ਹਿਮਾਚਲ ਪ੍ਰਦੇਸ਼ ਦੇ CM ਸੁੱਖੂ ਦੇ ਕਰੀਬੀਆਂ ਦੇ ਟਿਕਾਣਿਆਂ ''ਤੇ ED ਦੇ ਛਾਪੇ

Wednesday, Jul 31, 2024 - 12:59 PM (IST)

ਸ਼ਿਮਲਾ- ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਆਯੁਸ਼ਮਾਨ ਭਾਰਤ ਯੋਜਨਾ 'ਚ ਧੋਖਾਧੜੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਤਹਿਤ ਹਿਮਾਚਲ ਪ੍ਰਦੇਸ਼ 'ਚ ਕਾਂਗਰਸ ਵਿਧਾਇਕ ਆਰ. ਐੱਸ. ਬਾਲੀ, ਕੁਝ ਪ੍ਰਾਈਵੇਟ ਹਸਪਤਾਲਾਂ ਅਤੇ ਉਨ੍ਹਾਂ ਦੇ ਪ੍ਰਮੋਟਰਾਂ ਦੇ ਕੰਪਲੈਕਸਾਂ 'ਤੇ ਬੁੱਧਵਾਰ ਨੂੰ ਛਾਪੇਮਾਰੀ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਈਡੀ ਦੀਆਂ ਟੀਮਾਂ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ, ਕਾਂਗੜਾ, ਊਨਾ, ਮੰਡੀ ਅਤੇ ਕੁੱਲੂ ਸਮੇਤ 19 ਥਾਵਾਂ ਤੋਂ ਇਲਾਵਾ ਦਿੱਲੀ ਅਤੇ ਚਡੀਗੜ੍ਹ ਵਿਚ ਬਾਲੀ ਅਤੇ ਕੁਝ ਪ੍ਰਾਈਵੇਟ ਹਸਪਤਾਲਾਂ ਅਤੇ ਉਨ੍ਹਾਂ ਦੇ ਪ੍ਰਮੋਟਰਾਂ ਦੇ ਕੰਪਲੈਕਸਾਂ 'ਤੇ ਸਵੇਰ ਤੋਂ ਤਲਾਸ਼ੀ ਲੈ ਰਹੀ ਹੈ। 

ਅਧਿਕਾਰੀਆਂ ਨੇ ਦੱਸਿਆ ਕਿ ਕਾਂਗੜਾ ਵਿਚ ਬਾਲੀ ਅਤੇ ਫੋਰਟਿਸ ਹਸਪਤਾਲ ਤੋਂ ਇਲਾਵਾ ਬਾਲਾਜੀ ਹਸਪਤਾਲ ਅਤੇ ਉਸ ਦੇ ਪ੍ਰਮੋਟਰ ਰਾਜੇਸ਼ ਸ਼ਰਮਾ ਦੇ ਕੰਪਲੈਕਸਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਅਧਿਕਾਰੀਆਂ ਮੁਤਾਬਕ ਬਾਲੀ ਨੂੰ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦਾ ਕਰੀਬੀ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਹਾਲ ਵਿਚ ਹੋਏ ਦੇਹਰਾ ਵਿਧਾਨ ਸਭਾ ਜ਼ਿਮਨੀ ਚੋਣਾਂ ਵਿਚ ਸੁੱਖੂ ਦੀ ਪਤਨੀ ਕਮਲੇਸ਼ ਠਾਕੁਰ ਲਈ ਆਪਣੀ ਟਿਕਟ ਛੱਡ ਦਿੱਤੀ ਸੀ। ਕਮਲੇਸ਼ ਨੇ ਜ਼ਿਮਨੀ ਚੋਣਾਂ ਵਿਚ ਜਿੱਤ ਦਰਜ ਕੀਤੀ ਸੀ।

ਮਨੀ ਲਾਂਡਰਿੰਗ ਦਾ ਇਹ ਮਾਮਲਾ ਜਨਵਰੀ 2023 ਵਿਚ ਸੂਬਾ ਚੌਕਸੀ ਅਤੇ ਭ੍ਰਿਸ਼ਟਾਚਾਰ ਰੋਕੂ ਬਿਊਰੋ ਵਲੋਂ ਕਿਰਨ ਸੋਨੀ, ਊਨਾ ਸਥਿਤ ਬਾਂਕੇ ਬਿਹਾਰੀ ਹਸਪਤਾਲ ਅਤੇ ਹੋਰਨਾਂ ਖਿਲਾਫ਼ ਫਰਜ਼ੀ AB-PMJAY (ਅਰੋਗ ਭਾਰਤ ਪ੍ਰਧਾਨ ਮੰਤਰੀ ਜਨ ਆਰੋਗ ਯੋਜਨਾ) ਕਾਰਡ ਬਣਾਉਣ ਦੇ ਦੋਸ਼ ਵਿਚ ਦਰਜ ਕੀਤੀ ਗਈ FIR 'ਤੇ ਆਧਾਰਿਤ ਹੈ। ਈਡੀ ਦਾ ਦੋਸ਼ ਹੈ ਕਿ ਅਜਿਹੇ ਫਰਜ਼ੀ ਕਾਰਡ 'ਤੇ ਕਈ ਮੈਡੀਕਲ ਬਿੱਲ ਬਣਾਏ ਗਏ, ਜਿਸ ਨਾਲ ਸਰਕਾਰੀ ਖਜਾਨੇ ਅਤੇ ਜਨਤਾ ਨੂੰ ਨੁਕਸਾਨ ਹੋਇਆ।


Tanu

Content Editor

Related News