ਮੋਦੀ-ਟਰੰਪ ਦਾ ਐਲਾਨ- ਤਿੰਨ ਅਰਬ ਡਾਲਰ ਦੀ ਡਿਫੈਂਸ ਡੀਲ 'ਤੇ ਲੱਗੀ ਮੋਹਰ

02/25/2020 1:47:12 PM

ਨਵੀਂ ਦਿੱਲੀ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਸ ਦੇ ਪਰਿਵਾਰ ਦੇ ਗੁਜਰਾਤ ਦੇ ਅਹਿਮਦਾਬਾਦ 'ਚ ਧਮਾਕੇਦਾਰ ਸਵਾਗਤ ਤੋਂ ਬਾਅਦ ਹੁਣ ਕੂਟਨੀਤੀ ਦੀ ਵਾਰੀ ਹੈ। ਆਪਣੇ ਦੌਰੇ ਦੇ ਦੂਜੇ ਅਤੇ ਆਖਰੀ ਦਿਨ ਟਰੰਪ ਦਿੱਲੀ 'ਚ ਹਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੋ-ਪੱਖੀ ਵਾਰਤਾ ਕੀਤੀ ਹੈ। ਦੋ-ਪੱਖੀ ਵਾਰਤਾ ਤੋਂ ਬਾਅਦ ਟਰੰਪ ਅਤੇ ਮੋਦੀ ਨੇ ਸਾਂਝਾ ਬਿਆਨ ਦਿੱਤਾ। ਸਾਂਝਾ ਬਿਆਨ ਜਾਰੀ ਹੋਣ ਤੋਂ ਪਹਿਲਾਂ ਕੇਂਦਰੀ ਮੰਤਰੀ ਪੀਊਸ਼ ਗੋਇਲ, ਧਰਮੇਂਦਰ ਪ੍ਰਧਾਨ ਸਮੇਤ ਹੋਰ ਨੇਤਾਵ ਮੌਜੂਦ ਰਹੇ। ਉੱਥੇ ਹੀ ਅਮਰੀਕਾ ਵਲੋਂ ਡੋਨਾਲਡ ਟਰੰਪ ਕੈਬਨਿਟ ਦੇ ਮੈਂਬਰ ਮੌਜੂਦ ਰਹੇ।
ਸਾਂਝਾ ਬਿਆਨ ਜਾਰੀ ਕਰਦੇ ਹੋਏ ਪੀ.ਐੱਮ. ਮੋਦੀ ਨੇ ਕਿਹਾ,''ਮੈਨੂੰ ਖੁਸ਼ੀ ਹੈ ਕਿ ਇਸ ਯਾਤਰਾ 'ਤੇ ਟਰੰਪ ਆਪਣੇ ਪਰਿਵਾਰ ਨਾਲ ਭਾਰਤ ਆਏ ਹਨ। ਮੋਟੇਰਾ 'ਚ ਰਾਸ਼ਟਰਪਤੀ ਟਰੰਪ ਦਾ ਪ੍ਰੋਗਰਾਮ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਹ ਸਪੱਸ਼ਟ ਹੋਇਆ ਕਿ ਅਮਰੀਕਾ ਅਤੇ ਭਾਰਤ ਦਰਮਿਆਨ ਸੰਬੰਧ ਸਿਰਫ਼ 2 ਸਰਕਾਰਾਂ ਦਰਮਿਆਨ ਨਹੀਂ ਸਗੋਂ ਲੋਕਾਂ 'ਤੇ ਆਧਾਰਤ ਹੈ।

