ਇੰਜੀਨੀਅਰ ਰਾਸ਼ਿਦ ਨੂੰ ਰਿਮੋਟ ਨਾਲ ਕੀਤਾ ਜਾ ਰਿਹੈ ਕੰਟਰੋਲ : ਉਮਰ ਅਬਦੁੱਲਾ
Monday, Sep 16, 2024 - 05:48 PM (IST)
ਸ਼੍ਰੀਨਗਰ (ਵਾਰਤਾ)- ਨੈਸ਼ਨਲ ਕਾਨਫਰੰਸ (ਨੈਕਾਂ) ਦੇ ਉੱਪ ਪ੍ਰਧਾਨ ਉਮਰ ਅਬਦੁੱਲਾ ਨੇ ਸੋਮਵਾਰ ਨੂੰ ਦੋਸ਼ ਲਗਾਇਆ ਕਿ ਸੰਸਦ ਮੈਂਬਰ ਅਬਦੁੱਲਾ ਰਾਸ਼ਿਦ ਸ਼ੇਖ (ਇੰਜੀਨੀਅਰ ਰਾਸ਼ਿਦ) ਦੇ ਤਾਰ ਕਿਤੇ ਹੋਰ ਜੁੜੇ ਹੋਏ ਹਨ ਅਤੇ ਉਨ੍ਹਾਂ ਨੂੰ ਉੱਥੋਂ ਸਿਗਨਲ ਮਿਲਦਾ ਹੈ। ਅਬਦੁੱਲਾ ਨੇ ਇਹ ਗੱਲ ਪਾਬੰਦੀਸ਼ੁਦਾ ਜਮਾਤ-ਏ-ਇਸਲਾਮੀ ਦੇ ਕਈ ਮੈਂਬਰਾਂ ਨੂੰ ਆਜ਼ਾਦ ਉਮੀਦਵਾਰ ਵਜੋਂ ਮੈਦਾਨ 'ਚ ਉਤਾਰਨ ਅਤੇ ਸ਼ੇਖ ਦੀ ਅਵਾਮੀ ਇਤੇਹਾਦ ਪਾਰਟੀ (ਏ.ਆਈ.ਪੀ.) ਵਲੋਂ ਜੰਮੂ ਕਸ਼ਮੀਰ 'ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਰਣਨੀਤਕ ਗਠਜੋੜ ਕੀਤੇ ਜਾਣ ਦੇ ਇਕ ਦਿਨ ਬਾਅਦ ਕਹੀ। ਉਨ੍ਹਾਂ ਨੇ ਸ਼ੇਖ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਉਨ੍ਹਾਂ ਨੇ ਨੈਕਾਂ ਨੂੰ ਨਿਸ਼ਾਨਾ ਬਣਾਉਣ ਲਈ ਉਮੀਦਵਾਰ ਉਤਾਰੇ ਹਨ।
ਸਾਬਕਾ ਮੁੱਖ ਮੰਤਰੀ ਨੇ ਸੋਮਵਾਰ ਨੂੰ ਦੱਖਣ ਕਸ਼ਮੀਰ ਦੇ ਪੁਲਵਾਮਾ 'ਚ ਕਿਹਾ,''ਉਨ੍ਹਾਂ ਦੇ ਤਾਰ ਕਿਤੇ ਹੋਰ ਜੁੜੇ ਹਨ। ਉਨ੍ਹਾਂ ਨੂੰ ਕਿਤੇ ਹੋਰ ਤੋਂ ਸੰਕੇਤ ਮਿਲਦੇ ਹਨ। ਉਹ ਉਸੇ ਇਸ਼ਾਰੇ 'ਤੇ ਨੱਚਦੇ ਹਨ। ਇਹ ਸਪੱਸ਼ਟ ਹੈ ਕਿ ਉਨ੍ਹਾਂ ਨੂੰ ਨੈਸ਼ਨਲ ਕਾਨਫਰੰਸ ਨੂੰ ਨਿਸ਼ਾਨਾ ਬਣਾਉਣ ਲਈ ਮੈਦਾਨ 'ਚ ਉਤਾਰਿਆ ਗਿਆ ਹੈ। ਕੋਈ ਸਮੱਸਿਆ ਨਹੀਂ ਹੈ, ਅਸੀਂ ਇਸ ਦਾ ਸਾਹਮਣਾ ਕਰ ਸਕਦੇ ਹਨ।'' ਅਬਦੁੱਲਾ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ 'ਤੇ ਵੀ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਉਨ੍ਹਾਂ ਕੋਲ ਕਸ਼ਮੀਰੀਆਂ ਨੂੰ ਦੇਣ ਲਈ ਕੁਝ ਨਹੀਂ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਕਸ਼ਮੀਰ ਦੀਆਂ ਪਾਰਟੀਆਂ 'ਚ ਵੰਸ਼ਵਾਦ ਬਾਰੇ ਹਮੇਸ਼ਾ ਚੁੱਕੇ ਜਾਣ ਵਾਲੇ ਸਵਾਲਾਂ ਨੂੰ ਵੀ ਖਾਰਜ ਕਰ ਦਿੱਤਾ। ਉਨ੍ਹਾਂ ਕਿਹਾ,''ਉਨ੍ਹਾਂ ਕੋਲ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਵੇਚਣ ਲਈ ਹੁਣ ਕੁਝ ਨਹੀਂ ਬਚਿਆ ਹੈ।'' ਉਨ੍ਹਾਂ ਨੇ ਦੋਸ਼ ਲਗਾਇਆ ਕਿ ਕੇਂਦਰ ਨੇ ਪਿਛਲੇ 5 ਸਾਲਾਂ ਦੌਰਾਨ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਕੁਝ ਵੀ ਨਹੀਂ ਦਿੱਤਾ ਹੈ ਅਤੇ ਉਨ੍ਹਾਂ ਕੋਲ ਵੰਸ਼ਵਾਦ ਦੇ ਸ਼ਾਸਨ ਤੋਂ ਇਲਾਵਾ ਕਹਿਣ ਲਈ ਕੁਝ ਵੀ ਨਹੀਂ ਹੈ। ਉਨ੍ਹਾਂ ਕਿਹਾ,''ਜੇਕਰ ਕੇਂਦਰ ਸਰਕਾਰ ਨੇ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਕੁਝ ਵੀ ਦਿੱਤਾ ਹੁੰਦਾ ਤਾਂ ਉਹ ਆਪਣਾ ਰਿਪੋਰਟ ਕਾਰਡ ਜਾਰੀ ਕਰਦੇ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8