ਰਾਮਪੁਰ ''ਚ ਵਾਪਰਿਆ ਦਰਦਨਾਕ ਹਾਦਸਾ, ਡੰਪਰ ਨੇ ਟ੍ਰੈਕਟਰ ਟਰਾਲੀ ਨੂੰ ਮਾਰੀ ਟੱਕਰ, 4 ਦੀ ਮੌਤ, 12 ਜ਼ਖ਼ਮੀ

Sunday, Mar 24, 2024 - 02:37 PM (IST)

ਰਾਮਪੁਰ ''ਚ ਵਾਪਰਿਆ ਦਰਦਨਾਕ ਹਾਦਸਾ, ਡੰਪਰ ਨੇ ਟ੍ਰੈਕਟਰ ਟਰਾਲੀ ਨੂੰ ਮਾਰੀ ਟੱਕਰ, 4 ਦੀ ਮੌਤ, 12 ਜ਼ਖ਼ਮੀ

ਰਾਮਪੁਰ (ਉੱਤਰ ਪ੍ਰਦੇਸ਼)- ਉੱਤਰ ਪ੍ਰਦੇਸ਼ ਦੇ ਰਾਮਪੁਰ ਜ਼ਿਲ੍ਹੇ ਦੇ ਮਿਲਕ ਇਲਾਕੇ 'ਚ ਇਕ ਬੇਕਾਬੂ ਡੰਪਰ ਤੇ ਟ੍ਰੈਕਟਰ ਟਰਾਲੀ ਵਿਚਾਲੇ ਜ਼ਬਰਦਸਤ ਟੱਕਰ ਹੋਣ ਕਾਰਨ 4 ਲੋਕਾਂ ਦੀ ਮੌਤ ਹੋ ਗਈ ਅਤੇ 12 ਹੋਰ ਜ਼ਖ਼ਮੀ ਹੋ ਗਏ। ਟੱਕਰ ਇੰਨੀ ਭਿਆਨਕ ਸੀ ਕਿ ਟ੍ਰੈਕਟਰ ਦਾ ਪਹੀਆ ਦੂਰ ਜਾ ਡਿੱਗਾ ਅਤੇ ਟਰਾਲੀ ਬੁਰੀ ਤਰ੍ਹਾਂ ਨੁਕਸਾਨੀ ਗਈ।

ਪੁਲਸ ਸੂਤਰਾਂ ਨੇ ਐਤਵਾਰ ਨੂੰ ਦੱਸਿਆ ਕਿ 23 ਅਤੇ 24 ਮਾਰਚ ਦੀ ਦਰਮਿਆਨੀ ਰਾਤ ਨੂੰ ਮੁਰਾਦਾਬਾਦ ਦੇ ਮੂਡਾ ਪਾਂਡੇ ਖੇਤਰ ਦੇ ਭੋਜਪੁਰੀ ਪਿੰਡ ਦੇ ਕੁਝ ਲੋਕ ਸ਼ਨੀਵਾਰ ਦੇਰ ਰਾਤ ਟ੍ਰੈਕਟਰ-ਟਰਾਲੀ 'ਤੇ ਬਰੇਲੀ ਜ਼ਿਲੇ ਦੇ ਹਲਦੀ ਖੁਰਦ ਪਿੰਡ ਨੂੰ ਵਾਪਸ ਜਾ ਰਹੇ ਸਨ। ਰਸਤੇ ਵਿੱਚ ਮਿਲਕ ਇਲਾਕੇ ਦੇ ਪਿੰਡ ਧਰਮਪੁਰਾ ਕੋਲ ਇੱਕ ਤੇਜ਼ ਰਫ਼ਤਾਰ ਡੰਪਰ ਨੇ ਉਨ੍ਹਾਂ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ।

ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿੱਚ ਟ੍ਰੈਕਟਰ-ਟਰਾਲੀ ਸਵਾਰ ਕਵਿਤਾ (18), ਰਵੀ ਉਰਫ਼ ਟਿੰਕੂ ਯਾਦਵ (18), ਰਾਮਵਤੀ (45) ਅਤੇ ਸਾਵਿਤਰੀ (30) ਦੀ ਮੌਕੇ ’ਤੇ ਹੀ ਮੌਤ ਹੋ ਗਈ।

ਸੂਤਰਾਂ ਨੇ ਦੱਸਿਆ ਕਿ ਇਸ ਘਟਨਾ 'ਚ ਟ੍ਰੈਕਟਰ ਟਰਾਲੀ 'ਚ ਸਵਾਰ 12 ਹੋਰ ਲੋਕ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਪੁਲਸ ਨੇ ਘਟਨਾ 'ਚ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।


author

Rakesh

Content Editor

Related News