"ਪਾਪਾ ਮੈਨੂੰ ਲੈ ਜਾਓ, ਨਹੀਂ ਤਾਂ ਇਹ ਮਾਰ ਦੇਣਗੇ...",  Influencer ਨੇ ਸਹੁਰੇ ਘਰ ਦਿੱਤੀ ਜਾਨ

Wednesday, May 20, 2026 - 03:54 PM (IST)

"ਪਾਪਾ ਮੈਨੂੰ ਲੈ ਜਾਓ, ਨਹੀਂ ਤਾਂ ਇਹ ਮਾਰ ਦੇਣਗੇ...",  Influencer ਨੇ ਸਹੁਰੇ ਘਰ ਦਿੱਤੀ ਜਾਨ

ਗਵਾਲੀਅਰ- ਦੇਸ਼ 'ਚ ਦਾਜ ਕਾਰਨ ਹੋਣ ਵਾਲੀਆਂ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਮੱਧ ਪ੍ਰਦੇਸ਼ ਦੇ ਗਵਾਲੀਅਰ ਜ਼ਿਲ੍ਹੇ ਤੋਂ ਇਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ 21 ਸਾਲਾ ਨਵਵਿਆਹੁਤਾ ਪਲਕ ਰਜਕ ਨੇ ਸਹੁਰੇ ਪਰਿਵਾਰ ਦੇ ਤਸ਼ੱਦਦ ਤੋਂ ਤੰਗ ਆ ਕੇ ਕਥਿਤ ਤੌਰ 'ਤੇ ਖੁਦਕੁਸ਼ੀ ਕਰ ਲਈ। ਪਲਕ ਸੋਸ਼ਲ ਮੀਡੀਆ 'ਤੇ ਕਾਫੀ ਮਸ਼ਹੂਰ ਸੀ ਅਤੇ ਉਸ ਦੀਆਂ ਰੀਲਾਂ ਨੂੰ ਲੱਖਾਂ ਲੋਕ ਦੇਖਦੇ ਸਨ।

ਮੌਤ ਤੋਂ 20 ਮਿੰਟ ਪਹਿਲਾਂ ਪਿਤਾ ਨੂੰ ਕੀਤੀ ਆਖਰੀ ਕਾਲ

"ਪਾਪਾ ਮੈਨੂੰ ਲੈ ਜਾਓ, ਨਹੀਂ ਤਾਂ ਇਹ ਮਾਰ ਦੇਣਗੇ" ਮ੍ਰਿਤਕਾ ਦੇ ਪਿਤਾ ਮੋਹਰ ਸਿੰਘ ਨੇ ਦੱਸਿਆ ਕਿ ਮੌਤ ਤੋਂ ਮਹਿਜ਼ 20 ਮਿੰਟ ਪਹਿਲਾਂ ਪਲਕ ਨੇ ਉਨ੍ਹਾਂ ਨੂੰ ਫੋਨ ਕੀਤਾ ਸੀ। ਰੋਂਦੇ ਹੋਏ ਉਸ ਨੇ ਕਿਹਾ ਸੀ,"ਪਾਪਾ, ਸਹੁਰੇ ਘਰ ਮੇਰੇ ਨਾਲ ਕੋਈ ਗੱਲ ਨਹੀਂ ਕਰਦਾ। ਮੈਂ ਤਿੰਨ ਦਿਨਾਂ ਤੋਂ ਰੋਟੀ ਨਹੀਂ ਖਾਧੀ। ਇਹ ਲੋਕ ਕਾਰ ਅਤੇ ਸੋਨੇ ਦੀ ਚੇਨ ਦੀ ਮੰਗ ਕਰ ਰਹੇ ਹਨ ਅਤੇ ਮੈਨੂੰ ਲਗਾਤਾਰ ਤੰਗ ਕਰ ਰਹੇ ਹਨ। ਮੈਨੂੰ ਇੱਥੋਂ ਲੈ ਜਾਓ, ਨਹੀਂ ਤਾਂ ਇਹ ਮੈਨੂੰ ਮਾਰ ਦੇਣਗੇ।'' ਇਸ ਕਾਲ ਦੇ ਥੋੜ੍ਹੀ ਦੇਰ ਬਾਅਦ ਹੀ ਪਲਕ ਦੇ ਪਤੀ ਅਮਿਤ ਦਾ ਫੋਨ ਆਇਆ ਕਿ ਉਸ ਨੇ ਫਾਹਾ ਲੈ ਲਿਆ ਹੈ।

