ਚੋਣ ਕਮਿਸ਼ਨ ਨੇ ਸ਼ਰਦ ਯਾਦਵ ਨੂੰ ਦਿੱਤਾ ਵੱਡਾ ਝਟਕਾ
Friday, Nov 17, 2017 - 06:05 PM (IST)

ਪਟਨਾ— ਚੋਣ ਕਮਿਸ਼ਨ ਨੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਵਾਲੇ ਜਨਤਾ ਦਲ (ਯੂ) ਗੁਟ ਨੂੰ ਅਸਲੀ ਜਦਯੂ ਕਰਾਰ ਦਿੱਤਾ ਹੈ ਅਤੇ ਉਸ ਨੂੰ ਬਿਹਾਰ 'ਚ 'ਤੀਰ' ਚੋਣ ਨਿਸ਼ਾਨ ਦਾ ਇਸਤੇਮਾਲ ਕਰਨ ਦੀ ਇਜਾਜ਼ਤ ਦਿੱਤੀ ਹੈ। ਕਮਿਸ਼ਨ ਦਾ ਇਹ ਫੈਸਲਾ ਜਦਯੂ ਦੇ ਬਾਗੀ ਆਗੂ ਸ਼ਰਦ ਯਾਦਵ ਦੇ ਗੁਟ ਲਈ ਵੱਡਾ ਝਟਕਾ ਹੈ। ਸ਼ਰਦ ਗੁਟ ਨੇ ਕਮਿਸ਼ਨ ਨੂੰ ਅਪੀਲ ਕੀਤੀ ਸੀ ਕਿ ਉਸ ਨੂੰ ਅਸਲੀ ਜਨਤਾ ਦਲ ਯੂ ਦੇ ਰੂਪ 'ਚ ਮਾਨਤਾ ਦਿੱਤੀ ਜਾਵੇ ਅਤੇ 'ਤੀਰ' ਚੋਣ ਨਿਸ਼ਾਨ ਦੇ ਇਸਤੇਮਾਲ ਦੀ ਇਜਾਜ਼ਤ ਦਿੱਤੀ ਜਾਵੇ।
ਕਮਿਸ਼ਨ ਦੇ ਸਾਹਮਣੇ ਆਪਣੀ ਐਪਲੀਕੇਸ਼ਨ 'ਚ ਉਸ ਨੇ ਕਿਹਾ ਸੀ ਕਿ ਨਿਤੀਸ਼ ਕੁਮਾਰ ਦੀ ਅਗਵਾਈ ਵਾਲੇ ਗੁਟ ਨੇ ਬਿਹਾਰ 'ਚ ਮਹਾਗਠਬੰਧਨ ਤੋਂ ਅਲੱਗ ਹੋਣ ਦਾ ਫੈਸਲਾ ਕਰ ਕੇ ਪਾਰਟੀ ਦੇ ਸਿਧਾਤਾਂ ਅਤੇ ਪਹਿਲਾਂ ਲਏ ਗਏ ਫੈਸਲੇ ਦਾ ਉਲੰਘਣ ਕੀਤਾ ਹੈ। ਕਮਿਸ਼ਨ ਨੇ ਦੋਵੇਂ ਗੁਟਾਂ ਦੀਆਂ ਦਲੀਲਾਂ ਸੁਣਨ ਅਤੇ ਉਨ੍ਹਾਂ ਵਲੋਂ ਸੌਂਪੇ ਗਏ ਦਸਤਾਵੇਜ਼ਾ ਦੇ ਆਧਾਰ 'ਤੇ ਅੱਜ ਨਿਤੀਸ਼ ਗੁਟ ਨੂੰ ਅਸਲੀ ਜਦ ਯੁ ਕਰਾਰ ਦਿੱਤਾ ਅਤੇ 'ਤੀਰ' ਚੋਣ ਨਿਸ਼ਾਨ ਦਾ ਇਸਤੇਮਾਲ ਕਰਨ ਦੀ ਇਜਾਜ਼ਤ ਦਿੱਤੀ ਹੈ। ਜਨਤਾ ਦਲ ਯੂ ਨੂੰ ਕਮਿਸ਼ਨ ਤੋਂ ਪਹਿਲਾਂ ਹੀ ਸੂਬਾ ਪੱਧਰੀ ਦਲ 'ਚ ਮਾਨਤਾ ਪ੍ਰਾਪਤ ਹੈ ਅਤੇ ਉਸ ਨੂੰ 'ਤੀਰ' ਚੋਣ ਨਿਸ਼ਾਨ ਮਿਲਿਆ ਹੋਇਆ ਹੈ।