ਆਫ਼ ਦਿ ਰਿਕਾਰਡ : ਪ੍ਰਿਯੰਕਾ ਲਈ ਪ੍ਰੀਖਿਆ ਦੀ ਘੜੀ

Tuesday, Nov 01, 2022 - 12:07 PM (IST)

ਨਵੀਂ ਦਿੱਲੀ– ਯੂ. ਪੀ. ਵਿਧਾਨ ਸਭਾ ਚੋਣਾਂ ’ਚ ਬੁਰੀ ਤਰ੍ਹਾਂ ਮਾਰ ਖਾਣ ਤੋਂ ਬਾਅਦ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਢੇਰਾ ਹਿਮਾਚਲ ਪ੍ਰਦੇਸ਼ ’ਚ 12 ਨਵੰਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਨਿੱਤਰ ਗਈ ਹੈ। ਉਨ੍ਹਾਂ ਮੁੱਖ ਮੰਤਰੀ ਜੈਰਾਮ ਠਾਕੁਰ ਅਤੇ ਭਾਜਪਾ ਦੇ ਗੜ੍ਹ ’ਚ ਅੱਜ ਤੋਂ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ। ਕਾਂਗਰਸ ਭਾਜਪਾ ਦੀ ਸੱਤਾ ਵਿਰੋਧੀ ਲਹਿਰ ਦਾ ਲਾਭ ਉਠਾਉਣ ਦੀ ਉਮੀਦ ਕਰ ਰਹੀ ਹੈ ਅਤੇ ਪ੍ਰਿਯੰਕਾ ਨੂੰ ਲੱਗਦਾ ਹੈ ਕਿ ਮਹਿੰਗਾਈ ਅਤੇ ਬੇਰੋਜ਼ਗਾਰੀ ਦੇ ਕਾਰਨ ਕਾਂਗਰਸ ਨੂੰ ਫਾਇਦਾ ਮਿਲ ਸਕਦਾ ਹੈ।

ਕਾਂਗਰਸ ਨੇ ਫੈਸਲਾਕੁੰਨ ਭੂਮਿਕਾ ਨਿਭਾਉਣ ਵਾਲੇ ਸਰਕਾਰੀ ਕਰਮਚਾਰੀਆਂ ਨੂੰ ਲੁਭਾਉਣ ਲਈ ਪੁਰਾਣੀ ਪੈਨਸ਼ਨ ਯੋਜਨਾ ਨੂੰ ਮੁੜ ਸ਼ੁਰੂ ਕਰਨ ਦਾ ਵਾਅਦਾ ਕੀਤਾ ਹੈ। ਭਾਜਪਾ ਹਾਈ ਕਮਾਨ ਨੇ ਜੈਰਾਮ ਠਾਕੁਰ ਨੂੰ ਨਾ ਬਦਲਣ ਦਾ ਫੈਸਲਾ ਕੀਤਾ। ਇਹ ਯਾਦ ਰੱਖਣਾ ਚਾਹੀਦਾ ਕਿ ਉੱਤਰਾਖੰਡ ’ਚ ਭਾਜਪਾ ਨੇ 6 ਮਹੀਨਿਆਂ ਦੇ ਅੰਦਰ 3 ਵਾਰ ਮੁੱਖ ਮੰਤਰੀ ਬਦਲੇ ਅਤੇ ਇਸ ਰਣਨੀਤੀ ਦਾ ਲਾਭ ਮਿਲਿਆ ਅਤੇ ਕਾਂਗਰਸ ਹਾਰ ਗਈ। ਹਿਮਾਚਲ ਲਈ ਭਾਜਪਾ ਨੇ ਅਸਲ ’ਚ ਐਲਾਨ ਕੀਤਾ ਕਿ ਚੋਣਾਂ ਮੋਦੀ ਦੀ ਅਗਵਾਈ ’ਚ ਲੜੀਆਂ ਜਾਣਗੀਆਂ। ਕਾਂਗਰਸ ਦੀ ਮੁਹਿੰਮ ਹੁਣ ਤੱਕ ਤੇਜ਼ ਨਹੀਂ ਹੋਈ ਹੈ ਕਿਉਂਕਿ ਰਾਹੁਲ ਗਾਂਧੀ ਦੱਖਣੀ ਸੂਬਿਆਂ ’ਚ ਆਪਣੀ ‘ਭਾਰਤ ਜੋੜੋ ਯਾਤਰਾ’ ’ਚ ਰੁੱਝਿਆ ਹੈ।

