ਮਹਿਲਾ ਡਾਕਟਰ ਕਤਲ ਮਾਮਲਾ: ਬੰਗਾਲ ''ਚ ਡਾਕਟਰਾਂ ਦੀ ਹੜਤਾਲ ਜਾਰੀ, OPD ਪ੍ਰਭਾਵਿਤ
Wednesday, Aug 14, 2024 - 12:38 PM (IST)
ਕੋਲਕਾਤਾ- ਪੱਛਮੀ ਬੰਗਾਲ 'ਚ ਮਹਿਲਾ ਡਾਕਟਰ ਨਾਲ ਬਲਾਤਕਾਰ ਅਤੇ ਕਤਲ ਦੀ ਘਟਨਾ ਦੇ ਵਿਰੋਧ 'ਚ ਬੁੱਧਵਾਰ ਨੂੰ ਡਾਕਟਰ ਹੜਤਾਲ 'ਤੇ ਹਨ ਅਤੇ ਇਸ ਦੌਰਾਨ ਲਗਭਗ ਸਾਰੇ ਹਸਪਤਾਲਾਂ 'ਚ ਸਿਹਤ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਰਹੀਆਂ। ਸਾਰੇ ਸਰਕਾਰੀ ਹਸਪਤਾਲਾਂ ਦੇ ਓ.ਪੀ.ਡੀ) ਦੇ ਡਾਕਟਰੀ ਕਾਊਂਟਰਾਂ 'ਤੇ ਮਰੀਜ਼ਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਸਨ। ਇੱਥੇ ਸੀਨੀਅਰ ਡਾਕਟਰਾਂ ਦੇ ਨਾਲ-ਨਾਲ ਜੂਨੀਅਰ ਡਾਕਟਰਾਂ ਨੇ ਅਪਰਾਧ ਖਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀ ਡਾਕਟਰ ਨੇ ਕਿਹਾ ਕਿ ਸਾਡੀ ਕੋਈ ਨਵੀਂ ਮੰਗ ਨਹੀਂ ਹੈ।
ਡਾਕਟਾਂ ਨੇ ਕਿਹਾ ਕਿ ਅਸੀਂ ਦੇਖਿਆ ਹੈ ਕਿ ਲੋਕਾਂ ਦੇ ਇਕ ਸਮੂਹ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਕੁਝ ਲੋਕਾਂ ਨੇ ਹਸਪਤਾਲ ਦੇ ਫਰਸ਼ 'ਤੇ ਜਿੱਥੇ ਇਹ ਘਟਨਾ ਵਾਪਰੀ ਸੀ, 'ਤੇ ਉਸਾਰੀ ਦਾ ਕੰਮ ਸ਼ੁਰੂ ਕਰਕੇ ਸਬੂਤਾਂ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਾਨੂੰ ਆਪਣਾ ਵਿਰੋਧ ਰੋਕਣ ਦਾ ਕੋਈ ਕਾਰਨ ਨਜ਼ਰ ਨਹੀਂ ਆਉਂਦਾ। ਪੱਛਮੀ ਬੰਗਾਲ ਦੇ ਡਾਕਟਰਾਂ ਦੇ ਸਾਂਝੇ ਮੰਚ ਨੇ ਸੂਬੇ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਦੀਆਂ ਓ.ਪੀ.ਡੀ ਵਿਚ ਹੜਤਾਲ ਦਾ ਸੱਦਾ ਦਿੱਤਾ ਸੀ। ਜੂਨੀਅਰ ਅਤੇ ਸੀਨੀਅਰ ਡਾਕਟਰਾਂ, ਸਿਖਿਆਰਥੀਆਂ ਅਤੇ ਹੋਰ ਸਟਾਫ ਨੇ ਆਪਣੀਆਂ ਬਾਹਾਂ 'ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਮਹਿਲਾ ਡਾਕਟਰ ਨੂੰ ਇਨਸਾਫ਼ ਦੀ ਮੰਗ ਕਰਦੇ ਹੋਏ ਨਾਅਰੇਬਾਜ਼ੀ ਕੀਤੀ।
ਇਕ ਡਾਕਟਰ ਨੇ ਕਿਹਾ ਐਮਰਜੈਂਸੀ ਸੇਵਾਵਾਂ ਚਾਲੂ ਹਨ ਪਰ ਜੇਕਰ ਅਸੀਂ ਵਿਰੋਧ ਨਾ ਕੀਤਾ ਤਾਂ ਪੀੜਤ ਨੂੰ ਇਨਸਾਫ਼ ਨਹੀਂ ਮਿਲੇਗਾ। ਕੁਝ ਮਰੀਜ਼ਾਂ ਨੂੰ ਹੋਈ ਅਸੁਵਿਧਾ ਲਈ ਸਾਨੂੰ ਅਫਸੋਸ ਹੈ। ਮਹਿਲਾ ਡਾਕਟਰ ਦੇ ਕਤਲ ਦੀ ਮੈਜਿਸਟ੍ਰੇਟ ਜਾਂਚ ਦੀ ਮੰਗ ਕਰ ਰਹੇ ਪ੍ਰਦਰਸ਼ਨਕਾਰੀ ਜੂਨੀਅਰ ਡਾਕਟਰਾਂ ਨੇ ਮੰਗਲਵਾਰ ਨੂੰ ਕੋਲਕਾਤਾ ਪੁਲਸ ਨੂੰ ਜਾਂਚ ਪੂਰੀ ਕਰਨ ਲਈ 14 ਅਗਸਤ ਤੱਕ ਦਾ ਸਮਾਂ ਦਿੱਤਾ ਸੀ। ਕੋਲਕਾਤਾ ਹਾਈ ਕੋਰਟ ਨੇ ਮੰਗਲਵਾਰ ਨੂੰ ਮਾਮਲੇ ਦੀ ਜਾਂਚ ਕੋਲਕਾਤਾ ਪੁਲਸ ਤੋਂ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ) ਨੂੰ ਸੌਂਪਣ ਦਾ ਹੁਕਮ ਦਿੱਤਾ ਹੈ।