ਸਾਬਕਾ IAS ਪੂਜਾ ਖੇਡਕਰ ਨੂੰ ਹਾਈ ਕੋਰਟ ਤੋਂ ਰਾਹਤ, 5 ਸਤੰਬਰ ਤੱਕ ਨਹੀਂ ਹੋਵੇਗੀ ਗ੍ਰਿਫਤਾਰੀ
Thursday, Aug 29, 2024 - 08:22 PM (IST)
ਨਵੀਂ ਦਿੱਲੀ, (ਭਾਸ਼ਾ)- ਦਿੱਲੀ ਹਾਈ ਕੋਰਟ ਨੇ ਵੀਰਵਾਰ ਨੂੰ ਸਾਬਕਾ ਆਈ. ਏ. ਐੱਸ. ਪ੍ਰੋਬੇਸ਼ਨਰੀ ਅਧਿਕਾਰੀ ਪੂਜਾ ਖੇਡਕਰ ਨੂੰ ਗ੍ਰਿਫਤਾਰੀ ਤੋਂ ਦਿੱਤੀ ਗਈ ਅੰਤ੍ਰਿਮ ਸੁਰੱਖਿਆ 5 ਸਤੰਬਰ ਤੱਕ ਵਧਾ ਦਿੱਤੀ। ਉਨ੍ਹਾਂ ’ਤੇ ਧੋਖਾਦੇਹੀ ਅਤੇ ਗਲਤ ਤਰੀਕੇ ਨਾਲ ਓ. ਬੀ. ਸੀ. ਅਤੇ ਦਿਵਿਆਂਗਤਾ ਕੋਟੇ ਦਾ ਲਾਭ ਪ੍ਰਾਪਤ ਕਰਨ ਦਾ ਦੋਸ਼ ਹੈ।
ਜਸਟਿਸ ਸੁਬਰਮਨੀਅਮ ਪ੍ਰਸਾਦ ਨੇ ਖੇਡਕਰ ਦੀ ਅਗਾਊਂ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ 5 ਸਤੰਬਰ ਤੱਕ ਲਈ ਟਾਲ ਦਿੱਤੀ ਅਤੇ ਪੁਲਸ ਨੂੰ ਇਸ ’ਚ ਤਾਜ਼ਾ ਸਥਿਤੀ ਰਿਪੋਰਟ ਦਾਖਲ ਕਰਨ ਦੀ ਆਜ਼ਾਦੀ ਦਿੱਤੀ।
ਯੂਨੀਅਨ ਲੋਕ ਸੇਵਾ ਕਮਿਸ਼ਨ (ਯੂ. ਪੀ. ਐੱਸ. ਸੀ.) ਅਤੇ ਦਿੱਲੀ ਪੁਲਸ ਦੋਵਾਂ ਨੇ ਗ੍ਰਿਫਤਾਰੀ ਤੋਂ ਪਹਿਲਾਂ ਜ਼ਮਾਨਤ ਦੀ ਖੇਡਕਰ ਦੀ ਪਟੀਸ਼ਨ ਨੂੰ ਰੱਦ ਕਰਨ ਦੀ ਅਪੀਲ ਕੀਤੀ ਹੈ।
ਅਧਿਕਾਰੀਆਂ ਦੇ ਰੁਖ਼ ’ਤੇ ਦਾਖਲ ਜਵਾਬ ’ਚ ਖੇਡਕਰ ਨੇ ਆਪਣੇ ਖਿਲਾਫ ਲਾਏ ਗਏ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਨੇ ਸਿਵਲ ਸੇਵਾ ਪ੍ਰੀਖਿਆ-2022 ਨੂੰ ਸਫਲਤਾਪੂਰਵਕ ਪਾਸ ਕਰਨ ਦੀ ਪ੍ਰਕਿਰਿਆ ’ਚ ਨਾ ਤਾਂ ਗਲਤ ਬਿਆਨ ਦਿੱਤਾ ਹੈ ਅਤੇ ਨਾ ਹੀ ਧੋਖਾਦੇਹੀ ਕੀਤੀ ਹੈ।