ਪੂਰਬੀ ਲੱਦਾਖ ''ਚ ਚੀਨ ਨੇ ਫਿਰ ਕੀਤੀ ਘੁਸਪੈਠ ਦੀ ਕੋਸ਼ਿਸ਼, ਭਾਰਤੀ ਫੌਜ ਦੇ ਸਾਹਮਣੇ ਆਏ 40-50 ਚੀਨੀ ਫੌਜੀ

09/08/2020 5:24:22 PM

ਨੈਸ਼ਨਲ ਡੈਸਕ- ਪੂਰਬੀ ਲੱਦਾਖ 'ਚ ਸੋਮਵਾਰ ਦੇਰ ਰਾਤ ਚੀਨੀ ਫੌਜੀਆਂ ਦੀ ਗੋਲੀਬਾਰੀ ਤੋਂ ਬਾਅਦ ਹੁਣ ਇਕ ਵਾਰ ਫਿਰ ਤੋਂ ਭਾਰਤ ਅਤੇ ਚੀਨ ਦੇ ਫੌਜੀ ਆਹਮਣੇ-ਸਾਹਮਣੇ ਆਏ ਹਨ। ਪੈਂਗੋਂਗ ਕੋਲ ਰੇਜਾਂਗ ਲਾ 'ਚ ਕਰੀਬ 40-50 ਫੌਜੀ ਦੋਹਾਂ ਪਾਸਿਓਂ ਆਹਮਣੇ-ਸਾਹਮਣੇ ਆਏ। ਚੀਨੀ ਫੌਜੀਆਂ ਨੇ ਭਾਰਤੀ ਜਵਾਨਾਂ ਨੂੰ ਉੱਥੋਂ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਕਿ ਉਹ ਰੇਜਾਂਗ ਲਾ ਦੀ ਉੱਚਾਈ 'ਤੇ ਕਬਜ਼ਾ ਕਰ ਲੈਣ ਪਰ ਭਾਰਤੀ ਜਵਾਨਾਂ ਨੇ ਉਨ੍ਹਾਂ ਨੂੰ ਉੱਥੋਂ ਦੌੜਾ ਦਿੱਤਾ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸੋਮਵਾਰ ਨੂੰ ਵੀ ਚੀਨੀ ਫੌਜੀਆਂ ਨੇ ਘੁਸਪੈਠ ਦੀ ਕੋਸ਼ਿਸ਼ ਕੀਤੀ ਸੀ।

ਭਾਰਤੀ ਫੌਜ ਨੇ ਮੰਗਲਵਾਰ ਨੂੰ ਬਿਆਨ ਜਾਰੀ ਕਰ ਕੇ ਦੱਸਿਆ ਕਿ 7 ਸਤੰਬਰ ਦੇ ਤਾਜ਼ਾ ਮਾਮਲਿਆਂ 'ਚ, ਚੀਨੀ ਫੌਜੀਆਂ ਨੇ ਐੱਲ.ਏ.ਸੀ. ਕੋਲ ਸਾਡੇ ਇਕ ਮੋਹਰੀ ਟਿਕਾਣੇ ਤੱਕ ਆਉਣ ਦੀ ਕੋਸ਼ਿਸ਼ ਕੀਤੀ ਅਤੇ ਜਦੋਂ ਸਾਡੇ ਫੌਜੀਆਂ ਨੇ ਉਨ੍ਹਾਂ ਨੂੰ ਰੋਕਿਆ ਤਾਂ ਉਨ੍ਹਾਂ ਨੇ ਭਾਰਤੀ ਜਵਾਨਾਂ ਨੂੰ ਡਰਾਉਣ ਦੀ ਕੋਸ਼ਿਸ਼ 'ਚ ਹਵਾ 'ਚ ਕੁਝ ਰਾਊਂਡ ਗੋਲੀਆਂ ਚਲਾਈਆਂ। ਫੌਜ ਨੇ ਕਿਹਾ ਕਿ ਗੰਭੀਰ ਉਕਸਾਵੇ ਦੇ ਬਾਵਜੂਦ, ਭਾਰਤੀ ਫੌਜੀਆਂ ਨੇ ਬਹੁਤ ਸਬਰ ਵਰਤਿਆ ਅਤੇ ਜ਼ਿੰਮੇਵਾਰ ਤੀਰੇਕ ਨਾਲ ਵਤੀਰਾ ਕੀਤਾ। ਫੌਜ ਨੇ ਕਿਹਾ ਕਿ ਭਾਰਤੀ ਫੌਜ ਨੇ ਕਦੇ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) ਪਾਰ ਨਹੀਂ ਕੀਤੀ ਜਾਂ ਗੋਲੀਬਾਰੀ ਸਮੇਤ ਕਿਸੇ ਹਮਲਾਵਰ ਤਰੀਕੇ ਦੀ ਵਰਤੋਂ ਨਹੀਂ ਕੀਤੀ। ਫੌਜ ਨੇ ਪੀ.ਐੱਲ.ਏ. ਦੇ 'ਵੈਸਟਰਨ ਥੀਏਟਰ ਕਮਾਂਡ' ਦੇ ਬਿਆਨ ਨੂੰ ਉਨ੍ਹਾਂ ਦੇ ਆਪਣੇ ਲੋਕਾਂ ਅਤੇ ਕੌਮਾਂਤਰੀ ਭਾਈਚਾਰੇ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਾਰ ਦਿੱਤੀ।


DIsha

Content Editor

Related News