ਸੋਨੀਆ ਗਾਂਧੀ ਨੇ ਮਲਿਕਾਅਰਜੁਨ ਖੜਗੇ ਨੂੰ ਕਮਾਨ ਸੌਂਪਣ ਤੋਂ ਬਾਅਦ ਚੋਣ ਦੰਗਲ ਤੋਂ ਵੱਖ ਰਹਿਣ ਦਾ ਫੈਸਲਾ ਕੀਤਾ ਹੈ। ਪ੍ਰਿਯੰਕਾ ਗਾਂਧੀ ਦੇ ਹਿਮਾਚਲ ਚੋਣ ਜੰਗ ’ਚ ਉਤਰਣ ਤੋਂ ਬਾਅਦ ਸਿਆਸੀ ਮਾਹਿਰਾਂ ਦਾ ਮੰਣਨਾ ਹੈ ਕਿ ਇਹ ਇਕ ਜ਼ੋਖਿਮ ਭਰਿਆ ਫੈਸਲਾ ਹੈ। ਭਾਜਪਾ ਨੇ ਪ੍ਰਧਾਨ ਮੰਤਰੀ ਤੋਂ ਲੈ ਕੇ ਅਮਿਤ ਸ਼ਾਹ, ਜੇ. ਪੀ. ਨੱਢਾ ਅਤੇ ਹੋਰਨਾਂ ਤੱਕ ਆਪਣੀ ਪੂਰੀ ਮਸ਼ੀਨਰੀ ਨੂੰ ਝੋਕ ਦਿੱਤਾ ਹੈ। ਉਸ ਨੇ ਸੱਤਾ ਵਿਰੋਧੀ ਲਹਿਰ ਨੂੰ ਦੂਰ ਕਰਨ ਲਈ ਉਮੀਦਵਾਰਾਂ ਦੀ ਛਾਂਟੀ ਕਰਨ ਲਈ ਪਿਛਲੇ 2 ਮਹੀਨਿਆਂ ’ਚ 3 ਪ੍ਰਮੁੱਖ ਅੰਦਰੂਨੀ ਸਰਵੇਖਣ ਕੀਤੇ। ਇਹ ਵੱਖਰੀ ਗੱਲ ਹੈ ਕਿ ਭਾਜਪਾ ਨੂੰ ਲਗਭਗ ਇਕ ਦਰਜਨ ਬਾਗੀਆਂ ਦੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪੰਜਾਬ ’ਚ ਨਵਜੋਤ ਸਿੰਘ ਸਿੱਧੂ ਦੇ ਹੱਕ ’ਚ ਖੜਾ ਹੋਣ ਜਾਂ ਰਾਜਸਥਾਨ ’ਚ ਸਚਿਨ ਪਾਇਲਟ ਨੂੰ ਮੁੱਖ ਮੰਤਰੀ ਅਹੁਦੇ ਦਾ ਵਾਅਦਾ ਕਰਨ ਦੇ ਪ੍ਰਿਯੰਕਾ ਦੇ ਪ੍ਰਯੋਗ ਨਾਕਾਮ ਰਹੇ ਪਰ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਕੋਈ ਕਸਰ ਨਹੀਂ ਛੱਡ ਰਹੇ ਹਨ ਅਤੇ ਕਾਂਗਰਸ ਦੇ ਸੰਸਦ ਮੈਂਬਰ ਰਾਜੀਵ ਸ਼ੁਕਰਾ ਵੀ ਪ੍ਰਿਯੰਕਾ ਦੇ ਨਾਲ ਹਨ।


Rakesh

Content Editor

Related News