ਨਕਦੀ ਸੰਕਟ ''ਤੇ ਵਿਭਾਗ ਦੀ ਦੋਹਰੀ ਨਜ਼ਰ, ਛਾਪੇਮਾਰੀ ਦੇ ਨਾਲ-ਨਾਲ ਛਪਾਈ ਵੀ

Thursday, Apr 19, 2018 - 02:46 PM (IST)

ਨਕਦੀ ਸੰਕਟ ''ਤੇ ਵਿਭਾਗ ਦੀ ਦੋਹਰੀ ਨਜ਼ਰ, ਛਾਪੇਮਾਰੀ ਦੇ ਨਾਲ-ਨਾਲ ਛਪਾਈ ਵੀ

ਨਵੀਂ ਦਿੱਲੀ — ਦੇਸ਼ ਦੇ ਕਈ ਸੂਬਿਆਂ ਵਿਚ ਪੇਸ਼ ਆ ਰਹੀ ਕੈਸ਼ ਦੀ ਕਮੀ ਨੂੰ ਦੂਰ ਕਰਨ ਲਈ ਵਿਭਾਗ ਵਲੋਂ ਕਈ ਮੋਰਚਿਆਂ 'ਤੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਇਕ ਪਾਸੇ ਟੈਕਸ ਅਥਾਰਟੀਜ਼ ਨਕਦੀ ਜਮ੍ਹਾਖੋਰਾਂ 'ਤੇ ਛਾਪੇਮਾਰੀ ਕਰ ਰਹੀ ਹੈ ਅਤੇ ਦੂਸਰੇ ਪਾਸੇ ਆਰ.ਬੀ.ਆਈ. ਨੇ ਨਕਦੀ ਦੀ ਸਪਲਾਈ ਵਧਾ ਦਿੱਤੀ ਹੈ। ਬੁੱਧਵਾਰ ਨੂੰ ਕਰਨਾਟਕ ਅਤੇ ਆਂਧਰਾ ਪ੍ਰਦੇਸ਼ 'ਚ 30-35 ਜਗ੍ਹਾਂ 'ਤੇ ਛਾਪੇਮਾਰੀ ਹੋਈ। ਬਿਹਾਰ ਦੇ ਏ.ਟੀ.ਐੱਮ. ਨੈੱਟਵਰਕ ਦੇ ਜ਼ਰੀਏ 800-900 ਕਰੋੜ ਰੁਪਏ ਕਢਵਾਇਆ ਗਿਆ। ਹਾਲਾਂਕਿ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਵਿਚ ਸਮੱਸਿਆ ਜ਼ਿਆਦਾ ਗੰਭੀਰ ਹੈ, ਜਿਥੇ ਵੱਡੇ ਠੇਕੇਦਾਰਾਂ ਦੀ ਭੂਮਿਕਾ ਆਮਦਨ ਕਰ ਵਿਭਾਗ ਦੇ ਜਾਂਚ ਘੇਰੇ ਵਿਚ ਹੈ।
ਅਜੇ ਤੱਕ ਛਾਪੇਮਾਰੀ ਵਿਚ ਬਰਾਮਦ ਕੈਸ਼ ਦੀ ਮਾਤਰਾ ਬਹੁਤ ਜ਼ਿਆਦਾ ਨਹੀਂ ਹੈ, ਪਰ ਆਉਣ ਵਾਲੇ ਦਿਨਾਂ ਵਿਚ ਆਪਰੇਸ਼ਨ ਨੂੰ ਤੇਜ਼ ਕੀਤਾ ਜਾਵੇਗਾ, ਕਿਉਂਕਿ ਦੇਸ਼ ਦੇ ਕਈ ਹਿੱਸਿਆਂ ਵਿਚ ਕੈਸ਼ ਦੇ ਕਮੀ ਦੇ ਪਿੱਛੇ 2 ਹਜ਼ਾਰ ਰੁਪਏ ਦੇ ਨੋਟਾਂ ਦੀ ਜਮ੍ਹਾਖੋਰੀ ਨੂੰ ਮੁੱਖ ਕਾਰਨ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ।
ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਵਿਅਕਤੀਆਂ ਅਤੇ ਇਕਾਈਆਂ ਨੂੰ ਫੋਕਸ ਕੀਤਾ ਗਿਆ ਹੈ ਜਿਨ੍ਹਾਂ ਨੇ ਪਿਛਲੇ ਕੁਝ ਦਿਨਾਂ ਵਿਚ ਵੱਡੀ ਮਾਤਰਾ ਵਿਚ ਨਕਦੀ ਕਢਵਾਈ ਹੈ।
ਦੋ ਦੱਖਣੀ ਸੂਬਿਆਂ ਦੀ ਸ਼ੁਰੂਆਤੀ ਜਾਂਚ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਵੱਡੇ ਠੇਕੇਦਾਰ ਛੋਟੇ ਠੇਕੇਦਾਰਾਂ ਨੂੰ ਚੈੱਕ ਜਾਰੀ ਕਰ ਰਹੇ ਹਨ ਅਤੇ ਉਹ ਪ੍ਰੋਜੈਕਟ 'ਤੇ ਖਰਚ ਕਰਨ ਦੇ ਨਾਮ 'ਤੇ ਪੈਸੇ ਕਢਵਾ ਰਹੇ ਹਨ। ਕੁਝ ਕੇਸਾਂ ਵਿਚ ਟੈਕਸ ਅਧਿਕਾਰੀਆਂ ਨੂੰ ਪਤਾ ਲੱਗਾ ਹੈ ਕਿ ਅਸਲ ਵਿਚ ਕਿਸੇ ਪ੍ਰੋਜੈਕਟ 'ਤੇ ਕੰਮ ਹੋਇਆ ਹੀ ਨਹੀਂ। ਇਕ ਸੂਤਰ ਨੇ ਗੁਪਤਤਾ ਦੀ ਸ਼ਰਤ 'ਤੇ ਦੱਸਿਆ ਕਿ ਕੁਝ ਕੇਸਾਂ ਵਿਚ ਕਲੀਅਰੈਂਸ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਉਹ ਆਮਦਨੀ ਅਤੇ ਖਰਚਿਆਂ ਨਾਲ ਮੇਲ ਨਹੀਂ ਖਾਂਦੇ। ਸਾਡਾ ਮੰਨਣਾ ਹੈ ਕਿ ਬਿਨ੍ਹਾਂ ਖਰਚ ਯੋਜਨਾ ਦੇ ਨਕਦੀ ਨੂੰ ਜਮ੍ਹਾ ਕੀਤਾ ਜਾ ਰਿਹਾ ਹੈ।

