ ਦੱਸਿਆ ਕਿ ਜਦੋਂ ਉਨ੍ਹਾਂ ਤੋਂ ਰੁਪਏ ਦੀ ਮੰਗ ਕੀਤੀ ਗਈ ਤਾਂ ਸ਼ੂਗਰ ਮਿਲ ਦੇ ਕਰਮਚਾਰੀਆਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਮੌਕੇ 'ਤੇ ਪੁੱਜੀ ਤਾਂ ਫਰਜ਼ੀ ਅਧਿਕਾਰੀ ਪੁਲਸ ਨੂੰ ਦੇਖ ਕੇ ਘਬਰਾ ਗਏ। ਪੁਲਸ ਨੇ ਫਰਜ਼ੀ ਸੀ.ਬੀ.ਆਈ. ਅਧਿਕਾਰੀ ਦੀ ਟੀਮ ਤੋਂ 16 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ, ਜਦੋਂ ਕਿ 3 ਫਰਾਰ ਹੋ ਗਏ। ਉਨ੍ਹਾਂ ਦੀ ਤਲਾਸ਼ ਕੀਤੀ ਜਾ ਰਹੀ ਹੈ।


author

DIsha

Content Editor

Related News