ਪੰਜਾਬ, ਉੱਤਰ ਪ੍ਰਦੇਸ਼ ਅਤੇ ਮਣੀਪੁਰ ’ਚ ਸਹੀ ਰਿਹਾ ਐਗਜ਼ਿਟ ਪੋਲ ਦਾ ਅਨੁਮਾਨ ਉੱਤਰਾਖੰਡ ਅਤੇ ਗੋਆ ’ਚ ਗਲਤ

Saturday, Mar 12, 2022 - 05:19 PM (IST)

ਪੰਜਾਬ, ਉੱਤਰ ਪ੍ਰਦੇਸ਼ ਅਤੇ ਮਣੀਪੁਰ ’ਚ ਸਹੀ ਰਿਹਾ ਐਗਜ਼ਿਟ ਪੋਲ ਦਾ ਅਨੁਮਾਨ ਉੱਤਰਾਖੰਡ ਅਤੇ ਗੋਆ ’ਚ ਗਲਤ

ਨਵੀਂ ਦਿੱਲੀ  (ਭਾਸ਼ਾ) : ਉੱਤਰ ਪ੍ਰਦੇਸ਼ ’ਚ ਚੋਣ ਨਤੀਜਿਆਂ ਦੌਰਾਨ ਭਾਜਪਾ ਨੂੰ ਸਪੱਸ਼ਟ ਲੋਕ ਫਤਵਾ ਮਿਲਣ ਅਤੇ ਪੰਜਾਬ ’ਚ ਆਮ ਆਦਮੀ ਪਾਰਟੀ ਵਲੋਂ ਜ਼ਬਰਦਸਤ ਜਿੱਤ ਹਾਸਲ ਕਰਨ ਦੇ ਨਾਲ ਹੀ 3 ਸੂਬਿਆਂ ਪੰਜਾਬ, ਉੱਤਰ ਪ੍ਰਦੇਸ਼ ਅਤੇ ਮਣੀਪੁਰ ’ਚ ਐਗਜ਼ਿਟ ਪੋਲ ਦੇ ਪੇਸ਼ਗੀ ਅਨੁਮਾਨ ਸਹੀ ਸਾਬਤ ਹੋਏ ਹਨ। ਉੱਤਰਖੰਡ ਅਤੇ ਗੋਆ ’ਚ ਚੋਣ ਨਤੀਜਿਆਂ ਨੂੰ ਲੈ ਕੇ ਇਹ ਅਨੁਮਾਨ ਠੀਕ ਨਹੀਂ ਨਿਕਲੇ। 11 ਅਜਿਹੇ ਸਰਵੇਖਣਾ ’ਚ ਉੱਤਰਖੰਡ ’ਚ ਭਾਜਪਾ ਅਤੇ ਕਾਂਗਰਸ ਦਰਮਿਆਨ ਤਿੱਖਾ ਮੁਕਾਬਲਾ ਹੋਣ ਦੀ ਗੱਲ ਕਹੀ ਗਈ ਸੀ ਪਰ ਵੀਰਵਾਰ ਨੂੰ ਆਏ ਨਤੀਜਿਆਂ ’ਚ ਭਾਜਪਾ ਨੇ ਵੱਡੀ ਜਿੱਤ ਹਾਸਲ ਕਰਦੇ ਹੋਏ ਕਾਂਗਰਸ ਨੂੰ ਬਹੁਤ ਪਿੱਛੇ ਛੱਡ ਦਿੱਤਾ। ਗੋਆ ਦੇ ਐਗਜ਼ਿਟ ਪੋਲ ’ਚ ਲੰਗੜੀ ਵਿਧਾਨ ਸਭਾ ਬਣਨ ਦੇ ਆਸਾਰ ਦੱਸੇ ਗਏ ਸਨ ਪਰ ਨਤੀਜਿਆਂ ’ਚ ਭਾਜਪਾ ਸੱਤਾਧਾਰੀ ਹੁੰਦੀ ਨਜ਼ਰ ਆ ਰਹੀ ਹੈ।