PunjabKesari
ਅਥਾਰਟੀਆਂ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਕੀ ਨਕਦੀ ਦੀ ਜਮ੍ਹਾਖੋਰੀ ਦਾ ਕਰਨਾਟਕ, ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ 'ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨਾਲ ਕੋਈ ਸਬੰਧ ਤਾਂ ਨਹੀਂ?
ਸਰਕਾਰ ਨੂੰ ਸ਼ੱਕ ਹੈ ਕਿ ਬਲੈਕ ਮਨੀ ਵਪਾਰੀ 2,000 ਰੁਪਏ ਦੇ ਨੋਟਾਂ ਦੀ ਜਮ੍ਹਾਖੋਰੀ ਕਰ ਰਹੇ ਹਨ ਅਤੇ ਇਸ ਦੇ ਕਾਰਨ ਹੀ ਮੱਧ ਪ੍ਰਦੇਸ਼, ਆਂਧਰਾ ਪ੍ਰਦੇਸ਼, ਤੇਲੰਗਾਨਾ, ਗੁਜਰਾਤ, ਕਰਨਾਟਕ ਆਦਿ ਸੂਬਿਆਂ ਵਿਚ ਏ.ਟੀ,ਐੱਮ. ਖਾਲੀ ਹੋ ਗਏ ਹਨ।
ਅਧਿਕਾਰੀ ਇਹ ਦਾਅਵਾ ਕਰ ਰਹੇ ਹਨ ਕਿ ਏ.ਟੀ.ਐੱਮ. ਹੁਣ ਆਮ ਵਾਂਗ ਕੰਮ ਕਰਨ ਲੱਗ ਗਏ ਹਨ ਪਰ ਕਈ ਸੂਬਿਆਂ ਵਿਚ ਸਥਿਤੀ ਅਜੇ ਵੀ ਖਰਾਬ ਹੈ ਅਤੇ ਨਕਦੀ ਦੇ ਪ੍ਰਵਾਹ ਨੂੰ ਵਧਾਉਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਏ.ਟੀ.ਐੱਮ. ਆਪਰੇਸ਼ਨਜ਼ ਕੰਪਨੀਆਂ ਦੇ ਕਾਰਜਕਾਰੀ ਦਾ ਕਹਿਣਾ ਹੈ ਕਿ ਉਹ 200 ਅਤੇ 500 ਦੇ ਨੋਟਾਂ ਨੂੰ ਭਰਨ 'ਤੇ ਧਿਆਨ ਕੇਂਦਰਤ ਕਰ ਰਹੇ ਹਨ।


Related News