ਉਨ੍ਹਾਂ ਨੇ ਕਿਹਾ ਕਿ ਸਾਡੀ ਸਾਂਝੇਦਾਰੀ 21ਵੀਂ ਸਦੀ ਦੀ ਸਭ ਤੋਂ ਮਹੱਤਵਪੂਰਨ ਸਾਂਝੇਦਾਰੀ ਹੈ, ਜਿਸ ਨੂੰ ਅੱਜ ਅਸੀਂ ਸਮੁੱਚੀ ਗਲੋਬਲ ਰਣਨੀਤਕ ਸਾਂਝੇਦਾਰੀ ਦੇ ਪੱਧਰ ਤੱਕ ਲਿਜਾਉਣ ਦੀ ਸਹਿਮਤੀ ਜਤਾਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੋਹਾਂ ਨੇਤਾਵਾਂ ਦਰਮਿਆਨ ਅੱਜ ਇਸ ਸਮੁੱਚੀ ਗਲੋਬਲ ਰਣਨੀਤਕ ਸਾਂਝੇਦਾਰੀ ਦੇ ਹਰ ਪਹਿਲੂ 'ਤੇ ਗੱਲ ਹੋਈਹੈ। ਰੱਖਿਆ ਅਤੇ ਸੁਰੱਖਿਆ, ਰਣਨੀਤਕ ਊਰਜਾ ਸੁਰੱਖਿਆ, ਤਕਨਾਲੋਜੀ ਸਹਿਯੋਗ, ਗਲੋਬਲ ਸਹਿਯੋਗ, ਵਪਾਰ ਸੰਬੰਧੀ ਅਤੇ ਜਨਤਾ ਨਾਲ ਜੁੜੇ ਸਾਰੇ ਮੁੱਦਿਆਂ 'ਤੇ ਗੱਲ ਹੋਈ ਹੈ। ਅਸੀਂ ਆਧੁਨਿਕ ਰੱਖਿਆ ਯੰਤਰਾਂ ਨੂੰ ਹਾਸਲ ਕਰਨ ਦੀ ਦਿਸ਼ਾ 'ਚ ਅੱਗੇ ਵਧੇ ਹਨ। ਰੱਖਿਆ ਉਤਪਾਦਨ ਖੇਤਰ 'ਚ ਆਦਾਨ-ਪ੍ਰਦਾਨ ਵਧਾਉਣ ਅਤੇ ਇਕ ਦੂਜੇ ਦੀ ਰੱਖਿਆ ਸਪਲਾਈ ਲੜੀ 'ਚ ਹਿੱਸੇਦਾਰੀ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਅੰਦਰੂਨੀ ਸੁਰੱਖਿਆ ਦੇ ਮਾਮਲੇ 'ਚ ਨਸ਼ੀਲੇ ਪਦਾਰਥਾਂ ਦੀ ਤਸਕਰੀ, ਉਸ ਨਾਲ ਜੁੜੇ ਅੱਤਵਾਦ ਅਤੇ ਸੰਗਠਿਤ ਅਪਰਾਧ ਨਾਲ ਨਜਿੱਠਣ ਲਈ ਇਕ ਸਾਂਝੀ ਨਵੀਂ ਪ੍ਰਣਾਲੀ ਬਣਾਉਣ ਦਾ ਫੈਸਲਾ ਹੋਇਆ ਹੈ। ਵਪਾਰ ਕਰਾਰ ਬਾਰੇ ਮੋਦੀ ਨੇ ਕਿਹਾ ਕਿ ਦੋਹਾਂ ਦੇਸ਼ਾਂ ਨੇ ਇਕ ਵੱਡੇ ਵਪਾਰ ਕਰਾਰ 'ਤੇ ਗੱਲਬਾਤ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ। ਵਪਾਰਕ ਅਤੇ ਉਦਯੋਗ ਮੰਤਰੀ ਅਮਰੀਕੀ ਹਮਅਹੁਦੇਦਾਰ ਨਾਲ ਇਸ ਮੁੱਦੇ 'ਤੇ ਗੱਲ ਕਰਨਗੇ।

