ਮੇਰੇ 45 ਵਿਧਾਇਕ ਹੁੰਦੇ ਤਾਂ ਬੁਢਾਪਾ ਪੈਨਸ਼ਨ ਪਹਿਲੇ ਦਿਨ ਤੋਂ 5100 ਹੁੰਦੀ : ਦੁਸ਼ਯੰਤ ਚੌਟਾਲਾ
Sunday, Feb 26, 2023 - 03:57 PM (IST)
ਭਿਵਾਨੀ, (ਸੁਖਬੀਰ)– ਭਿਵਾਨੀ ਪਹੁੰਚੇ ਹਰਿਆਣਾ ਦੇ ਡਿਪਟੀ ਸੀ. ਐੱਮ. ਦੁਸ਼ਯੰਤ ਸਿੰਘ ਚੌਟਾਲਾ ਨੇ ਇਕ ਵਾਰ ਮੁੜ ਬੁਢਾਪਾ ਪੈਨਸ਼ਨ 5100 ਰੁਪਏ ਨਾ ਹੋਣ ਦੀ ਟੀਸ ਜ਼ਾਹਿਰ ਕੀਤੀ ਹੈ। ਇਸ ਬਜਟ ਵਿਚ ਵੀ ਬੁਢਾਪਾ ਪੈਨਸ਼ਨ 5100 ਰੁਪਏ ਨਾ ਹੋਣ ’ਤੇ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਬੁਢਾਪਾ ਪੈਨਸ਼ਨ 250 ਰੁਪਏ ਵਧਾਈ ਗਈ ਹੈ।
ਇਹ 3 ਸਾਲਾਂ ’ਚ 750 ਰੁਪਏ ਵਧ ਕੇ 2750 ਰੁਪਏ ਹੋ ਗਈ ਹੈ, ਜੋ ਪੂਰੇ ਦੇਸ਼ ਵਿਚ ਸਭ ਤੋਂ ਵੱਧ ਹੈ। ਉਨ੍ਹਾਂ ਕਿਹਾ ਕਿ ਮੇਰੇ ਵਿਧਾਇਕ 45 ਹੁੰਦੇ ਤਾਂ ਬੁਢਾਪਾ ਪੈਨਸ਼ਨ ਪਹਿਲੇ ਦਿਨ ਤੋਂ 5100 ਰੁਪਏ ਹੁੰਦੀ। ਮੈਂ ਗਠਜੋੜ ਸਰਕਾਰ ਕਾਰਨ 250 ਰੁਪਏ ਵਧਣ ’ਤੇ ਵੀ ਖੁਸ਼ ਹਾਂ ਅਤੇ ਇਸ ਨੂੰ ਹੋਰ ਵਧਾਉਣ ਲਈ ਯਤਨਸ਼ੀਲ ਰਹਾਂਗਾ।
ਇਸ ਦੌਰਾਨ ਚੌਟਾਲਾ ਨੇ ਸਪਸ਼ਟ ਕੀਤਾ ਕਿ ਹਰਿਆਣਾ ’ਚ ਲੋਕ ਸਭਾ ਦੇ ਨਾਲ ਵਿਧਾਨ ਸਭਾ ਚੋਣਾਂ ਨਹੀਂ ਹੋਣਗੀਆਂ। ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਆਪਣੇ ਤੈਅ ਸਮੇਂ ’ਤੇ ਹੋਣਗੀਆਂ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਓ. ਪੀ. ਐੱਸ. ਸਬੰਧੀ ਮੁੱਖ ਸਕੱਤਰ ਦੀ ਪ੍ਰਧਾਨਗੀ ਹੇਠ ਕਮੇਟੀ ਬਣਾਈ ਗਈ ਹੈ, ਜਿਸ ਦੀ ਰਿਪੋਰਟ ਆਉਣ ਤੋਂ ਬਾਅਦ ਅਗਲਾ ਫੈਸਲਾ ਲਿਆ ਜਾਵੇਗਾ।
ਆਪਣੇ ਚਾਚਾ ਅਭੈ ਚੌਟਾਲਾ ਦੀ ਯਾਤਰਾ ’ਤੇ ਦੁਸ਼ਯੰਤ ਚੌਟਾਲਾ ਨੇ ਜ਼ਿਆਦਾ ਨਾ ਬੋਲਦਿਆਂ ‘ਆਲ ਦਿ ਬੈਸਟ’ ਕਿਹਾ। ਉਨ੍ਹਾਂ ਹਰਿਆਣਾ ਦੇ ਬਜਟ ਨੂੰ ਹਰ ਵਰਗ ਦੇ ਹਿੱਤ ਦਾ ਬਜਟ ਦੱਸਿਆ। ਡਿਪਟੀ ਸੀ. ਐੱਮ. ਚੌਟਾਲਾ ਸ਼ਨੀਵਾਰ ਨੂੰ ਪਿੰਡ ਬਾਮਲਾ ’ਚ ਕਰਮਚਾਰੀ ਨੇਤਾ ਬੱਲੂ ਬਾਮਲਾ ਦੇ ਭਰਾ ਡਾ. ਅਮਿਤ ਦੇ ਵਿਆਹ ’ਚ ਸ਼ਾਮਲ ਹੋਣ ਲਈ ਪਹੁੰਚੇ ਸਨ।