ਬੀਤੇ ਸਾਲ ਤੋਂ ਹੁਣ ਤੱਕ DRI ਨੇ ਜ਼ਬਤ ਕੀਤੀ 2200 ਕਰੋੜ ਤੋਂ ਜ਼ਿਆਦਾ ਦੀ ਡਰੱਗਸ

Friday, Dec 06, 2024 - 11:23 PM (IST)

ਬੀਤੇ ਸਾਲ ਤੋਂ ਹੁਣ ਤੱਕ DRI ਨੇ ਜ਼ਬਤ ਕੀਤੀ 2200 ਕਰੋੜ ਤੋਂ ਜ਼ਿਆਦਾ ਦੀ ਡਰੱਗਸ

ਨੈਸਨਲ ਡੈਸਕ- ਭਾਰਤ ’ਚ ਡਰੱਗ ਦੇ ਕਾਰੋਬਾਰ ਦਾ ਆਕਾਰ ਕਿੰਨਾ ਵੱਡਾ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀ. ਆਰ. ਆਈ.) ਨੇ 2023-2024 ਵਿਚ 109 ਮਾਮਲਿਆਂ ਵਿਚ 8223.61 ਕਿਲੋ ਗੈਰ-ਕਾਨੂੰਨੀ ਡਰੱਗਸ ਜ਼ਬਤ ਕੀਤੀ ਹੈ, ਜਿਸ ਦੀ ਕੀਮਤ ਲੱਗਭਗ 2241.76 ਕਰੋੜ ਰੁਪਏ ਸੀ। ਡੀ. ਆਰ. ਆਈ. ਭਾਰਤ ਦੀ ਮੁੱਖ ਖੁਫੀਆ ਏਜੰਸੀ ਹੈ। ਇਸ ਦਾ ਮੁੱਖ ਕੰਮ ਦੇਸ਼ ਵਿਚ ਹੋਣ ਵਾਲੀ ਸਮੱਗਲਿੰਗ ਨੂੰ ਰੋਕਣਾ ਹੈ।

ਕੋਕੀਨ ਦੀ ਕੀਮਤ 975 ਕਰੋੜ ਰੁਪਏ

ਰਿਪੋਰਟ ਮੁਤਾਬਕ ਗਾਂਜਾ ਸਭ ਤੋਂ ਵੱਧ ਜ਼ਬਤ ਕੀਤਾ ਗਿਆ ਹੈ। ਇਸ ਦੀ ਕੁੱਲ ਮਾਤਰਾ 7348.68 ਕਿਲੋ ਸੀ। ਹਾਲਾਂਕਿ ਕੋਕੀਨ ਥੋੜ੍ਹੀ ਮਾਤਰਾ ਵਿਚ ਜ਼ਬਤ ਕੀਤੀ ਗਈ ਪਰ ਇਸ ਦੀ ਵੱਧ ਤੋਂ ਵੱਧ ਕੀਮਤ ਲੱਗਭਗ 975 ਕਰੋੜ ਰੁਪਏ ਸੀ।

ਕੋਕੀਨ ਇਕ ਮਹਿੰਗਾ ਅਤੇ ਖਤਰਨਾਕ ਨਸ਼ੀਲਾ ਪਦਾਰਥ ਹੈ। ਮੈਫੇਡ੍ਰੋਨ ਦੀ ਜ਼ਬਤੀ ਵਿਚ ਪਿਛਲੇ ਸਾਲਾਂ ਦੇ ਮੁਕਾਬਲੇ ਕਾਫੀ ਵਾਧਾ ਹੋਇਆ ਹੈ। ਇਹ ਇਸ ਡਰੱਗ ਦੀ ਵਧਦੀ ਮੰਗ ਨੂੰ ਦਰਸਾਉਂਦਾ ਹੈ। ਇਸ ਤੋਂ ਇਲਾਵਾ ਹੈਰੋਇਨ, ਕੈਟਾਮਾਈਨ, ਮੈਥਾਮਫੇਟਾਮਾਈਨ, ਮੈਥਾਕੁਆਲੋਨ/ਮੈਂਡ੍ਰੈਕਸ, ਅਲਪ੍ਰਾਜ਼ੋਲਮ, ਮਾਰਫਿਨ, ਅਫੀਮ ਅਤੇ ਹਸ਼ੀਸ਼/ਚਰਸ ਵੀ ਜ਼ਬਤ ਕੀਤੀ ਗਈ।