3 ਬਿਲੀਅਨ (ਅਰਬ) ਡਾਲਰ ਦਾ ਰੱਖਿਆ ਸਮਝੌਤਾ ਹੋਇਆ ਹੈ- ਟਰੰਪ
ਉੱਥੇ ਹੀ ਟਰੰਪ ਨੇ ਬੋਲਦੇ ਹੋਏ ਕਿਹਾ,''ਇਹ ਦੌਰਾ ਮੈਂ ਕਦੇ ਨਹੀਂ ਭੁੱਲ ਸਕਦਾ। ਭਾਰਤ ਦੌਰਾ ਮੇਰੇ ਲਈ ਬੇਹੱਦ ਖਾਸ ਹੈ। ਮੈਨੂੰ ਮਹਾਤਮਾ ਗਾਂਧੀ ਦੇ ਆਸ਼ਰਮ 'ਚ ਜਾ ਕੇ ਚੰਗਾ ਲੱਗਾ। ਦੋਹਾਂ ਦੇਸ਼ਾਂ ਵਿਚਾਲੇ ਰਿਸ਼ਤਿਆਂ ਲਈ ਇਹ ਦੌਰਾ ਬੇਹੱਦ ਖਾਸ ਹੈ।'' ਉਨ੍ਹਾਂ ਨੇ ਕਿਹਾ ਕਿ ਰੱਖਿਆ ਖੇਤਰ 'ਚ ਕਈ ਸਮਝੌਤੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਰਾਜਘਾਟ ਜਾਣਾ ਸਨਮਾਨ ਦੀ ਗੱਲ ਹੈ। ਦੋਹਾਂ ਦੇਸ਼ਾਂ ਵਿਚਾਲੇ ਰਿਸ਼ਤੇ ਹੋਰ ਮਜ਼ਬੂਤ ਹੋਣਗੇ। ਰੱਖਿਆ ਖੇਤਰ 'ਚ ਡੀਲ ਨਾਲ ਦੋਸਤੀ ਹੋਰ ਗੂੜ੍ਹੀ ਹੋਈ ਹੈ। ਟਰੰਪ ਨੇ ਕਿਹਾ ਕਿ ਭਾਰਤ ਨਾਲ 3 ਬਿਲੀਅਨ (ਅਰਬ) ਡਾਲਰ ਦਾ ਰੱਖਿਆ ਸਮਝੌਤਾ ਹੋਇਆ ਹੈ। ਇਸ ਸੌਦੇ 'ਚ ਅਮਰੀਕਾ ਤੋਂ 24 ਐੱਮਐੱਚ60 ਰੋਮੀਓ ਹੈਲੀਕਾਪਟਰ ਦੀ 2.6 ਅਰਬ ਅਮਰੀਕੀ ਡਾਲਰ 'ਚ ਖਰੀਦ ਸ਼ਾਮਲ ਹੈ। ਇਕ ਹੋਰ ਡੀਲ 6 ਏ.ਐੱਚ64ਈ ਅਪਾਚੇ ਹੈਲੀਕਾਪਟਰ ਨੂੰ ਲੈ ਕੇ ਹੈ, ਜਿਸ ਦੀ ਕੀਮਤ 80 ਕਰੋੜ ਡਾਲਰ ਹੋਵੇਗੀ। ਟਰੰਪ ਨੇ ਇਸ ਦੀ ਜੁਆਇੰਟ ਪ੍ਰੈੱਸ ਕਾਨਫਰੰਸ 'ਚ ਜਾਣਕਾਰੀ ਦਿੰਦੇ ਹੋਏ ਕਿਹਾ ਕਿ 3 ਅਰਬ ਡਾਲਰ ਤੋਂ ਵਧ ਦੇ ਡਿਫੈਂਸ ਡੀਲ ਨਾਲ ਦੋਹਾਂ ਦੇਸ਼ਾਂ ਦੇ ਰੱਖਿਆ ਸੰਬੰਧ ਹੋਰ ਮਜ਼ਬੂਤ ਹੋਣਗੇ। ਉਨ੍ਹਾਂ ਨੇ ਕਿਹਾ ਕਿ ਅਸੀਂ ਕੱਟੜਪੰਥੀ ਇਸਲਾਮੀ ਅੱਤਵਾਦ ਨਾਲ ਨਜਿੱਠਣ 'ਚ ਸਹਿਯੋਗ ਕਰਨ ਲਈ ਸਹਿਮਤ ਹੋਏ।


DIsha

Content Editor

Related News