ਲੋਕ ਸਭਾ ''ਚ ਗੂੰਜਿਆ ਕੋਰੋਨਾ ਵਾਇਰਸ ਦਾ ਮੁੱਦਾ

02/10/2020 2:39:02 PM

ਨਵੀਂ ਦਿੱਲੀ (ਵਾਰਤਾ)— ਚੀਨ 'ਚ ਕੋਰੋਨਾ ਵਾਇਰਸ ਦਾ ਮੁੱਦਾ ਸੋਮਵਾਰ ਨੂੰ ਲੋਕ ਸਭਾ 'ਚ ਗੂੰਜਿਆ। ਸਿਹਤ ਅਤੇ ਪਰਿਵਾਰ ਕਲਿਆਣਾ ਮੰਤਰੀ ਡਾ. ਹਰਸ਼ਵਰਧਨ ਨੇ ਕਿਹਾ ਕਿ ਕੇਰਲ 'ਚ ਕੋਰੋਨਾ ਵਾਇਰਸ ਦੇ 3 ਮਾਮਲਿਆਂ ਦੀ ਸਖਤ ਨਿਗਰਾਨੀ ਕੀਤੀ ਜਾ ਰਹੀ ਹੈ। ਇਨ੍ਹਾਂ 3 ਲੋਕਾਂ ਦੀ ਹਾਲਤ ਸਥਿਰ ਹੈ ਅਤੇ ਸਰਕਾਰ ਇਸ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਹਰ ਸੰਭਵ ਕਦਮ ਚੁੱਕ ਰਹੀ ਹੈ। ਡਾ. ਹਰਸ਼ਵਰਧਨ ਨੇ ਇਸ ਸੰਬੰਧ 'ਚ ਲੋਕ ਸਭਾ 'ਚ ਦਿੱਤੇ ਇਕ ਬਿਆਨ 'ਚ ਕਿਹਾ ਕਿ ਭਾਰਤ ਇਸ ਵਾਇਰਸ ਦੀ ਐਂਟਰੀ ਰੋਕਣ ਲਈ ਸਰਹੱਦੀ ਖੇਤਰਾਂ 'ਚ ਕਾਫੀ ਸਾਵਧਾਨੀ ਵਰਤ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਵਾਇਰਸ ਕਾਰਨ ਚੀਨ 'ਚ 9 ਫਰਵਰੀ ਤਕ 37,198 ਲੋਕ ਲਪੇਟ ਵਿਚ ਆਏ ਅਤੇ 811 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਵਾਇਰਸ ਹੁਣ ਤਕ 27 ਦੇਸ਼ਾਂ 'ਚ ਫੈਲ ਚੁੱਕਾ ਹੈ ਅਤੇ ਇਸ ਦੇ 354 ਮਾਮਲਿਆਂ ਦੀ ਪੁਸ਼ਟੀ ਵੀ ਹੋ ਚੁੱਕੀ ਹੈ। ਵਿਸ਼ਵ ਸਿਹਤ ਸੰਗਠਨ ਨੇ ਪਹਿਲਾਂ ਹੀ ਇਸ ਨੂੰ 'ਗਲੋਬਲ ਆਫਤ' ਐਲਾਨ ਕਰ ਦਿੱਤਾ ਹੈ।

ਹਰਸ਼ਵਰਧਨ ਨੇ ਦੱਸਿਆ ਕਿ ਚੀਨ ਵਿਚ ਇਸ ਵਾਇਰਸ ਦਾ ਪਤਾ 31 ਦਸੰਬਰ 2019 ਨੂੰ ਲੱਗਾ ਸੀ। ਇਹ ਵਾਇਰਸ ਚੀਨ ਦੇ ਵੁਹਾਨ ਸੂਬੇ 'ਚ ਫੈਲਿਆ ਸੀ ਅਤੇ ਵੁਹਾਨ ਤੋਂ 654 ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਂਦਾ ਜਾ ਚੁੱਕਾ ਹੈ। ਚੀਨ ਤੋਂ ਆਉਣ ਵਾਲੇ ਹਰ ਭਾਰਤੀ ਨੂੰ ਜਾਂਚ ਕਰ ਲਈ ਨਿਗਰਾਨੀ 'ਚ ਰੱਖਿਆ ਜਾ ਰਿਹਾ ਹੈ। ਇਹ ਵਾਇਰਸ ਆਪਸੀ ਸੰਪਰਕ ਨਾਲ ਫੈਲ ਰਿਹਾ ਹੈ ਅਤੇ ਸਰਕਾਰ ਇਸ ਨਾਲ ਨਜਿੱਠਣ ਲਈ ਇਸ ਨੂੰ ਗੰਭੀਰਤਾ ਨਾਲ ਲੈ ਰਹੀ ਹੈ। ਸੂਬਾ ਸਰਕਾਰਾਂ ਨਾਲ ਵੀਡੀਓ ਕਾਨਫਰੈਂਸਿੰਗ ਜ਼ਰੀਏ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਸਿਹਤ ਮੰਤਰੀ ਹਰਸ਼ਵਰਧਨ ਨੇ ਦੱਸਿਆ ਕਿ ਚੀਨ ਜਾਣ ਵਾਲੇ ਭਾਰਤੀ ਯਾਤਰੀਆਂ ਲਈ ਵਿਸ਼ੇਸ਼ ਯਾਤਰਾ ਐਡਵਾਇਜ਼ਰੀ ਜਾਰੀ ਕਰ ਦਿੱਤੀ ਗਈ ਹੈ। ਚੀਨ ਦੇ ਵੁਹਾਨ ਅਤੇ ਹੁਬੇਈ ਸੂਬੇ ਇਸ ਵਾਇਰਸ ਤੋਂ ਸਭ ਤੋਂ ਵਧ ਪ੍ਰਭਾਵਿਤ ਹਨ। ਹਰਸ਼ਵਰਧਨ ਨੇ ਦੱਸਿਆ ਕਿ ਇਸ ਵਾਇਰਸ ਤੋਂ ਪੀੜਤ ਮਰੀਜ਼ਾਂ ਨੂੰ ਇਕ ਹਫਤੇ ਲਈ ਵੈਂਟੀਲੇਟਰ 'ਤੇ ਰੱਖਣਾ ਪੈਂਦਾ ਹੈ ਅਤੇ ਇਸ ਦੀ ਮੌਤ ਦਰ 21 ਫੀਸਦੀ ਹੈ।


Tanu

Content Editor

Related News