ਭਾਰਤ ਦੇ ਕਈ ਸੂਬਿਆਂ ''ਚ ਭੂਚਾਲ, ਘਰਾਂ ਤੋਂ ਬਾਹਰ ਭੱਜੇ ਲੋਕ
Monday, Sep 15, 2025 - 07:41 AM (IST)

ਨੈਸ਼ਨਲ ਡੈਸਕ : ਭਾਰਤ ਦੇ ਕਈ ਸੂਬਿਆਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਪੱਛਮੀ ਬੰਗਾਲ ਦੇ ਸਿਲੀਗੁੜੀ ਸਣੇ ਉੱਤਰੀ ਬੰਗਾਲ ਵਿੱਚ ਜ਼ਬਰਦਸਤ ਭੂਚਾਲ ਦੇ ਝਟਕੇ ਮਹਿਸੂਸ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਐਤਵਾਰ ਸ਼ਾਮ ਆਏ ਇਸ ਭੂਚਾਲ ਦੀ ਤੀਬਰਤਾ ਰੈਕਟਰ ਪੈਮਾਨੇ ਉੱਤੇ 5.9 ਮਾਪੀ ਗਈ ਹੈ। ਇਸ ਭੂਚਾਲ ਦਾ ਮੁੱਖ ਕੇਂਦਰ ਅਸਾਮ ਦਾ ਉਡਲਗੁਰੀ ਜ਼ਿਲਾ ਰਿਹਾ। ਭੂ-ਵਿਗਿਆਨ ਮਹਿਰਾਂ ਮੁਤਾਬਕ ਐਤਵਾਰ ਨੂੰ ਉੱਤਰ-ਪੂਰਬੀ ਭਾਰਤ ਵਿੱਚ 5.9 ਤੀਬਰਤਾ ਦਾ ਭੂਚਾਲ ਆਇਆ। ਭੂਚਾਲ ਦਾ ਕੇਂਦਰ ਜ਼ਮੀਨ ਤੋਂ ਸਿਰਫ਼ 10 ਕਿਲੋਮੀਟਰ ਦੀ ਡੂੰਘਾਈ ‘ਤੇ ਸੀ। ਇਹ ਭੂਚਾਲ ਦੇ ਝਟਕੇ ਉੱਤਰ-ਪੂਰਬੀ ਭਾਰਤ ਦੇ ਕਈ ਹਿੱਸਿਆਂ ਵਿੱਚ ਮਹਿਸੂਸ ਕੀਤੇ ਗਏ।
ਸ਼ਾਮ ਲਗਭਗ 4 ਵੱਜ ਕੇ 41 ਮਿੰਟ ਉੱਤੇ ਭੂਚਾਲ ਦੇ ਜ਼ੋਰਦਾਰ ਝਟਕੇ ਮਹਿਸੂਸ ਕੀਤੇ ਗਏ। ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਭੂਚਾਲ ਦੇ ਝਟਕੇ ਸਿਰਫ ਭਾਰਤ ਵਿੱਚ ਹੀ ਨਹੀਂ ਸਗੋਂ ਨੇਪਾਲ, ਬੰਗਲਾਦੇਸ਼, ਭੂਟਾਨ, ਮਿਆਂਮਾਰ ਅਤੇ ਚੀਨ ਵਿੱਚ ਵੀ ਮਹਿਸੂਸ ਕੀਤੇ ਗਏ ਹਨ। ਭੂਚਾਲ ਦੇ ਝਟਕਿਆਂ ਤੋਂ ਘਬਰਾਏ ਲੋਕ ਆਪਣੇ ਘਰਾਂ,ਦੁਕਾਨਾਂ ਅਤੇ ਦਫਤਰਾਂ ਤੋਂ ਬਾਹਰ ਭੱਜ ਨਿਕਲੇ।