ਵਿਦੇਸ਼ ਮੰਤਰੀ ਜੈਸ਼ੰਕਰ ਨੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਅਲਬਾਨੀਜ਼ ਨਾਲ ਕੀਤੀ ਮੁਲਾਕਾਤ
Friday, Mar 10, 2023 - 11:57 AM (IST)
ਨਵੀਂ ਦਿੱਲੀ (ਭਾਸ਼ਾ)- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸ਼ੁੱਕਰਵਾਰ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਐਂਥਨੀ ਅਲਬਾਨੀਜ਼ ਨਾਲ ਮੁਲਾਕਾਤ ਕੀਤੀ ਅਤੇ ਭਾਰਤ-ਆਸਟ੍ਰੇਲੀਆ ਸੰਬੰਧਾਂ ਨਾਲ ਜੁੜੇ ਮੁੱਖ ਪਹਿਲੂਆਂ 'ਤੇ ਚਰਚਾ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਲਬਾਨੀਜ਼ ਵਿਚਾਲੇ ਗੱਲਬਾਤ ਤੋਂ ਪਹਿਲਾਂ ਜੈਸ਼ੰਕਰ ਨੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ। ਜੈਸ਼ੰਕਰ ਨੇ ਟਵੀਟ ਕੀਤਾ,''ਅੱਜ ਸਵੇਰੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੂੰ ਮਿਲ ਕੇ ਚੰਗਾ ਲੱਗਾ। ਉਨ੍ਹਾਂ ਦੀ ਯਾਤਰਾ ਅਤੇ ਅੱਜ ਦਾ ਸਾਲਾਨਾ ਸਿਖਰ ਸੰਮੇਲਨ ਸਾਡੇ ਸੰਬੰਧਾਂ ਨੂੰ ਉੱਚ ਪੱਧਰ 'ਤੇ ਲਿਜਾਏਗਾ।''
ਪ੍ਰਧਾਨ ਮੰਤਰੀ ਅਤੇ ਅਲਬਾਨੀਜ਼ ਦੇ ਵਪਾਰ, ਨਿਵੇਸ਼, ਰੱਖਿਆ ਅਤੇ ਮਹੱਤਵਪੂਰਨ ਖਣਿਜਾਂ ਦੇ ਖੇਤਰਾਂ 'ਚ ਦੋ-ਪੱਖੀ ਸੰਬੰਧਾਂ ਨੂੰ ਉਤਸ਼ਾਹ ਦੇਣ 'ਤੇ ਵਿਆਪਕ ਚਰਚਾ ਕਰਨ ਦੀ ਉਮੀਦ ਹੈ। ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਲੋਕਾਂ ਨੇ ਦੱਸਿਆ ਕਿ ਖੇਤਰ 'ਚ ਚੀਨ ਦੇ ਵਧਦੇ ਫ਼ੌਜ ਹਮਲਿਆਂ ਨੂੰ ਲੈ ਕੇ ਉੱਭਰਦੀਆਂ ਚਿੰਤਾਵਾਂ ਵਿਚਾਲੇ ਦੋਵੇਂ ਨੇਤਾ ਹਿੰਦ-ਪ੍ਰਸ਼ਾਂਤ ਖੇਤਰ 'ਚ ਸਥਿਤੀ ਦੀ ਸਮੀਖਿਆ ਵੀ ਕਰ ਸਕਦੇ ਹਨ। ਆਪਣੀ ਭਾਰਤ ਯਾਤਰਾ ਤੋਂ ਕੁਝ ਦਿਨ ਪਹਿਲੇ ਅਲਬਾਨੀਜ਼ ਨੇ ਕਿਹਾ ਸੀ ਕਿ ਭਾਰਤ-ਆਸਟ੍ਰੇਲੀਆ ਵਿਚਾਲੇ ਮਜ਼ਬੂਤ ਸਾਂਝੇਦਾਰੀ ਖੇਤਰੀ ਸਥਿਰਤਾ ਲਈ ਬਿਹਤਰ ਹੈ। ਪਿਛਲੇ ਸਾਲ ਮਈ 'ਚ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਭਾਰਤ ਯਾਤਰਾ ਹੈ। ਇਸ ਤੋਂ ਪਹਿਲਾਂ 2017 'ਚ ਸਾਬਕਾ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਭਾਰਤ ਯਾਤਰਾ 'ਤੇ ਆਏ ਸਨ।