ਰਾਜਧਾਨੀ ਦੀਆਂ ਸੜਕਾਂ ''ਤੇ ਦੌੜ ਰਹੇ ਮਿਆਦ ਪੁੱਗੇ 2.25 ਲੱਖ ਵਾਹਨ ! ਪ੍ਰਦੂਸ਼ਣ ਦਾ ਮੁੜ ਵਧਿਆ ਖ਼ਤਰਾ
Sunday, Sep 13, 2026 - 03:04 PM (IST)
ਨੈਸ਼ਨਲ ਡੈਸਕ- ਰਾਜਧਾਨੀ ਦਿੱਲੀ ਸਣੇ ਦੇਸ਼ ਦੇ ਕਈ ਸੂਬਿਆਂ 'ਚ ਪ੍ਰਦੂਸ਼ਣ ਦੀ ਸਮੱਸਿਆ ਲਗਾਤਾਰ ਗੰਭੀਰ ਹੁੰਦੀ ਜਾ ਰਹੀ ਹੈ। ਇਸੇ ਦੌਰਾਨ ਦਿੱਲੀ-ਐੱਨ.ਸੀ.ਆਰ. 'ਚ ਪ੍ਰਦੂਸ਼ਣ ਦੇ ਵਧਦੇ ਖ਼ਤਰੇ ਦਰਮਿਆਨ ਨੋਇਡਾ (ਗੌਤਮ ਬੁੱਧ ਨਗਰ) 'ਚ ਮਿਆਦ ਪੂਰੀ ਕਰ ਚੁੱਕੇ ਕਰੀਬ 2.25 ਲੱਖ ਤੋਂ ਵੱਧ ਵਾਹਨ ਸ਼ਰੇਆਮ ਸੜਕਾਂ 'ਤੇ ਦੌੜ ਰਹੇ ਹਨ। ਪ੍ਰਸ਼ਾਸਨ ਦੇ ਸਖ਼ਤ ਹੁਕਮਾਂ ਦੇ ਬਾਵਜੂਦ ਸਥਾਨਕ ਟਰਾਂਸਪੋਰਟ ਵਿਭਾਗ ਵੱਲੋਂ ਕੀਤੀ ਗਈ ਕਾਰਵਾਈ ਸਿਰਫ਼ ਕਾਗਜ਼ਾਂ 'ਚ ਹੀ ਨਜ਼ਰ ਆ ਰਹੀ ਹੈ।
ਰਾਜਧਾਨੀ 'ਚ ਚਲਾਏ ਗਏ 7 ਦਿਨਾਂ ਦੇ ਵਿਸ਼ੇਸ਼ ਅਭਿਆਨ ਦੌਰਾਨ ਟਰਾਂਸਪੋਰਟ ਵਿਭਾਗ ਦੀ ਐਨਫ਼ੋਰਸਮੈਂਟ ਟੀਮ ਮਿਆਦ ਪੂਰੀ ਕਰ ਚੁੱਕੇ 2.25 ਲੱਖ ਵਾਹਨਾਂ 'ਚੋਂ ਸਿਰਫ਼ 618 ਗੱਡੀਆਂ ਹੀ ਜ਼ਬਤ ਕਰ ਸਕੀ ਹੈ। ਮਿਆਦ ਲੰਘ ਚੁੱਕੀਆਂ ਲੱਖਾਂ ਗੱਡੀਆਂ ਦੇ ਮੁਕਾਬਲੇ ਸਿਰਫ਼ ਕੁਝ ਕੁ ਗੱਡੀਆਂ ਜ਼ਬਤ ਕਰਨਾ ਵਿਭਾਗ ਦੀ ਢਿੱਲੀ ਕਾਰਵਾਈ ਨੂੰ ਦਰਸਾਉਂਦਾ ਹੈ।
NGT ਅਤੇ ਸੁਪਰੀਮ ਕੋਰਟ ਦੇ ਸਪੱਸ਼ਟ ਆਦੇਸ਼ਾਂ ਅਨੁਸਾਰ ਦਿੱਲੀ-ਐੱਨ.ਸੀ.ਆਰ. 'ਚ 10 ਸਾਲ ਪੁਰਾਣੇ ਡੀਜ਼ਲ ਅਤੇ 15 ਸਾਲ ਪੁਰਾਣੇ ਪੈਟਰੋਲ ਵਾਹਨਾਂ ਦੇ ਚਲਾਉਣ 'ਤੇ ਪੂਰਨ ਪਾਬੰਦੀ ਹੈ। ਅਜਿਹੇ ਵਾਹਨਾਂ ਨੂੰ ਜ਼ਬਤ ਕਰ ਕੇ ਸਕ੍ਰੈਪ ਕਰਨਾ ਲਾਜ਼ਮੀ ਹੈ, ਕਿਉਂਕਿ ਇਹ ਆਮ ਗੱਡੀਆਂ ਦੇ ਮੁਕਾਬਲੇ ਕਈ ਗੁਣਾ ਵੱਧ ਪ੍ਰਦੂਸ਼ਣ ਫੈਲਾਉਂਦੇ ਹਨ।
ਇਸ ਮਾਮਲੇ 'ਚ ਅਧਿਕਾਰੀਆਂ ਨੇ ਦੱਸਿਆ ਕਿ ਗਾਜ਼ੀਆਬਾਦ ਅਤੇ ਨੋਇਡਾ ਦੋਵਾਂ ਥਾਵਾਂ 'ਤੇ ਵੱਡੇ ਪੱਧਰ 'ਤੇ ਗੱਡੀਆਂ ਨੂੰ ਜ਼ਬਤ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਅਭਿਆਨ ਨੂੰ ਹੋਰ ਵਿਆਪਕ ਬਣਾ ਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਸਰਦੀਆਂ ਦੀ ਦਸਤਕ ਦੇ ਨਾਲ ਹੀ ਦਿੱਲੀ-ਐੱਨ.ਸੀ.ਆਰ. ਵਿੱਚ 'ਗ੍ਰੇਡਿਡ ਰਿਸਪਾਂਸ ਐਕਸ਼ਨ ਪਲਾਨ' (GRAP) ਦੇ ਸਖ਼ਤ ਨਿਯਮ ਲਾਗੂ ਹੋ ਜਾਣਗੇ। ਜੇਕਰ ਸਮਾਂ ਰਹਿੰਦੇ ਇਨ੍ਹਾਂ ਮਿਆਦ ਪੁਗਾ ਚੁੱਕੇ ਵਾਹਨਾਂ ਦੀ ਆਵਾਜਾਈ 'ਤੇ ਰੋਕ ਨਾ ਲਗਾਈ ਗਈ, ਤਾਂ ਆਉਣ ਵਾਲੇ ਦਿਨਾਂ 'ਚ ਸ਼ਹਿਰ ਵਾਸੀਆਂ ਨੂੰ ਇੱਕ ਵਾਰ ਫਿਰ ਤੋਂ ਜ਼ਹਿਰੀਲੇ ਧੂੰਏਂ ਅਤੇ ਹਵਾ ਪ੍ਰਦੂਸ਼ਣ ਕਾਰਨ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