ਇਹ ਵੀ ਪੜ੍ਹੋ : ਸੰਗਰੂਰ ਵਿਖੇ ਭਿਆਨਕ ਸੜਕ ਹਾਦਸੇ 'ਚ 3 ਭੈਣਾਂ ਦੇ ਇਕਲੌਤੇ ਭਰਾ ਦੀ ਮੌਤ, ਪਰਿਵਾਰ 'ਚ ਵਿਛੇ ਸੱਥਰ

ਏ.ਬੀ.ਪੀ. ਨਿਊਜ਼-ਸੀ.ਵੋਟਰ, ਈ. ਟੀ. ਜੀ. ਰਿਸਰਚ, ਇੰਡੀਆ ਟੂਡੇ- ਐਕਸਿਸ ਮਾਈ ਇੰਡੀਆ, ਇੰਡੀਆ ਟੀ.ਵੀ.-ਸੀ. ਐੱਨ. ਐਕਸ, ਜ਼ੀ ਨਿਊਜ਼-ਡਿਜ਼ਾਈਨ ਬਾਕਸ, ਇੰਡੀਆ ਨਿਊਜ਼, ਨਿਊਜ਼ 24-ਟੂਡੇ, ਚਾਣਿਕਿਆ, ਰਿਪਬਲਿਕ ਪੀ. ਮਾਰਕ ਸਮੇਤ ਲਗਭਗ ਸਭ ਐਗਜ਼ਿਟ ਪੋਲ ’ਚ ਉੱਤਰ ਪ੍ਰਦੇਸ਼ ’ਚ ਭਾਜਪਾ ਨੂੰ 240 ਤੋਂ ਵਧ ਸੀਟਾਂ ਮਿਲਣ ਦਾ ਪੇਸ਼ਗੀ ਅਨੁਮਾਨ ਲਗਾਇਆ ਗਿਆ ਸੀ। ਐਗਜ਼ਿਟ ਪੋਲ ’ਚ ਅਖਿਲੇਸ਼ ਯਾਦਵ ਦੀ ਸਮਾਜਵਾਦੀ ਪਾਰਟੀ ਨੂੰ 142 ਸੀਟਾਂ ਦੇ ਆਮ-ਪਾਸ ਦੂਜੇ ਨੰਬਰ ’ਤੇ ਰਹਿਣ ਦੀ ਸੰਭਾਵਨਾ ਪ੍ਰਗਟਾਈ ਗਈ ਸੀ। ਪੰਜਾਬ ’ਚ ‘ਆਪ’ ਦੀ ਜਿੱਤ ਦਾ ਵੀ ਵਧੇਰੇ ਐਗਜ਼ਿਟ ਪੋਲ ’ਚ ਪੇਸ਼ਗੀ ਅਨੁਮਾਨ ਲਾਇਆ ਗਿਆ ਸੀ। ਸਭ ਐਗਜ਼ਿਟ ਪੋਲ ’ਚ ‘ਆਪ’ ਨੂੰ ਪੰਜਾਬ ’ਚ 63 ਸੀਟਾਂ ਦੇ ਲੱਗਭਗ ਮਿਲਣ ਦੀ ਸੰਭਾਵਨਾ ਪ੍ਰਗਟਾਈ ਗਈ ਸੀ ਪਰ ਆਪ ਇਸ ਤੋਂ ਬਹੁਤ ਅੱਗੇ ਨਿਕਲ ਗਈ। ਮਣੀਪੁਰ ’ਚ ਵਧੇਰੇ ਸਰਵੇਖਣਾ ’ਚ ਭਾਜਪਾ ਨੂੰ ਔਸਤ 30 ਸੀਟਾਂ ’ਤੇ ਜਿੱਤ ਹਾਸਲ ਕਰਨ ਦਾ ਅਨੁਮਾਨ ਲਾਇਆ ਗਿਆ ਸੀ।

