ਡਰਾਈਵਿੰਗ ਲਾਇਸੈਂਸ ਨੂੰ ਲੈ ਕੇ ਜ਼ਰੂਰੀ ਖ਼ਬਰ, ਲਾਗੂ ਹੋਵੇਗਾ ਇਹ ਨਵਾਂ ਨਿਯਮ
Thursday, Jan 30, 2025 - 09:59 AM (IST)
ਨੈਸ਼ਨਲ ਡੈਸਕ- ਟ੍ਰੈਫਿਕ ਨਿਯਮ ਤੋੜਨ ਵਾਲਿਆਂ ਲਈ ਹੁਣ ਚਾਲਾਨ ਤੋਂ ਬਚਣਾ ਮੁਸ਼ਕਲ ਹੋ ਜਾਵੇਗਾ। ਦਰਅਸਲ ਸੜਕ ਟਰਾਂਸਪੋਰਟ ਮੰਤਰਾਲਾ ਰਜਿਸਟਰੇਸ਼ਨ ਸਰਟੀਫਿਕੇਟ (RC) ਅਤੇ ਡਰਾਈਵਿੰਗ ਲਾਇਸੈਂਸ (DL) ਨੂੰ ਆਧਾਰ ਕਾਰਡ ਨਾਲ ਜੋੜਨ ਦੀ ਯੋਜਨਾ ਬਣਾ ਰਿਹਾ ਹੈ। ਇਸ ਕਦਮ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਵਾਹਨ ਮਾਲਕਾਂ ਅਤੇ ਡਰਾਈਵਰਾਂ ਦੀ ਸਹੀ ਜਾਣਕਾਰੀ ਦਰਜ ਕੀਤੀ ਜਾਵੇ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਸਕੇ।
ਸੂਤਰਾਂ ਮੁਤਾਬਕ ਇਸ ਨੂੰ ਮੋਟਰ ਵਾਹਨ ਐਕਟ ਵਿਚ ਪ੍ਰਸਤਾਵਿਤ ਸੋਧਾਂ ਦਾ ਹਿੱਸਾ ਬਣਾਉਣ 'ਤੇ ਵਿਚਾਰ ਕਰ ਰਿਹਾ ਹੈ। ਮਾਮਲੇ ਨਾਲ ਜੁੜੇ ਇਕ ਅਧਿਕਾਰੀ ਨੇ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਲੋਕਾਂ ਖ਼ਾਸ ਤੌਰ 'ਤੇ ਲਗਾਤਾਰ ਉਲੰਘਣਾ ਕਰਨ ਵਾਲੇ ਲੋਕਾਂ 'ਤੇ ਨਜ਼ਰ ਰੱਖਣ ਲਈ ਇਕ ਸਖ਼ਤ ਨਿਗਰਾਨੀ ਤੰਤਰ ਦੀ ਲੋੜ ਹੈ। ਵੇਖਿਆ ਗਿਆ ਹੈ ਕਿ ਜੁਰਮਾਨੇ ਅਤੇ ਕਾਰਵਾਈ ਦਾ ਸਾਹਮਣਾ ਕਰਨ ਤੋਂ ਬਚਣ ਲਈ ਲੋਕ ਮੋਬਾਈਲ ਨੰਬਰ ਬਦਲ ਲੈਂਦੇ ਹਨ ਜਾਂ ਫਿਰ ਡਰਾਈਵਿੰਗ ਲਾਇਸੈਂਸ ਲਈ ਅਪਲਾਈ ਕਰ ਦਿੰਦੇ ਹਨ। ਕਾਰਵਾਈ ਤੋਂ ਬਚਣ ਦੇ ਇਨ੍ਹਾਂ ਆਸਾਨ ਤਰੀਕਿਆਂ 'ਤੇ ਲਗਾਮ ਲਾਉਣ ਦੇ ਉਦੇਸ਼ ਨਾਲ ਇਸ ਬਦਲਾਅ 'ਤੇ ਵਿਚਾਰ ਕੀਤਾ ਜਾ ਰਿਹਾ ਹੈ।
ਹਾਲ ਹੀ 'ਚ ਕੇਂਦਰੀ ਸੜਕ ਟਰਾਂਸਪੋਰਟ ਸਕੱਤਰ ਨੇ ਕਿਹਾ ਸੀ ਕਿ ਟਰਾਂਸਪੋਰਟ ਵਿਭਾਗ ਨੇ ਨਿਯਮ ਤੋੜਨ ਵਾਲੇ ਲੋਕਾਂ ਨੂੰ ਚਾਲਾਨ ਜਾਰੀ ਕੀਤੇ ਹਨ, ਉਨ੍ਹਾਂ ਵਿਚ 12,000 ਕਰੋੜ ਰੁਪਏ ਤੋਂ ਵੱਧ ਦੇ ਈ-ਚਾਲਾਨ ਦਾ ਭੁਗਤਾਨ ਨਹੀਂ ਕੀਤਾ ਗਿਆ ਹੈ। ਇਸ ਅਸਫ਼ਲਤਾ ਦੀ ਮੁੱਖ ਵਜ੍ਹਾ ਹੈ ਕਿ ਜਿਸ ਡਾਟਾਬੇਸ ਤੋਂ ਅਸੀਂ ਈ-ਚਾਲਾਨ ਪ੍ਰਣਾਲੀ ਨੂੰ ਚਲਾ ਰਹੇ ਹਾਂ ਉਹ ਸਹੀ ਨਹੀਂ ਹੈ। ਇਨ੍ਹਾਂ ਵਿਚ ਲੋਕਾਂ ਦੇ ਪਤੇ ਅਤੇ ਮੋਬਾਈਲ ਨੰਬਰ ਨਿਯਮਤ ਰੂਪ ਨਾਲ ਅਪਡੇਟ ਨਹੀਂ ਹੁੰਦੇ ਹਨ।