ਬਿਨਾਂ ਛੂਹੇ ਟਰੀਟਮੈਂਟ ਨਹੀਂ ਦੇ ਸਕਦਾ ਡਾਕਟਰ, ਕੁੱਟਮਾਰ ਕਰਨ ਵਾਲੇ ਨੂੰ ਜ਼ਮਾਨਤ ਨਹੀਂ : ਹਾਈ ਕੋਰਟ

03/01/2023 10:06:33 AM

ਕੋਚੀ (ਅਨਸ)- ਕੇਰਲ ਹਾਈ ਕੋਰਟ ਨੇ ਪਤਨੀ ਨੂੰ ਗਲਤ ਇਰਾਦੇ ਨਾਲ ਛੂਹਣ ਦਾ ਦੋਸ਼ ਲਾ ਕੇ ਡਾਕਟਰ ਦੀ ਕੁੱਟਮਾਰ ਕਰਨ ਵਾਲੇ ਮੁਲਜ਼ਮ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ। ਅਦਾਲਤ ਨੇ ਕਿਹਾ ਕਿ ਇਲਾਜ ਦੇ ਸਮੇਂ ਉੱਥੇ ਨਰਸਾਂ ਮੌਜੂਦ ਸਨ। ਮਰੀਜ਼ ਨੂੰ ਛੂਹੇ ਬਿਨਾਂ ਡਾਕਟਰ ਉਸ ਦਾ ਇਲਾਜ ਨਹੀਂ ਕਰ ਸਕਦਾ। ਜੇਕਰ ਮਰੀਜ਼ ਇਲਾਜ ਦੌਰਾਨ ਡਾਕਟਰ ਦੇ ਛੂਹਣ ਤੋਂ ਪ੍ਰੇਸ਼ਾਨ ਹੁੰਦਾ ਹੈ, ਤਾਂ ਡਾਕਟਰ ਨੂੰ ਆਪਣੇ ਪੇਸ਼ੇ ਨੂੰ ਅੱਗੇ ਵਧਾਉਣ ’ਚ ਮੁਸ਼ਕਲ ਹੋਵੇਗੀ। ਮਾਮਲੇ ਦੀ ਸੁਣਵਾਈ ਜਸਟਿਸ ਏ. ਬਦਰੂਦੀਨ ਦੀ ਸਿੰਗਲ ਬੈਂਚ ਨੇ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਮਾਮਲੇ ’ਚ ਅਗਾਊਂ ਜ਼ਮਾਨਤ ਦੇਣ ਨਾਲ ਖਤਰਨਾਕ ਸਥਿਤੀ ਪੈਦਾ ਹੋਵੇਗੀ। ਇਹ ਡਾਕਟਰਾਂ ਦੀ ਸੁਰੱਖਿਆ ਅਤੇ ਹੈਲਥਕੇਅਰ ਲਈ ਖ਼ਤਰਾ ਬਣ ਸਕਦੀ ਹੈ।

ਮਾਮਲਾ 8 ਜਨਵਰੀ 2022 ਦਾ ਹੈ। ਇਕ ਵਿਅਕਤੀ ਆਪਣੀ ਪਤਨੀ ਦਾ ਇਲਾਜ ਕਰਵਾਉਣ ਹਸਪਤਾਲ ਪਹੁੰਚਿਆ ਸੀ। ਇੱਥੇ ਉਸ ਨੇ ਆਪਣੀ ਪਤਨੀ ਦੀ ਜਾਂਚ ਕਰ ਰਹੇ ਪੁਰਸ਼ ਡਾਕਟਰ ਨੂੰ ਥੱਪੜ ਮਾਰਿਆ ਅਤੇ ਉਸ ਦਾ ਕਾਲਰ ਫੜ ਲਿਆ। ਉਸ ਦਾ ਕਹਿਣਾ ਹੈ ਕਿ ਡਾਕਟਰ ਨੇ ਗਲਤ ਇਰਾਦੇ ਨਾਲ ਉਸ ਦੀ ਪਤਨੀ ਨੂੰ ਛੂਹਿਆ। ਉਸ ਨੇ ਇਸ ਮਾਮਲੇ ’ਚ ਡਾਕਟਰ ਖ਼ਿਲਾਫ਼ ਮਾਮਲਾ ਵੀ ਦਰਜ ਕਰਵਾਇਆ ਹੈ। ਦੂਜੇ ਪਾਸੇ ਹਸਪਤਾਲ ਨੇ ਮੁਲਜ਼ਮ ਖ਼ਿਲਾਫ਼ ਡਾਕਟਰ ਦੀ ਕੁੱਟਮਾਰ ਕਰਨ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਵਾਇਆ ਹੈ।


DIsha

Content Editor

Related News