ਪਲਕ ਦਾ ਵਿਆਹ 14 ਅਪ੍ਰੈਲ 2025 ਨੂੰ ਹੋਇਆ ਸੀ। ਪਰਿਵਾਰ ਵਾਲਿਆਂ ਅਨੁਸਾਰ ਵਿਆਹ ਦੇ 3-4 ਮਹੀਨਿਆਂ ਬਾਅਦ ਹੀ ਸਹੁਰੇ ਪਰਿਵਾਰ ਨੇ ਕਾਰ ਦੀ ਮੰਗ ਨੂੰ ਲੈ ਕੇ ਉਸ ਨੂੰ ਮਾਨਸਿਕ ਅਤੇ ਸਰੀਰਕ ਤੌਰ 'ਤੇ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ। ਇੰਨਾ ਹੀ ਨਹੀਂ, ਉਸ ਦਾ 'ਇਸਤਰੀ ਧਨ' (ਨਿੱਜੀ ਗਹਿਣੇ ਅਤੇ ਜਾਇਦਾਦ) ਵੀ ਖੋਹ ਲਿਆ ਗਿਆ ਸੀ। ਪਲਕ ਦੇ ਸਹੁਰਾ ਇਕ ਸਰਕਾਰੀ ਕਰਮਚਾਰੀ ਹਨ। ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਇਹ ਖੁਦਕੁਸ਼ੀ ਨਹੀਂ ਬਲਕਿ ਕਤਲ ਹੈ।

ਸੋਸ਼ਲ ਮੀਡੀਆ 'ਤੇ ਝਲਕ ਰਿਹਾ ਸੀ ਦਰਦ 

ਪਲਕ ਦੀ ਮੌਤ ਤੋਂ ਬਾਅਦ ਜਦੋਂ ਉਸ ਦੇ ਸੋਸ਼ਲ ਮੀਡੀਆ ਅਕਾਊਂਟ ਦੀ ਜਾਂਚ ਕੀਤੀ ਗਈ, ਤਾਂ ਕਈ ਅਜਿਹੀਆਂ ਪੋਸਟਾਂ ਸਾਹਮਣੇ ਆਈਆਂ ਜੋ ਉਸ ਦੀ ਮਾਨਸਿਕ ਹਾਲਤ ਬਾਰੇ ਦੱਸ ਰਹੀਆਂ ਸਨ। ਉਸ ਨੇ ਆਪਣੀਆਂ ਰੀਲਾਂ 'ਚ 'ਪੈਨਿਕ ਅਟੈਕ', 'ਡਿਪਰੈਸ਼ਨ' ਅਤੇ 'ਰੋਂਦੀਆਂ ਰਾਤਾਂ' ਵਰਗੇ ਸ਼ਬਦਾਂ ਦਾ ਜ਼ਿਕਰ ਕੀਤਾ ਸੀ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਅੰਦਰੋਂ ਕਿੰਨੀ ਟੁੱਟ ਚੁੱਕੀ ਸੀ। ਮੁਰਾਰ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਸ ਮਹੀਨੇ ਭੋਪਾਲ ਦੀ ਟਵਿਸ਼ਾ ਸ਼ਰਮਾ ਅਤੇ ਗ੍ਰੇਟਰ ਨੋਇਡਾ ਦੀ ਦੀਪਿਕਾ ਨੇ ਵੀ ਦਾਜ ਦੇ ਤਸ਼ੱਦਦ ਕਾਰਨ ਆਪਣੀਆਂ ਜਾਨਾਂ ਗੁਆ ਦਿੱਤੀਆਂ ਹਨ। ਪਲਕ ਦੇ ਪਿਤਾ ਨੇ ਮੰਗ ਕੀਤੀ ਹੈ ਕਿ ਮੁਲਜ਼ਮਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਕਿਸੇ ਹੋਰ ਦੀ ਧੀ ਨਾਲ ਅਜਿਹਾ ਨਾ ਹੋਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News