ਡਰੱਗਸ ਦੀ ਮੰਗ ਕਾਰਨ ਵਧ ਰਹੀ ਹੈ ਸਮੱਗਲਿੰਗ

ਮਾਹਿਰਾਂ ਅਨੁਸਾਰ ਭਾਰਤ ਵਿਚ ਡਰੱਗਸ ਲਿਆਉਣ ਦੇ ਪਿੱਛੇ ਅੰਤਰਰਾਸ਼ਟਰੀ ਸਮੱਗਲਿੰਗ ਨੈੱਟਵਰਕ ਜ਼ਿੰਮੇਵਾਰ ਹਨ। ਨੌਜਵਾਨਾਂ ਵਿਚ ਡਰੱਗਸ ਦੀ ਵਧਦੀ ਮੰਗ ਵੀ ਸਮੱਗਲਿੰਗ ਵਿਚ ਵਾਧੇ ਦਾ ਇਕ ਵੱਡਾ ਕਾਰਨ ਹੈ। ਸਰਹੱਦੀ ਖੇਤਰਾਂ ਵਿਚ ਸੁਰੱਖਿਆ ਪੱਖੋਂ ਕਮਜ਼ੋਰੀਆਂ ਸਮੱਗਲਰਾਂ ਲਈ ਨਸ਼ਿਆਂ ਦੀ ਸਮੱਗਲਿੰਗ ਨੂੰ ਆਸਾਨ ਬਣਾ ਦਿੰਦੀਆਂ ਹਨ। ਭਾਰਤ ਦੇ ਕੁਝ ਖੇਤਰਾਂ ਵਿਚ ਗੈਰ-ਕਾਨੂੰਨੀ ਡਰੱਗਸ ਦਾ ਉਤਪਾਦਨ ਵੀ ਹੋ ਸਕਦਾ ਹੈ।

ਮਾਮਲੇ ਨਾਲ ਜੁੜੇ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਅੰਕੜੇ ਭਾਰਤ ਵਿਚ ਡਰੱਗਸ ਦੀ ਸਮੱਸਿਆ ਦੀ ਗੰਭੀਰਤਾ ਨੂੰ ਦਰਸਾਉਂਦੇ ਹਨ। ਇਸ ਸਮੱਸਿਆ ਨਾਲ ਨਜਿੱਠਣ ਲਈ ਸਰਕਾਰ ਅਤੇ ਸਮਾਜ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ, ਨਹੀਂ ਤਾਂ ਨਸ਼ਿਆਂ ਦਾ ਜ਼ਹਿਰ ਸਾਡੇ ਨੌਜਵਾਨਾਂ ਅਤੇ ਦੇਸ਼ ਦੇ ਭਵਿੱਖ ਨੂੰ ਬਰਬਾਦ ਕਰ ਦੇਵੇਗਾ। ਸਮੱਸਿਆ ਨੂੰ ਜੜ੍ਹੋਂ ਪੁੱਟਣ ਲਈ ਠੋਸ ਕਦਮ ਚੁੱਕਣ ਦੀ ਲੋੜ ਹੈ। ਜਾਗਰੂਕਤਾ, ਸਿੱਖਿਆ ਅਤੇ ਸਖ਼ਤ ਕਾਨੂੰਨਾਂ ਰਾਹੀਂ ਹੀ ਅਸੀਂ ਇਸ ਸਮੱਸਿਆ ਨੂੰ ਦੂਰ ਕਰ ਸਕਦੇ ਹਾਂ।


author

Rakesh

Content Editor

Related News