ਇਹ ਵੀ ਪੜ੍ਹੋ : ਵੋਟਰਾਂ ਦੇ ਫਤਵੇ ਨੇ ਬਦਲੇ ਸਿਆਸਤ ਦੇ ਸਮੀਕਰਨ, ਕਿਸਾਨ ਆਗੂ ਰਾਜੇਵਾਲ ਵੀ ਨਹੀਂ ਬਚਾ ਸਕੇ ਆਪਣੀ ਜ਼ਮਾਨਤ

ਮਮਤਾ-ਕੇਜਰੀ ਦੀ ਕਾਂਗਰਸ ’ਚ ਸੰਨ੍ਹ ਨਾਲ ਭਾਜਪਾ ਨੂੰ ਮਿਲਿਆ ਬੰਪਰ ਲਾਭ

ਦੇਸ਼ ਦੇ ਸਭ ਤੋਂ ਛੋਟੇ ਸੂਬੇ ਗੋਆ ’ਚ ਭਾਜਪਾ ਦੀ ਸਰਕਾਰ ਬਣਨੀ ਲਗਭਗ ਤੈਅ ਹੋ ਗਈ ਹੈ। ਇਕ ਗੱਲ ਸਪਸ਼ਟ ਹੈ ਕਿ ਭਾਜਪਾ ਵਿਰੋਧੀ ਵੋਟ ਵਿਰੋਧੀ ਪਾਰਟੀਆਂ ’ਚ ਹੀ ਵੰਡੇ ਗਏ। ਇਸ ਦਾ ਸਿੱਧਾ ਲਾਭ ਭਾਜਪਾ ਨੂੰ ਮਿਲਿਆ। ਗੋਆ ’ਚ ਭਾਜਪਾ ਜਿੱਤ ਦੀ ਹੈਟ੍ਰਿਕ ਮਨਾਏਗੀ। ਮਮਤਾ ਦੀ ਤ੍ਰਿਣਮੂਲ ਕਾਂਗਰਸ ਨੇ ਮਹਾਰਾਸ਼ਟਰ ਗੋਮਾਂਤਿਕ ਪਾਰਟੀ ਨਾਲ ਮਿਲ ਕੇ ਚੋਣਾਂ ਲੜੀਆਂ। ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੇ 40 ’ਚੋਂ 39 ਸੀਟਾਂ ’ਤੇ ਆਪਣੇ ਉਮੀਦਵਾਰ ਖੜੇ ਕੀਤੇ। ਇਨ੍ਹਾਂ ਦੋਵਾਂ ਪਾਰਟੀਆਂ ਨੇ ਕਾਂਗਰਸ ਦੀਆਂ ਵੋਟਾਂ ’ਚ ਸੰਨ੍ਹ ਲਾਈ। ਜੇ ਵਿਰੋਧੀ ਪਾਰਟੀਆਂ ਇਕਮੁੱਠ ਹੋ ਕੇ ਲੜਦੀਆਂ ਤਾਂ ਉਹ ਭਾਜਪਾ ਲਈ ਚੁਣੌਤੀ ਬਣ ਸਕਦੀਆਂ ਸਨ। ਭਾਜਪਾ ’ਚ ਕਾਂਗਰਸ ’ਚੋਂ ਜੋ ਵਿਧਾਇਕ ਆਏ ਸਨ, ਉਸ ਕਾਰਨ ਪਾਰਟੀ ਕਮਜ਼ੋਰ ਨਹੀਂ ਸਗੋਂ ਮਜ਼ਬੂਤ ਹੋਈ। ਆਮ ਆਦਮੀ ਪਾਰਟੀ ਜ਼ੋਰ-ਸ਼ੋਰ ਨਾਲ ਚੋਣ ਮੈਦਾਨ ’ਚ ਉਤਰੀ ਸੀ। ਪਾਰਟੀ ਨੇ ਕਰਨਲ ਅਜੇ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾ ਕੇ ਚੋਣ ਲੜੀ ਸੀ ਪਰ ਉਹ ਕੋਈ ਖਾਸ ਪ੍ਰਭਾਵ ਨਹੀਂ ਛੱਡ ਸਕੇ। ਉਹ ਤੀਜੇ ਨੰਬਰ ’ਤੇ ਰਹੇ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Anuradha

Content Editor

Related News